ਕਾਂਗਰਸ ਨੂੰ ‘ਨਫ਼ਰਤ ਦਾ ਭੂਤ’ ਚਿੰਬੜਿਆ: ਮੋਦੀ
ਵਰਧਾ, 20 ਸਤੰਬਰ
Prime Minister Narendra Modi on Congress: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਵਿਚ ‘ਨਫ਼ਰਤ ਦਾ ਭੂਤ’ ਵੜ ਗਿਆ ਹੈ। ਉਨ੍ਹਾਂ ਕਾਂਗਰਸ ਨੂੰ ‘ਸਭ ਤੋਂ ਵੱਧ ਭ੍ਰਿਸ਼ਟ’ ਪਾਰਟੀ ਕਰਾਰ ਦਿੰਦਿਆਂ ਇਹ ਦੋਸ਼ ਵੀ ਲਾਇਆ ਕਿ ਮੁੱਖ ਵਿਰੋਧੀ ਪਾਰਟੀ ਨੂੰ ‘ਟੁਕੜੇ ਟੁਕੜੇ’ ਗੈਂਗ ਜਾਂ ਫੁੱਟ-ਪਾਊ ਅਨਸਰਾਂ ਤੇ ਅਰਬਨ ਨਕਸਲਾਂ ਵੱਲੋਂ ਚਲਾਇਆ ਜਾ ਰਿਹਾ ਹੈ।
ਕਾਂਗਰਸ ਉਤੇ ਜ਼ੋਰਦਾਰ ਹਮਲੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ 138 ਸਾਲ ਪੁਰਾਣੀ ਪਾਰਟੀ ਅੱਜ ਗਣਪਤੀ ਪੂਜਾ ਨੂੰ ਵੀ ਨਫ਼ਰਤ ਕਰਦੀ ਹੈ। ਦੱਸਣਯੋਗ ਹੈ ਕਿ ਮੋਦੀ ਨੇ ਬੀਤੇ ਦਿਨੀਂ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਨਵੀਂ ਦਿੱਲੀ ਸਥਿਤ ਰਿਹਾਇਸ਼ ਉਤੇ ਪੁੱਜ ਕੇ ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਪੂਜਾ-ਪਾਠ ਕੀਤਾ ਸੀ, ਜਿਸ ਦਾ ਕਾਂਗਰਸ ਵੱਲੋਂ ਨੈਤਿਕਤਾ ਦੇ ਹਵਾਲੇ ਨਾਲ ਵਿਰੋਧ ਕੀਤਾ ਗਿਆ ਸੀ। ਮੋਦੀ ਨੇ ਇਹ ਟਿੱਪਣੀ ਇਸੇ ਹਵਾਲੇ ਨਾਲ ਕੀਤੀ ਹੈ।
ਮੋਦੀ ਇਥੇ ‘ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ’ ਦੀ ਲਾਂਚ ਦਾ ਇਕ ਸਾਲ ਪੂਰਾ ਹੋਣ ਮੌਕੇ ਕਰਵਾਏ ਗਏ ਇਸ ਸਮਾਗਮ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਅੱਜ ਦੀ ਕਾਂਗਰਸ ਉਹ ਕਾਂਗਰਸ ਨਹੀਂ ਹੈ, ਜਿਸ ਨਾਲ ਕਦੇ ਮਹਾਤਮਾ ਗਾਂਧੀ ਵਰਗੇ ਲੋਕ ਜੁੜੇ ਹੋਏ ਸਨ।’’
ਉਨ੍ਹਾਂ ਕਿਹਾ, ‘‘ਕਾਂਗਰਸ ਵਿਚ ਨਫ਼ਰਤ ਦਾ ਭੂਤ ਵੜ ਗਿਆ ਹੈ। ਅਜੋਕੀ ਕਾਂਗਰਸ ਵਿਚੋਂ ਦੇਸ਼-ਭਗਤੀ ਦੀ ਆਤਮਾ ਆਖ਼ਰੀ ਸਾਹ ਲੈ ਚੁੱਕੀ ਹੈ।’’ ਉਨ੍ਹਾਂ ਪਾਰਟੀ ਆਗੂ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਕਾਂਗਰਸੀ ਆਗੂਆਂ ਵੱਲੋਂ ਵਿਦੇਸ਼ਾਂ ਵਿਚ ਆਪਣੀਆਂ ਤਕਰੀਰਾਂ ਦੌਰਾਨ ‘ਭਾਰਤ ਵਿਰੋਧੀ ਏਜੰਡਾ’ ਚਲਾਏ ਜਾਣ ਦਾ ਦੋਸ਼ ਵੀ ਲਾਇਆ। ਗ਼ੌਰਤਲਬ ਹੈ ਕਿ ਉਨ੍ਹਾਂ ਦਾ ਇਸ਼ਾਰਾ ਰਾਹੁਲ ਗਾਂਧੀ ਵੱਲੋਂ ਆਪਣੇ ਅਮਰੀਕਾ ਦੌਰੇ ਦੌਰਾਨ ਰਾਖਵੇਂਕਰਨ ਤੇ ਸਿੱਖ ਭਾਈਚਾਰੇ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਵੱਲ ਸੀ। -ਪੀਟੀਆਈ