ਨੋਇਡਾ: ਪੁਲੀਸ ਵੱਲੋਂ 160 ਤੋਂ ਵੱਧ ਪ੍ਰਦਰਸ਼ਨਕਾਰੀ ਕਿਸਾਨ ਗ੍ਰਿਫ਼ਤਾਰ
* ਗ੍ਰਿਫ਼ਤਾਰ ਆਗੂਆਂ ’ਚ ਭਾਰਤੀ ਕਿਸਾਨ ਪਰਿਸ਼ਦ ਦੇ ਪ੍ਰਧਾਨ ਸੁਖਬੀਰ ਖਲੀਫਾ ਵੀ ਸ਼ਾਮਲ
ਨੋਇਡਾ, 3 ਦਸੰਬਰ
ਪੁਲੀਸ ਨੇ ਅੱਜ ਜ਼ਮੀਨ ਦੇ ਮੁਆਵਜ਼ੇ ਅਤੇ ਹੋਰ ਮੰਗਾਂ ਨੂੰ ਲੈ ਕੇ ਇੱਥੇ ‘ਦਲਿਤ ਪ੍ਰੇਰਨਾ ਸਥਲ’ ’ਤੇ ਧਰਨਾ ਦੇ ਰਹੇ ਭਾਰਤੀ ਕਿਸਾਨ ਪਰਿਸ਼ਦ ਦੇ ਪ੍ਰਧਾਨ ਸੁਖਬੀਰ ਖਲੀਫ਼ਾ ਸਮੇਤ 160 ਤੋਂ ਵੱਧ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬੀਤੇ ਦਿਨ ਉਨ੍ਹਾਂ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲੀਸ ਵੱਲੋਂ ਰੋਕੇ ਜਾਣ ਤੋਂ ਬਾਅਦ ਉਹ ਇੱਥੇ ਹੀ ਧਰਨੇ ’ਤੇ ਬੈਠ ਗਏ ਸਨ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਸੱਤ ਦਿਨਾਂ ਦੇ ਅੰਦਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਜਾਣ ’ਤੇ ਕੌਮੀ ਰਾਜਧਾਨੀ ਵੱਲ ਆਪਣਾ ਮਾਰਚ ਮੁੜ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਸੀ।
ਵਧੀਕ ਪੁਲੀਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਸ਼ਿਵ ਹਰੀ ਮੀਣਾ ਨੇ ਕਿਹਾ ਕਿ ਉਨ੍ਹਾਂ ਨੇ ਦੁਪਹਿਰ ਕਰੀਬ 1.30 ਵਜੇ ਬੀਐੱਨਐੱਸਐੱਸ ਦੀ ਧਾਰਾ 170 ਤਹਿਤ 160 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਵਿੱਚ ਖਲੀਫਾ ਅਤੇ ਭਾਰਤੀ ਕਿਸਾਨ ਯੂਨੀਅਨ (ਪੱਛਮੀ ਉੱਤਰ ਪ੍ਰਦੇਸ਼) ਦੇ ਸੂਬਾ ਪ੍ਰਧਾਨ ਪਵਨ ਖਟਾਨਾ ਵਰਗੇ ਆਗੂਆਂ ਸਮੇਤ ਕਈ ਔਰਤਾਂ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਨੋਇਡਾ ਦੀ ਲਕਸਰ ਜੇਲ੍ਹ ਲਿਜਾਇਆ ਗਿਆ ਹੈ। ਖਲੀਫਾ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਜਾਰੀ ਰੱਖਣਗੇ। ਕਿਸਾਨਾਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਨਰੇਸ਼ ਟਿਕੈਤ ਦੀ ਅਗਵਾਈ ਹੇਠਲੀ ਭਾਰਤੀ ਕਿਸਾਨ ਯੂਨੀਅਨ ਨੇ ਮੁਜ਼ੱਫਰਨਗਰ ਵਿੱਚ ਪੰਚਾਇਤ ਸੱਦੀ ਹੈ।
ਜ਼ਿਕਰਯੋਗ ਹੈ ਕਿ ਐਕੁਆਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਦੀ ਮੰਗ ਲਈ ਵੱਡੀ ਗਿਣਤੀ ਕਿਸਾਨ ਸੋਮਵਾਰ ਨੂੰ ਮਹਾਮਾਇਆ ਫਲਾਈਓਵਰ ਨੇੜੇ ਇਕੱਠੇ ਹੋਏ ਸਨ। ਜਦੋਂ ਉਹ ਦਿੱਲੀ ਰਵਾਨਾ ਹੋਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ‘ਦਲਿਤ ਪ੍ਰੇਰਨਾ ਸਥਲ’ ਨੇੜੇ ਰੋਕ ਲਿਆ, ਜਿਸ ਮਗਰੋਂ ਕਿਸਾਨ ਇੱਥੇ ਹੀ ਧਰਨੇ ’ਤੇ ਬੈਠ ਗਏ ਸਨ। -ਪੀਟੀਆਈ