ਕਾਂਗਰਸ ਵੱਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀਆਂ ਰਾਹੁਲ ਖ਼ਿਲਾਫ਼ ਟਿੱਪਣੀਆਂ ਦੀ ਨਿਖੇਧੀ
ਨਵੀਂ ਦਿੱਲੀ, 16 ਸਤੰਬਰ
ਕਾਂਗਰਸ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ’ਤੇ ਅੱਜ ਤੰਜ਼ ਕੱਸਦਿਆਂ ਕਿਹਾ ਕਿ ਉਹ ਸੰਭਵ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੀਸ਼ਾ ਦਿਖਾ ਰਹੇ ਸਨ ਜਿਨ੍ਹਾਂ ਨੇ ਵਿਦੇਸ਼ ਵਿਚ ਭਾਰਤ ਨੂੰ ਬਦਨਾਮ ਕਰਨ ਵਾਲੀਆਂ ਕਈ ਟਿੱਪਣੀਆਂ ਕੀਤੀਆਂ ਸਨ। ਕਾਂਗਰਸ ਆਗੂ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਉਪ ਰਾਸ਼ਟਰਪਤੀ ਦਾ ਅਹੁਦਾ ਕਿਸੀ ਸਿਆਸੀ ਦਲ ਦਾ ਨਹੀਂ ਹੁੰਦਾ, ਇਸ ਕਰ ਕੇ ਇਸ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਕਿਸੀ ਪਾਰਟੀ ਦੇ ਹੱਕ ਵਿਚ ਨਹੀਂ ਭੁਗਤਣਾ ਚਾਹੀਦਾ। ਇਸ ਤੋਂ ਪਹਿਲਾਂ ਧਨਖੜ ਨੇ ਅਮਰੀਕਾ ’ਚ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਟਿੱਪਣੀ ’ਤੇ ਕਿਹਾ ਸੀ ਕਿ ਅਜਿਹੇ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਵਿਦੇਸ਼ ’ਚ ਭਾਰਤ ਦੇ ਸੰਵਿਧਾਨ ਤੇ ਰਾਖਵੇਂਕਰਨ ਖ਼ਿਲਾਫ਼ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਤੇ ਅਜਿਹੀਆਂ ਟਿੱਪਣੀਆਂ ਸੰਵਿਧਾਨ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ। ਇਸ ਤੋਂ ਬਾਅਦ ਕਾਂਗਰਸ ਦੇ ਬੁਲਾਰੇ ਸੁਪ੍ਰਿਆ ਸ੍ਰੀਨਾਤੇ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਤੁਸੀਂ ਗਲਤ ਸਮਝਿਆ ਹੈ। ਮੈਨੂੰ ਲੱਗਦਾ ਹੈ ਕਿ ਜਗਦੀਪ ਧਨਖੜ ਵਿਦੇਸ਼ਾਂ ਵਿੱਚ ਦੇਸ਼ ਨੂੰ ਬਦਨਾਮ ਕਰਨ ਲਈ ਜਿਸ ਆਗੂ ਦੀ ਆਲੋਚਨਾ ਕਰ ਰਹੇ ਹਨ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਨ। ਉਹ ਮੋਦੀ ਜੀ ਨੂੰ ਸ਼ੀਸ਼ਾ ਦਿਖਾ ਰਹੇ ਹਨ, ਜੋ ਚੀਨ ਗਏ ਸਨ ਅਤੇ ਅਜਿਹੀਆਂ ਟਿੱਪਣੀਆਂ ਕੀਤੀਆਂ ਸਨ। ਸ੍ਰੀ ਮੋਦੀ ਨੇ ਦੱਖਣੀ ਕੋਰੀਆ, ਕੈਨੇਡਾ, ਅਮਰੀਕਾ, ਯੂਕੇ ਵਿੱਚ ਵੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਵੀ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਟਿੱਪਣੀਆਂ ਦੀ ਨਿਖੇਧੀ ਕੀਤੀ ਹੈ।
ਇਸ ਤੋਂ ਇਲਾਵਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੁੰਬਈ ਵਿਚ ਇਕ ਸਮਾਗਮ ਦੌਰਾਨ ਕਿਹਾ ਕਿ ਚੋਣ ਕਮਿਸ਼ਨ ਤੇ ਜਾਂਚ ਏਜੰਸੀਆਂ ਔਖੇ ਹਾਲਾਤ ਵਿਚ ਕੰਮ ਕਰਦੀਆਂ ਹਨ ਤੇ ਉਨ੍ਹਾਂ ਖ਼ਿਲਾਫ਼ ਕੋਈ ਵੀ ਟਿੱਪਣੀ ਉਨ੍ਹਾਂ ਦਾ ਮਨੋਬਲ ਡੇਗ ਸਕਦੀ ਹੈ। ਉਪ ਰਾਸ਼ਟਰਪਤੀ ਦੀ ਇਹ ਟਿੱਪਣੀ ਇਸ ਲਈ ਅਹਿਮ ਹੈ ਕਿਉਂਕਿ ਸੁਪਰੀਮ ਕੋਰਟ ਦੇ ਇਕ ਜਸਟਿਸ ਨੇ ਐਤਵਾਰ ਨੂੰ ਸੀਬੀਆਈ ਖ਼ਿਲਾਫ਼ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਸੀ ਕਿ ਸੀਬੀਆਈ ਨੂੰ ਦਬਾਅ ਮੁਕਤ ਹੋ ਕੇ ਕੰਮ ਕਰਨਾ ਚਾਹੀਦਾ ਹੈ।