ਕਾਂਗਰਸ ਲੋਕਾਂ ਸਾਹਮਣੇ ਬੁਰੀ ਤਰ੍ਹਾਂ ਬੇਨਕਾਬ ਹੋਈ: ਮੋਦੀ
ਨਵੀਂ ਦਿੱਲੀ, 1 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਲੋਕਾਂ ਸਾਹਮਣੇ ਬੁਰੀ ਤਰ੍ਹਾਂ ਬੇਨਕਾਬ ਹੋ ਗਈ ਹੈ ਕਿਉਂਕਿ ਉਸ ਨੇ ਉਨ੍ਹਾਂ ਨਾਲ ਅਜਿਹੇ ਚੋਣ ਵਾਅਦੇ ਕੀਤੇ, ਜਿਨ੍ਹਾਂ ਬਾਰੇ ਖੁਦ ਉਸ ਨੂੰ ਵੀ ਲਗਦਾ ਸੀ ਕਿ ਉਹ ਕਦੀ ਪੂਰੇ ਨਹੀਂ ਕਰ ਸਕੇਗੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਉਸ ਸਲਾਹ ਦੇ ਸੰਦਰਭ ਵਿੱਚ ਕਹੀ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਦੀਆਂ ਸੂਬਾਈ ਇਕਾਈਆਂ ਨੂੰ ਸਿਰਫ਼ ਉਹੀ ਵਾਅਦੇ ਕਰਨੇ ਚਾਹੀਦੇ ਹਨ ਜੋ ਵਿੱਤੀ ਤੌਰ ’ਤੇ ਸੰਭਵ ਹੋਣ। ਮੋਦੀ ਨੇ ਕਿਹਾ ਕਿ ਕਾਂਗਰਸ ਹੁਣ ਮਹਿਸੂਸ ਕਰਨ ਲੱਗੀ ਹੈ ਕਿ ਚੋਣਾਂ ’ਚ ਝੂਠੇ ਵਾਅਦੇ ਕਰਨੇ ਸੌਖੇ ਹਨ ਪਰ ਉਨ੍ਹਾਂ ਨੂੰ ਠੀਕ ਢੰਗ ਨਾਲ ਲਾਗੂ ਕਰਨਾ ਅਸੰਭਵ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਵਾਸੀਆਂ ਨੂੰ ਮੁੱਖ ਵਿਰੋਧੀ ਧਿਰ ਦੇ ‘ਝੂਠੇ ਵਾਅਦਿਆਂ ਦੇ ਸੱਭਿਆਚਾਰ’ ਤੋਂ ਚੌਕਸ ਰਹਿਣ ਦਾ ਸੱਦਾ ਵੀ ਦਿੱਤਾ। ਮੋਦੀ ਨੇ ਐਕਸ ’ਤੇ ਕਿਹਾ, ‘ਦੇਸ਼ ਦੀ ਜਨਤਾ ਨੂੰ ਕਾਂਗਰਸ ਦੇ ਝੂਠੇ ਵਾਅਦਿਆਂ ਦੇ ਸੱਭਿਆਚਾਰ ਤੋਂ ਚੌਕਸ ਰਹਿਣਾ ਪਵੇਗਾ। ਅਸੀਂ ਹਾਲ ਹੀ ’ਚ ਦੇਖਿਆ ਕਿ ਹਰਿਆਣਾ ਦੇ ਲੋਕਾਂ ਨੇ ਉਨ੍ਹਾਂ ਦੇ ਝੂਠ ਨੂੰ ਕਿਸ ਤਰ੍ਹਾਂ ਖਾਰਜ ਕਰ ਦਿੱਤਾ ਅਤੇ ਇੱਕ ਅਜਿਹੀ ਸਰਕਾਰ ਬਣਾਉਣ ਨੂੰ ਤਰਜੀਹ ਦਿੱਤੀ ਜੋ ਸਥਿਰ, ਪ੍ਰਗਤੀ ਮੁਖੀ ਤੇ ਕੰਮ ਕਰਨ ਵਾਲੀ ਹੋਵੇਗੀ।’ ਉਨ੍ਹਾਂ ਕਿਹਾ, ‘ਕਾਂਗਰਸ ਪਾਰਟੀ ਮਹਿਸੂਸ ਕਰ ਰਹੀ ਹੈ ਕਿ ਝੂਠੇ ਵਾਅਦੇ ਕਰਨੇ ਸੌਖੇ ਹਨ ਪਰ ਉਨ੍ਹਾਂ ਨੂੰ ਠੀਕ ਢੰਗ ਨਾਲ ਲਾਗੂ ਕਰਨਾ ਔਖਾ ਜਾਂ ਅਸੰਭਵ ਹੈ। ਉਹ ਲੋਕਾਂ ਨਾਲ ਅਜਿਹੀਆਂ ਚੀਜ਼ਾਂ ਦਾ ਵਾਅਦਾ ਕਰਦੇ ਹਨ ਜਿਨ੍ਹਾਂ ਬਾਰੇ ਉਹ ਵੀ ਜਾਣਦੇ ਹਨ ਕਿ ਉਹ ਕਦੀ ਪੂਰਾ ਨਹੀਂ ਕਰ ਸਕਣਗੇ। ਹੁਣ ਉਹ ਲੋਕਾਂ ਸਾਰੇ ਬੁਰੀ ਤਰ੍ਹਾਂ ਬੇਨਕਾਬ ਹੋ ਗਏ ਹਨ।’ -ਪੀਟੀਆਈ