ਕਾਂਗਰਸ ਨੇ ਰਾਮ ਮੰਦਰ ਦੀ ਉਸਾਰੀ ਵਿੱਚ ਅੜਿੱਕੇ ਪਾਏ: ਮੋਦੀ
ਪੀਲੀਭੀਤ/ਭੋਪਾਲ, 9 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ’ਚ ਕਈ ਅੜਿੱਕੇ ਪਾਉਣ ਅਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸੱਦਾ ਨਕਾਰ ਕੇ ਭਗਵਾਨ ਰਾਮ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ‘ਸ਼ਕਤੀ’ ਦਾ ਅਪਮਾਨ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਗਾਲ੍ਹਾਂ ਤੇ ਧਮਕੀਆਂ ਦੇ ਰਹੀਆਂ ਹਨ। ਉਹ ਅੱਜ ਉੱਤਰ ਪ੍ਰਦੇਸ਼ ਦੇ ਪੀਲੀਭੀਤ ਅਤੇ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ’ਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਪੀਲੀਭੀਤ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਤੁਸ਼ਟੀਕਰਨ ਦੀ ਦਲਦਲ ’ਚ ਧਸੀ ਹੋਈ ਹੈ ਅਤੇ ਤੁਸ਼ਟੀਕਰਨ ਦੇ ਦਬਾਅ ਹੇਠ ਹੀ ਕਾਂਗਰਸ ਤੇ ਸਮਾਜਵਾਦੀ ਪਾਰਟੀ ਸੀਏਏ ਦਾ ਵਿਰੋਧ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘ਸਪਾ ਤੇ ਕਾਂਗਰਸ ਦਾ ਇੰਡੀ ਗੱਠਜੋੜ ਭਾਰਤ ਦੀ ਵਿਰਾਸਤ ਦੀ ਵੀ ਪ੍ਰਵਾਹ ਨਹੀਂ ਕਰਦਾ।’ ਉਨ੍ਹਾਂ ਕਿਹਾ, ‘ਰਾਮ ਮੰਦਰ ਦਾ ਨਿਰਮਾਣ ਨਾ ਹੋਵੇ, ਇਸ ਲਈ ਕਾਂਗਰਸ ਨੇ ਕਈ ਕੋਸ਼ਿਸ਼ਾਂ ਕੀਤੀ ਪਰ ਜਦੋਂ ਦੇਸ਼ ਦੇ ਲੋਕਾਂ ਨੇ ਇੱਕ-ਇੱਕ ਪੈਸਾ ਖਰਚ ਕੇ ਇੰਨਾ ਖੂਬਸੂਰਤ ਮੰਦਰ ਬਣਾਇਆ ਅਤੇ ਜਦੋਂ ਮੰਦਰ ਦੇ ਲੋਕਾਂ ਨੇ ਤੁਹਾਡੇ (ਕਾਂਗਰਸ) ਸਾਰੇ ਪਾਪ ਮੁਆਫ਼ ਕਰ ਦਿੱਤੇ ਤੇ ਤੁਹਾਨੂੰ ਪ੍ਰਾਣ ਪ੍ਰਤਿਸ਼ਠਾ ਲਈ ਸੱਦਾ ਦਿੱਤਾ ਤਾਂ ਤੁਸੀਂ ਸੱਦਾ ਪ੍ਰਵਾਨ ਨਾ ਕਰਕੇ ਭਗਵਾਨ ਰਾਮ ਦਾ ਅਪਮਾਨ ਕੀਤਾ ਤੇ ਇਸ ਸਮਾਗਮ ’ਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਛੇ ਸਾਲ ਲਈ ਪਾਰਟੀ ’ਚੋਂ ਕੱਢ ਦਿੱਤਾ।’ ਕਾਂਗਰਸ ਦੇ ਚੋਣ ਮੈਨੀਫੈਸਟੋ ਬਾਰੇ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਥਾਂ ਮੁਸਲਿਮ ਲੀਗ ਦਾ ਲਗਦਾ ਹੈ। ਉਨ੍ਹਾਂ ਕਿਹਾ ਕਿ ਤੁਸ਼ਟੀਕਰਨ ਦੇ ਦਬਾਅ ਹੇਠ ਕਾਂਗਰਸ ਤੇ ਸਪਾ ਸੀਏਏ ਦਾ ਵਿਰੋਧ ਕਰ ਰਹੀਆਂ ਹਨ। -ਪੀਟੀਆਈ
‘ਭ੍ਰਿਸ਼ਟਾਚਾਰੀਆਂ ਨੂੰ ਬਚਾਅ ਰਿਹੈ ‘ਇੰਡੀਆ’ ਗੱਠਜੋੜ’
ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ’ਚ ਰੈਲੀ ਪ੍ਰਧਾਨ ਮੰਤਰੀ ਨੇ ਇੰਡੀਆ ਗੱਠਜੋੜ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਸ ਦੀਆਂ ਪਾਰਟੀਆਂ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਕੰਮ ਕਰ ਰਹੀਆਂ ਹਨ ਅਤੇ ਦੇਸ਼ ਦੇ ਵਿਕਾਸ ਨੂੰ ਰੋਕਣ ਲਈ ਉਨ੍ਹਾਂ ਗਾਲ੍ਹਾਂ ਕੱਢੀਆਂ ਜਾ ਰਹੀਆਂ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਇੱਕ ਨਵੇਂ ਭਾਰਤ ਦੇ ਨਿਰਮਾਣ ਦਾ ਮਿਸ਼ਨ ਹੈ। ਉਨ੍ਹਾਂ ਹਾਕਮ ਐੱਨਡੀਏ ਦੇ ਤੀਜੇ ਕਾਰਜਕਾਲ ’ਚ ਵੱਡੇ ਤੇ ਇਤਿਹਾਸਕ ਫ਼ੈਸਲੇ ਲੈਣ ਲਈ ਲੋਕਾਂ ਦਾ ਆਸ਼ੀਰਵਾਦ ਮੰਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਜੁਟੀ ਭੀੜ ਤੋਂ ਪਤਾ ਲੱਗਦਾ ਹੈ ਕਿ 4 ਜੂਨ ਨੂੰ ਚੋਣ ਨਤੀਜੇ ਕੀ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਗੱਠਜੋੜ ਇੰਡੀਆ ਦੇ ਨੇਤਾ ਦੇਸ਼ ਦਾ ਵਿਕਾਸ ਰੋਕਣ ਲਈ ਉਨ੍ਹਾਂ ਨੂੰ ਗਾਲ੍ਹਾਂ ਤੇ ਧਮਕੀਆਂ ਦੇ ਰਹੇ ਹਨ।
ਪ੍ਰਧਾਨ ਮੰਤਰੀ ਵੱਲੋਂ ਚੇਨੱਈ ਵਿੱਚ ਰੋਡ ਸ਼ੋਅ
ਚੇਨੱਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲ ਨਾਡੂ ’ਚ 19 ਅਪਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਚੇਨੱਈ ਦੇ ਟੀ ਨਗਰ ਇਲਾਕੇ ’ਚ ਇੱਕ ਰੋਡ ਸ਼ੋਅ ਕੀਤਾ। ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਕੇ ਅੰਨਾਮਲਾਈ ਅਤੇ ਦੱਖਣੀ ਚੇਨੱਈ, ਮੱਧ ਚੇਨੱਈ ਅਤੇ ਉੱਤਰੀ ਚੇਨੱਈ ਤੋਂ ਭਾਜਪਾ ਉਮੀਦਵਾਰ ਵੀ ਪ੍ਰਧਾਨ ਮੰਤਰੀ ਦੇ ਨਾਲ ਰਹੇ। ਇਸ ਮਗਰੋਂ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਭਾਜਪਾ ਵਰਕਰ ਹਾਜ਼ਰ ਸਨ ਜਿਨ੍ਹਾਂ ਵੱਲ ਹੱਥ ਹਿਲਾ ਕੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਪਿਆਰ ਕਬੂਲਿਆ। ਪਾਰਟੀ ਵਰਕਰਾਂ ਨੇ ਪ੍ਰਧਾਨ ਮੰਤਰੀ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਦੇ ਸਵਾਗਤ ’ਚ ਨਾਅਰੇ ਮਾਰੇ। -ਪੀਟੀਆਈ