ਕਾਂਗਰਸ ਹਮੇਸ਼ਾ ਹੀ ਲੋਕ ਵਿਰੋਧੀ ਪਾਰਟੀ ਰਹੀ: ਕੈਲਾਸ਼ ਸੈਣੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਸਤੰਬਰ
ਮੁੱਖ ਮੰਤਰੀ ਨਾਇਬ ਸੈਣੀ ਦੇ ਨੁਮਾਇੰਦੇ ਕੈਲਾਸ਼ ਸੈਣੀ ਨੇ ਕਾਂਗਰਸ ਨੂੰ ਭ੍ਰਿਸ਼ਟਾਚਾਰ ਦੀ ਜਣਨੀ ਦਸੱਦਿਆਂ ਕਿਹਾ ਕਿ ਜੇ ਲੋਕਾਂ ਨੇ ਕਾਂਗਰਸ ਨੂੰ ਮੁੜ ਸੱਤਾ ਵਿਚ ਲਿਆਉਣ ਦੀ ਗਲਤੀ ਕੀਤੀ ਤਾਂ ਉਨ੍ਹਾਂ ਨੂੰ ਮੁੜ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ ਪਵੇਗਾ ਤੇ ਭਾਈ ਭਤੀਜਾਵਾਦ ਤੇ ਖੇਤਰਵਾਦ ਦਾ ਸ਼ਿਕਾਰ ਹੋਣਾ ਪਵੇਗਾ। ਉਨਾਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਲੋਕ ਵਿਰੋਧੀ ਪਾਰਟੀ ਰਹੀ ਹੈ ਤੇ ਇਸ ਨੇ ਕਦੇ ਵੀ ਲੋਕ ਭਲਾਈ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਖੋਹਣਾ ਚਾਹੁੰਦੇ ਹਨ। ਇਸ ਲਈ ਉਹ ਪੋਰਟਲ ਬੰਦ ਕਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਰਜਿਸਟਰੇਸ਼ਨ ਕਰਵਾ ਕੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਣ ਦੇ ਨਾਲ-ਨਾਲ ਲੋਕਾਂ ਦੇ ਬਿਨਾਂ ਭੇਦਭਾਵ ਦੇ ਕੰਮ ਕਰਾਏ ਜਾ ਸਕਦੇ ਹਨ।
ਉਹ ਅੱਜ ਪਿੰਡ ਸੰਘੋਰ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਬਣੀ ਤਾਂ ਉਹ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਨੂੰ ਖਤਮ ਕਰਕੇ ਉਹ ਫਿਰ ਤੋਂ ਸੂਬੇ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਬਣਾਉਣ ਦਾ ਕੰਮ ਕਰਨਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਪੋਰਟਲ ਬੰਦ ਕਰਨ ਵਾਲੇ ਨੂੰ ਘਰ ਬਿਠਾ ਦੇਣ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।
ਵਿਕਰਮਜੀਤ ਸਿੰਘ ਚੀਮਾ ਵੱਲੋਂ ਸ਼ਕਤੀ ਪ੍ਰਦਰਸ਼ਨ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਲਾਡਵਾ ਵਿਧਾਨ ਸਭਾ ਦੀ ਚੋਣ ਲੜਨ ਲਈ ਲਾਈਨ ਵਿਚ ਲੱਗੇ ਵਿਕਰਮਜੀਤ ਸਿੰਘ ਚੀਮਾ ਨੇ ਅੱਜ ਬਾਬੈਨ ਦੀ ਅਨਾਜ ਮੰਡੀ ਵਿਚ ਆਪਣਾ ਵਿਧਾਇਕ ਆਪਣੇ ਅਧਿਕਾਰ ਰੈਲੀ ਕਰਕੇ ਰਾਜਨੀਤੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਚੀਮਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਘੋਸ਼ਣਾ ਕੀਤੀ ਕਿ ਜੇ ਲੋਕਾਂ ਨੇ ਉਨ੍ਹਾਂ ਨੂੰ ਵਿਧਾਇਕ ਬਣਾਇਆ ਤਾਂ ਇਸ ਅਹੁਦੇ ਤੋਂ ਮਿਲਣ ਵਾਲੇ ਸਾਰੇ ਪੈਸੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਤੇ ਕੁਦਰਤੀ ਆਫਤ ਨਾਲ ਪੀੜਤ ਲੋਕਾਂ ਦੀ ਭਲਾਈ ’ਤੇ ਖਰਚ ਕਰਨਗੇ। ਉਨ੍ਹਾਂ ਕਿਹਾ ਕਿ ਲਾਡਵਾ ਦੇ ਵਿਕਾਸ , ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਅੱਜ ਤਕ ਦੇ ਕਿਸੇ ਵੀ ਵਿਧਾਇਕ ਨੇ ਕੋਈ ਕੰਮ ਨਹੀਂ ਕੀਤਾ। ਜੇ ਉਹ ਵਿਧਾਇਕ ਬਣਦੇ ਹਨ ਤਾਂ ਲਾਡਵਾ ਵਿਚ ਬਾਈਪਾਸ ਬਣਾਉਣ, ਬਾਬੈਨ ਵਿੱਚ ਮਹਿਲਾ ਕਾਲਜ, ਲੋੜਵੰਦਾਂ ਲਈ ਮਕਾਨਾਂ ਦੀ ਛੱਤ ਪੁਆਉਣ ਤੇ ਨੌਜਵਾਨਾਂ ਨੂੰ ਜ਼ਿਆਦਾ ਰੁਜ਼ਗਾਰ ਦਿਵਾਉਣ ਦਾ ਕੰਮ ਕਰਨਗੇ।