ਕਾਂਗਰਸ ਨੇ ਮਹਾਰਾਸ਼ਟਰ ’ਚ ਚੋਣ ਪ੍ਰਕਿਰਿਆ ’ਤੇ ਚਿੰਤਾ ਜਤਾਈ
ਨਵੀਂ ਦਿੱਲੀ, 3 ਦਸੰਬਰ
ਕਾਂਗਰਸ ਨੇ ਮਹਾਰਾਸ਼ਟਰ ਅਸੈਂਬਲੀ ਚੋਣਾਂ ਨਾਲ ਜੁੜੇ ‘ਗੰਭੀਰ ਮੁੱਦੇ’ ਅੱਜ ਚੋਣ ਕਮਿਸ਼ਨ ਸਾਹਮਣੇ ਉਠਾਏ ਅਤੇ ਕਮਿਸ਼ਨ ਤੋਂ ਪਾਰਦਰਸ਼ਤਾ ਯਕੀਨੀ ਬਣਾਉਣ ਤੇ ਬੇਭਰੋਸਗੀ ਦੂਰ ਕਰਨ ਲਈ ਤਫ਼ਸੀਲ ’ਚ ਅੰਕੜੇ ਜਾਰੀ ਕਰਨ ਦੀ ਮੰਗ ਕੀਤੀ।
ਕਾਂਗਰਸ ਦੇ ਵਫ਼ਦ ਨੇ ਅੱਜ ਇੱਥੇ ਚੋਣ ਅਧਿਕਾਰੀਆਂ ਨੂੰ ਮੁਲਾਕਾਤ ਕੀਤੀ ਅਤੇ ਮਹਾਰਾਸ਼ਟਰ ਅਸੈਂਬਲੀ ਚੋਣਾਂ ਦੌਰਾਨ ਚੋਣ ਪ੍ਰਕਿਰਿਆ ’ਚ ਕਥਿਤ ਖਾਮੀਆਂ ਜਿਸ ਵਿੱਚ ਵੋਟਰ ਸੂਚੀ ਵਿਚੋਂ ਵੱਡੀ ਗਿਣਤੀ ਵੋਟਾਂ ਕੱਟਣ ਤੇ ਨਵੀਆਂ ਸ਼ਾਮਲ ਕਰਨ, ਪੋਲਿੰਗ ਫ਼ੀਸਦ ’ਚ ਅੰਤਰ ਆਦਿ ਮੁੱਦੇ ਸ਼ਾਮਲ ਹਨ, ’ਤੇ ਚਿੰਤਾ ਜਤਾਈ। ਕਾਂਗਰਸ ਦੇ ਵਫ਼ਦ ’ਚ ਸ਼ਾਮਲ ਰਾਜ ਸਭਾ ਮੈਂਬਰ ਅਭਿਸ਼ੇਕ ਸਿੰਘਵੀ, ਮੁਕੁਲ ਵਾਸਨਿਕ, ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ, ਗੁਰਦੀਪ ਸਿੰਘ ਸੱਪਲ ਅਤੇ ਪਰਵੀਨ ਚਕਰਵਰਤੀ ਨੇ ਚੋਣ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਚੋਣਾਂ ਬਾਰੇ ਪਾਰਟੀ ਦੇ ਫਿਕਰਾਂ ਤੋਂ ਜਾਣੂ ਕਰਵਾਇਆ। ਚੋਣ ਅਧਿਕਾਰੀਆਂ ਨਾਲ ਮੁਲਾਕਾਤ ਮਗਰੋਂ ਸਿੰਘਵੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਉਸਾਰੂ, ਸੁਹਿਰਦ ਤੇ ਸਕਾਰਾਤਮਕ ਮਾਹੌਲ ’ਚ ਚਰਚਾ ਕੀਤੀ। ਮੈਂ ਕਮਿਸ਼ਨ ਨੂੰ ਦੱਸਿਆ ਕਿ ਅਸੀਂ ਜਮਹੂਰੀਅਤ ਦੇ ਉਦੇਸ਼ ਨੂੰ ਅੱਗੇ ਵਧਾ ਰਹੇ ਹਾਂ ਕਿਉਂਕਿ ਚੋਣਾਂ ’ਚ ਅਸਾਵਾਂ ਤੇ ਨਾਬਰਾਬਰੀ ਵਾਲਾ ਮੌਕਾ ਸਿੱਧੇ ਤੌਰ ’ਤੇ ਭਾਰਤੀ ਸੰਵਿਧਾਨ ਦੇ ਮੁੱਢਲੇ ਢਾਂਚੇ ’ਤੇ ਅਸਰ ਪਾਉਂਦਾ ਹੈ।’’ ਉਨ੍ਹਾਂ ਆਖਿਆ ਕਿ ਵਫ਼ਦ ਨੇ ਚੋਣ ਅਧਿਕਾਰੀਆਂ ਕੋਲ ਤਿੰਨ ਚਾਰ ਮੁੱਖ ਮੁੱਦੇ ਉਠਾਏ, ਜਿਨ੍ਹਾਂ ਵਿੱਚ ਲੋਕ ਸਭਾ ਚੋਣਾਂ ਤੇ ਅਸੈਂਬਲੀ ਚੋਣਾਂ ਵਿਚਾਲੇ ਪੰਜ ਮਹੀਨਿਆਂ ਦੇ ਵਕਫ਼ੇ ਦੌਰਾਨ ਵੋਟਰਾਂ ਸੂਚੀਆਂ ਵਿੱਚੋਂ ਵੱਡੀ ਗਿਣਤੀ ’ਚ ਨਾਮ ਕੱਟੇ ਜਾਣਾ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਅਸੀਂ ਘਰ-ਘਰ ਸਰਵੇਖਣ ’ਤੇ ਸਵਾਲ ਉਠਾਏ ਹਨ, ਜਿਹੜਾ ਵੋਟਾਂ ਕੱਟੇ ਜਾਣ ਤੋਂ ਪਹਿਲਾਂ ਜ਼ਰੂਰੀ ਹੈ। ਅਸੀਂ ਇਸ ਸਬੰਧੀ ਕੱਚੇ ਅੰਕੜੇ ਮੰਗੇ ਹਨ। ਅੰਕੜਿਆਂ ਤੋਂ ਸਾਨੂੰ ਪਤਾ ਲੱਗੇਗਾ ਇਹ ਗਿਣਤੀ ਕਿੰਨੀ ਵੱਡੀ ਹੈ।’’ ਸਿੰਘਵੀ ਨੇ ਕਿਹਾ ਕਿ ਵਫ਼ਦ ਨੇ ਇਹ ਗੱਲ ਵੀ ਚੋਣ ਕਮਿਸ਼ਨ ਦੇ ਧਿਆਨ ’ਚ ਲਿਆਂਦੀ ਕਿ ਲੋਕ ਸਭਾ ਤੇ ਅਸੈਂਬਲੀ ਚੋਣਾਂ ਵਿਚਾਲੇ ਥੋੜ੍ਹੇ ਸਮੇਂ ਦੇ ਵਕਫ਼ੇ ਦੌਰਾਨ ਹੀ ਕਿਸ ਤਰ੍ਹਾਂ 47 ਲੱਖ ਨਾਮ ਸ਼ਾਮਲ ਕੀਤੇ ਗਏ। ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਨੇ ਇਹ ਅੰਕੜਾ 39 ਲੱਖ ਦੱਸਿਆ ਹੈ। ਇਹ ਕੋਈ ਛੋਟੀ ਗਿਣਤੀ ਨਹੀਂ ਹੈ।’’ -ਪੀਟੀਆਈ
ਵੋਟਿੰਗ ਫ਼ੀਸਦ ’ਚ ਫਰਕ ਦਾ ਮੁੱਦਾ ਉਠਾਇਆ
ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਵਫ਼ਦ ਨੇ ਵੋਟਿੰਗ ’ਚ ਫੀਸਦ ’ਚ ਸੱਤ ਪ੍ਰਤੀਸ਼ਤ ਫਰਕ ਦਾ ਮੁੱਦਾ ਵੀ ਚੋਣ ਕਮਿਸ਼ਨ ਕੋਲ ਉਠਾਇਆ। ਉਨ੍ਹਾਂ ਮੁਤਾਬਕ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 20 ਨਵੰਬਰ ਨੂੰ ਸ਼ਾਮ 5 ਵਜੇ ਤੱਕ 58 ਫ਼ੀਸਦ ਮਤਦਾਨ ਹੋਇਆ ਜੋ ਕਿ ਰਾਤ 11.30 ਵਜੇ 65.02 ਫ਼ੀਸਦ ਦੱਸਿਆ ਗਿਆ। ਉਨ੍ਹਾਂ ਕਿਹਾ, ‘‘ਦੋ ਦਿਨ ਬਾਅਦ ਇਹ ਅੰਕੜਾ 66.05 ਫ਼ੀਸਦ ਸੀ, ਜਿਸ ਦਾ ਫਰਕ ਸੱਤ ਫ਼ੀਸਦ ਬਣਦਾ ਹੈ। ਅਸੀਂ ਇਸ ਬਾਰੇ ਕੰਮ ਕੀਤਾ ਹੈ ਅਤੇ ਇਹ ਲਗਪਗ 76 ਲੱਖ ਵੋਟਰ ਬਣਦੇ ਹਨ। ਇੰਨਾ ਵੱਡਾ ਫਰਕ ਕਿਵੇਂ ਹੋ ਸਕਦਾ ਹੈ।’’