ਕਾਂਗਰਸ ਨੇ ਬਿੱਟੂ ਤੇ ਹੋਰਾਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਕੀਤੀ
ਨਵੀਂ ਦਿੱਲੀ, 18 ਸਤੰਬਰ
ਕਾਂਗਰਸ ਨੇ ਸੱਤਾਧਾਰੀ ਐਨਡੀਏ ਆਗੂਆਂ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕਾਂਗਰਸ ਨੇ ਦੋਸ਼ ਲਗਾਇਆ ਕਿ ਇਨ੍ਹਾਂ ਭਾਜਪਾ ਆਗੂਆਂ ਦਾ ਉਦੇਸ਼ ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਨੂੰ ਖਤਰੇ ਵਿੱਚ ਪਾਉਣਾ ਅਤੇ ਸ਼ਾਂਤੀ ਭੰਗ ਕਰਨਾ ਸੀ। ਏਆਈਸੀਸੀ ਦੇ ਖਜ਼ਾਨਚੀ ਅਤੇ ਜਨਰਲ ਸਕੱਤਰ ਅਜੈ ਮਾਕਨ ਵੱਲੋਂ ਤੁਗਲਕ ਰੋਡ ਥਾਣੇ ਦੇ ਐਸਐਚਓ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਵਿੱਚ ਕਾਂਗਰਸ ਨੇ ਭਾਜਪਾ ਆਗੂਆਂ ਤਰਵਿੰਦਰ ਸਿੰਘ ਮਰਵਾਹ, ਰਵਨੀਤ ਸਿੰਘ ਬਿੱਟੂ ਅਤੇ ਰਘੂਰਾਜ ਸਿੰਘ ਦੇ ਨਾਲ-ਨਾਲ ਸ਼ਿਵ ਸੈਨਾ ਵਿਧਾਇਕ ਸੰਜੈ ਗਾਇਕਵਾੜ ਦੀਆਂ ਹਾਲ ਹੀ ਵਿਚ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੱਤਾ ਹੈ। ਸ੍ਰੀ ਮਾਕਨ ਨੇ ਇਨ੍ਹਾਂ ਭਾਜਪਾ ਆਗੂਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਕਨ ਨੇ ਕਿਹਾ, ‘ਅਸੀਂ ਸਾਰੇ ਜਾਣਦੇ ਹਾਂ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਸ ਤੋਂ ਬਾਅਦ ਵੀ ਉਹ (ਭਾਜਪਾ ਆਗੂ) ਅਜਿਹੀਆਂ ਧਮਕੀਆਂ ਦੇ ਰਹੇ ਹਨ। ਭਾਰਤ ਵਿੱਚ ਰਾਜਨੀਤੀ ਇਸ ਤੋਂ ਹੇਠਲੇ ਪੱਧਰ ਤੱਕ ਨਹੀਂ ਜਾ ਸਕਦੀ। ਸਿਰਫ਼ ਇੱਕ ਭਾਜਪਾ ਆਗੂ ਹੀ ਨਹੀਂ ਸਗੋਂ ਕਈ ਆਗੂਆਂ ਨੇ ਅਜਿਹੀਆਂ ਗੱਲਾਂ ਕਹੀਆਂ ਹਨ ਪਰ ਭਾਜਪਾ ਨੇ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਰਾਹੁਲ ਗਾਂਧੀ ਐਸਸੀ, ਐਸਟੀ, ਓਬੀਸੀ, ਆਦਿਵਾਸੀ ਅਤੇ ਘੱਟ ਗਿਣਤੀ ਲੋਕਾਂ ਬਾਰੇ ਗੱਲ ਕਰਦੇ ਹਨ। ਇਸ ਲਈ ਭਾਜਪਾ ਵਾਲਿਆਂ ਨੂੰ ਉਨ੍ਹਾਂ ਦੀਆਂ ਗੱਲਾਂ ਪਸੰਦ ਨਹੀਂ ਹਨ। ਇਹੀ ਕਾਰਨ ਹੈ ਕਿ ਉਹ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ।’ -ਪੀਟੀਆਈ