ਹਰਿਆਣਾ: ਨਾਰਾਜ਼ ਬਿਜਲੀ ਮੰਤਰੀ ਰਣਜੀਤ ਚੌਟਾਲਾ ਦਾ ਭਾਜਪਾ ਨੂੰ ‘ਝਟਕਾ’
ਪ੍ਰਭੂ ਦਿਆਲ/ਪੀਟੀਆਈ
ਸਿਰਸਾ/ਚੰਡੀਗੜ੍ਹ, 5 ਸਤੰਬਰ
Haryana Politics: ਹਰਿਆਣਾ ਦੀ ਹਾਕਮ ਪਾਰਟੀ ਭਾਜਪਾ ਵੱਲੋਂ ਵਿਧਾਨ ਸਭਾ ਚੋਣਾਂ ਲਈ 67 ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਟਿਕਟਾਂ ਤੋਂ ਵਾਂਝੇ ਰਹੇ ਆਗੂਆਂ ਦੀ ਬਗ਼ਾਵਤ ਸਾਹਮਣੇ ਆਉਣ ਲੱਗੀ ਹੈ। ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਹਰਿਆਣਾ ਦੇ ਬਿਜਲੀ ਅਤੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਆਪਣੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਉਹ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।
ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਦੇ ਸੁਆਲ ’ਤੇ ਉਨ੍ਹਾਂ ਨੇ ਕੋਈ ਜੁਆਬ ਨਹੀਂ ਦਿੱਤਾ ਪਰ ਇੰਨਾ ਜ਼ਰੂਰ ਕਿਹਾ ਕਿ ਉਹ ਰਾਣੀਆਂ ਹਲਕੇ ਤੋਂ ਹੀ ਚੋਣ ਲੜਨਗੇ। ਗ਼ੌਰਤਲਬ ਹੈ ਕਿ ਰਣਜੀਤ ਸਿੰਘ ਚੌਟਾਲਾ 2019 ’ਚ ਰਾਣੀਆਂ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਸਨ ਅਤੇ ਬਾਅਦ ਵਿੱਚ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ।
ਇਸੇ ਦੌਰਾਨ ਪਾਰਟੀ ਦੇ ਮੌਜੂਦਾ ਵਿਧਾਇਕ ਲਕਸ਼ਮਣ ਦਾਸ ਨਾਪਾ ਅਤੇ ਸਾਬਕਾ ਮੰਤਰੀ ਤੇ ਓਬੀਸੀ ਮੋਰਚਾ ਮੁਖੀ ਕਰਨ ਦੇਵ ਕੰਬੋਜ ਨੇ ਵੀ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਰਤੀਆ ਰਾਖਵੇਂ ਹਲਕੇ ਤੋਂ ਵਿਧਾਇਕ ਨਾਪਾ ਨੇ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਮੁਲਾਕਾਤ ਕਰ ਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਇਸੇ ਤਰ੍ਹਾਂ ਓਬੀਸੀ ਮੋਰਚਾ ਮੁਖੀ ਕੰਬੋਜ ਨੇ ਅਹੁਦਾ ਛੱਡਦਿਆਂ ਕਿਹਾ ਕਿ ਉਨ੍ਹਾਂ ਕਈ ਸਾਲ ਪਾਰਟੀ ਦੀ ਸੇਵਾ ਕੀਤੀ ਹੈ, ਪਰ ਸ਼ਾਇਦ ‘ਭਾਜਪਾ ਨੂੰ ਵਫ਼ਾਦਾਰਾਂ ਦੀ ਲੋੜ ਨਹੀਂ ਹੈ’।