ਕਾਂਗਰਸ ਨੇ ਜਲ ਸੋਮਿਆਂ ਦੇ ਵਿਕਾਸ ਵਿੱਚ ਅੰਬੇਡਕਰ ਦਾ ਯੋਗਦਾਨ ਵਿਸਾਰਿਆ: ਮੋਦੀ
* ਪ੍ਰਧਾਨ ਮੰਤਰੀ ਨੇ ਕੇਨ-ਬੇਤਵਾ ਨਦੀ ਜੋੜਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
* ਅੰਬੇਡਕਰ ਦੀ ਦੂਰਦ੍ਰਿਸ਼ਟੀ ਅਤੇ ਦੂਰਅੰਦੇਸ਼ੀ ਸੋਚ ਦੀ ਸ਼ਲਾਘਾ ਕੀਤੀ
ਖਜੁਰਾਹੋ (ਮੱਧ ਪ੍ਰਦੇਸ਼), 25 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਵਿਚ ਕੇਨ-ਬੇਤਵਾ ਨਦੀ ਨੂੰ ਜੋੜਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਸ੍ਰੀ ਮੋਦੀ ਨੇ ਕਾਂਗਰਸ ਉੱਤੇ ਦੇਸ਼ ਵਿਚ ਜਲ ਸੋਮਿਆਂ ਦੇ ਵਿਕਾਸ ਵਿਚ ਡਾ. ਬੀਆਰ ਅੰਬੇਡਕਰ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਖਜੁਰਾਹੋ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 21ਵੀਂ ਸਦੀ ਵਿਚ ਸਿਰਫ਼ ਉਹੀ ਮੁਲਕ ਅੱਗੇ ਵਧਣਗੇ, ਜਿਨ੍ਹਾਂ ਕੋਲ ਚੋਖੇ ਤੇ ਚੰਗੇ ਪ੍ਰਬੰਧ ਵਾਲੇ ਜਲ ਸਰੋਤ ਹੋਣਗੇ। ਪ੍ਰਧਾਨ ਮੰਤਰੀ ਨੇ ਅੰਬੇਡਕਰ ਦੇ ਹਵਾਲੇ ਨਾਲ ਕਾਂਗਰਸ ਨੂੰ ਅਜਿਹੇ ਮੌਕੇ ਘੇਰਿਆ ਹੈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਅੰਬੇਡਕਰ ਬਾਰੇ ਟਿੱਪਣੀਆਂ ਨੂੰ ਲੈ ਕੇ ਕਾਂਗਰਸ ਵੱਲੋਂ ਪੂਰੇ ਦੇਸ਼ ਵਿਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਸ੍ਰੀ ਮੋਦੀ ਨੇ ਕਿਹਾ ਕਿ ਅੰਬੇਡਕਰ ਦੀ ਦੂਰਦ੍ਰਿਸ਼ਟੀ ਤੇ ਦੂਰਅੰਦੇਸ਼ੀ ਸੋਚ ਦਾ ਦੇਸ਼ ਦੇ ਜਲ ਸੋਮਿਆਂ, ਉਨ੍ਹਾਂ ਦੇ ਪ੍ਰਬੰਧਨ ਤੇ ਡੈਮ ਉਸਾਰੀ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਮੁੱਖ ਨਦੀ ਘਾਟੀ ਪ੍ਰਾਜੈਕਟਾਂ ਦੇ ਵਿਕਾਸ ਤੇ ਕੇਂਦਰੀ ਜਲ ਕਮਿਸ਼ਨ ਦੀ ਸਥਾਪਤੀ ਵਿਚ ਅੰਬੇਡਕਰ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਨਾ ਤਾਂ ਦੇਸ਼ ਦੀ ਪਾਣੀ ਦੀ ਸੰਭਾਲ ਸਬੰਧੀ ਲੋੜ ਵੱਲ ਕੋਈ ਧਿਆਨ ਦਿੱਤਾ ਤੇ ਨਾ ਹੀ ਅੰਬੇਡਕਰ ਵੱਲੋਂ ਇਸ ਪਾਸੇ ਕੀਤੀਆਂ ਕੋਸ਼ਿਸ਼ਾਂ ਨੂੰ ਕਦੇ ਮਾਨਤਾ ਦਿੱਤੀ। ਉਨ੍ਹਾਂ ਕਿਹਾ, ‘‘21ਵੀਂ ਸਦੀ ਦੀ ਪ੍ਰਮੁੱਖ ਚੁਣੌਤੀ ਪਾਣੀ ਦੀ ਸੁਰੱਖਿਆ ਹੈ। 21ਵੀਂ ਸਦੀ ਵਿਚ ਸਿਰਫ ਉਹੀ ਮੁਲਕ ਅੱਗੇ ਵਧਣਗੇ, ਜਿਨ੍ਹਾਂ ਕੋਲ ਚੋਖੇ ਜਲ ਸੋਮੇ ਤੇ ਇਨ੍ਹਾਂ ਦਾ ਢੁੱਕਵਾਂ ਪ੍ਰਬੰਧਨ ਹੋਵੇਗਾ।’’ ਪ੍ਰਧਾਨ ਮੰਤਰੀ ਨੇ ਇਸ ਮੌਕੇ ਸੂਬੇ ਦੇ ਖੰਡਵਾ ਜ਼ਿਲ੍ਹੇ ਵਿਚ ਓਮਕਾਰੇਸ਼ਵਰ ਫਲੋਟਿੰਗ ਸੋਲਰ ਪ੍ਰਾਜੈਕਟ ਦਾ ਵਰਚੁਅਲ ਉਦਘਾਟਨ ਕੀਤਾ ਤੇ ਨਦੀਆਂ ਨੂੰ ਜੋੜਨ ਦੇ ਪ੍ਰਾਜੈਕਟ ਦੀ ਕੜੀ ਵਿਚ ਦਾਓਧਨ ਸਿੰਜਾਈ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਸ੍ਰੀ ਮੋਦੀ ਨੇ ਕਿਹਾ ਕਿ ਕੇੇਨ-ਬੇਤਵਾ ਨਦੀ ਨੂੰ ਜੋੜਨ ਨਾਲ ਬੁੰਦੇਲਖੰਡ ਖਿੱਤੇ ਵਿਚ ਖ਼ੁਸ਼ਹਾਲੀ ਦੇ ਨਵੇਂ ਦਰ ਖੁੱਲ੍ਹਣਗੇ। ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਯਾਦ ਵਿਚ ਇਕ ਸਟੈਂਪ ਤੇ ਸਿੱਕਾ ਵੀ ਜਾਰੀ ਕੀਤਾ। -ਪੀਟੀਆਈ