ਕਾਂਗਰਸ ਨੂੰ ‘ਸ਼ਹਿਰੀ ਨਕਸਲੀਆਂ ਦਾ ਗਰੋਹ’ ਚਲਾ ਰਿਹੈ: ਮੋਦੀ
ਵਾਸ਼ਿਮ, 5 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਕਾਂਗਰਸ ਨੂੰ ‘ਸ਼ਹਿਰੀ ਨਕਸਲੀਆਂ ਦਾ ਗਰੋਹ’ ਚਲਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ‘ਖ਼ਤਰਨਾਕ ਏਜੰਡੇ’ ਨੂੰ ਹਰਾਉਣ ਲਈ ਇਕਜੁੱਟ ਹੋਣ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਆਪਣੀ ਸੌੜੀ ਸਿਆਸਤ ਲਈ ਗ਼ਰੀਬਾਂ ਨੂੰ ਲੁੱਟਿਆ ਤੇ ਉਨ੍ਹਾਂ ਦੀ ਹਾਲਤ ਸੁਧਰਨ ਨਹੀਂ ਦਿੱਤੀ। ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਉਹ (ਕਾਂਗਰਸ) ਸੋਚਦੇ ਹਨ ਕਿ ਜੇ ਅਸੀਂ ਸਾਰੇ ਇਕਜੁੱਟ ਹੋ ਗਏ ਤਾਂ ਉਨ੍ਹਾਂ ਦਾ ਦੇਸ਼ ਨੂੰ ਵੰਡਣ ਦਾ ਏਜੰਡਾ ਫੇਲ੍ਹ ਹੋ ਜਾਵੇਗਾ। ਕਾਂਗਰਸ ਨੂੰ ਸਿਰਫ਼ ਇਹ ਪਤਾ ਹੈ ਕਿ ਗਰੀਬਾਂ ਨੂੰ ਕਿਵੇਂ ਲੁੱਟਣਾ ਤੇ ਆਪਣੇ ਸੌੜੀ ਸਿਆਸਤ ਲਈ ਉਨ੍ਹਾਂ ਨੂੰ ਕਿਵੇਂ ਗਰੀਬ ਰੱਖਣਾ ਹੈ। ਇਸ ਨੂੰ ਸਿਰਫ਼ ਲੋਕਾਂ ’ਚ ਵੰਡੀਆਂ ਪਾਉਣੀਆਂ ਆਉਂਦੀਆਂ ਹਨ। ਸਾਨੂੰ ਖ਼ਬਰਦਾਰ ਤੇ ਇਕਜੁੱਟ ਰਹਿਣਾ ਹੋਵੇਗਾ। ਕਾਂਗਰਸ ਨੂੰ ਸ਼ਹਿਰੀ ਨਕਸਲੀਆਂ ਦਾ ਗਰੋਹ ਚਲਾ ਰਿਹਾ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਹਰ ਕੋਈ ਦੇਖ ਸਕਦਾ ਹੈ ਕਿ ਕਾਂਗਰਸ ਉਨ੍ਹਾਂ ਲੋਕਾਂ ਨਾਲ ਖੜ੍ਹੀ ਹੈ, ਜੋ ਭਾਰਤ ਲਈ ਮਾੜੇ ਇਰਾਦੇ ਰੱਖਦੇ ਹਨ। ਉਨ੍ਹਾਂ ਕਿਹਾ, ‘ਦਿੱਲੀ ਵਿਚ ਪਿੱਛੇ ਜਿਹੇ ਹਜ਼ਾਰਾਂ ਕਰੋੜ ਰੁਪਏ ਦਾ ਨਸ਼ਾ ਫੜਿਆ ਗਿਆ। ਇਸ ਪਿੱਛੇ ਕਿਸੇ ਕਾਂਗਰਸੀ ਆਗੂ ਨੂੰ ਸਰਗਨਾ ਮੰਨਿਆ ਜਾ ਰਿਹਾ ਹੈ। ਕਾਂਗਰਸ ਨੌਜਵਾਨਾਂ ਨੂੰ ਨਸ਼ਿਆਂ ’ਚ ਧੱਕ ਕੇ ਕਮਾਏ ਪੈਸੇ ਨਾਲ ਚੋਣਾਂ ਲੜਨੀਆਂ ਚਾਹੁੰਦੀ ਹੈ।’ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਠਾਣੇ ਵਿਚ ਵੀ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਠਾਣੇ ਵਿਚ 32000 ਕਰੋੜ ਦੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।
23300 ਕਰੋੜ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ
ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿਚ ਖੇਤੀ ਤੇ ਪਸ਼ੂ-ਪਾਲਣ ਸੈਕਟਰ ਨਾਲ ਜੁੜੇ 23,300 ਕਰੋੜ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਪੋਹਾਰਾਦੇਵੀ ਵਿਚ ਬੰਜਾਰਾ ਵਿਰਾਸਤ ਮਿਊਜ਼ੀਅਮ ਦਾ ਕੰਮ ਪੂਰਾ ਹੋਣ ’ਤੇ ਖ਼ੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਰਾਜਾ ਲੱਖੀ ਸ਼ਾਹ ਬੰਜਾਰਾ ਤੇ ਸੰਤ ਸੇਵਾਲਾਲ ਮਹਾਰਾਜ ਸਣੇ ਬੰਜਾਰਾ ਭਾਈਚਾਰੇ ਨਾਲ ਸਬੰਧਤ ਹੋਰਨਾਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ