ਕਾਂਗਰਸ ਵੱਲੋਂ ਦੂਜੀ ‘ਗਾਰੰਟੀ’ ਦਾ ਐਲਾਨ
ਨਵੀਂ ਦਿੱਲੀ, 8 ਜਨਵਰੀ
ਕਾਂਗਰਸ ਨੇ ਅੱਜ ਕੌਮੀ ਰਾਜਧਾਨੀ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਜੀਵਨ ਸੁਰੱਖਿਆ ਯੋਜਨਾ’ ਦੇਣ ਦੀ ਘੋਸ਼ਣਾ ਕੀਤੀ, ਜਿਸ ਤਹਿਤ ਉਨ੍ਹਾਂ ਦੇ ਸੱਤਾ ਵਿੱਚ ਆਉਣ ਮਗਰੋਂ ਦਿੱਲੀ ਵਾਸੀਆਂ ਨੂੰ 25 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਦੇਣ ਦਾ ਵਾਅਦਾ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਦੇ ਸੀਨੀਅਰ ਆਗੂ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਯੋਜਨਾ ਦਿੱਲੀ ਵਾਸੀਆਂ ਲਈ ਕ੍ਰਾਂਤੀਕਾਰੀ ਯੋਜਨਾ ਸਾਬਤ ਹੋਵੇਗੀ। ਜ਼ਿਕਰਯੋਗ ਹੈ ਕਿ ਚੋਣਾਂ ਦੌਰਾਨ ਕਾਂਗਰਸ ਦੀ ਇਹ ਦੂਜੀ ‘ਗਾਰੰਟੀ’ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ‘ਪਿਆਰੀ ਦੀਦੀ ਯੋਜਨਾ’ ਦੇਣ ਦਾ ਐਲਾਨ ਕੀਤਾ ਸੀ, ਜਿਸ ਤਹਿਤ ਹਰ ਔਰਤ ਨੂੰ ਪ੍ਰਤੀ ਮਹੀਨਾ 2500 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ। ਗਹਿਲੋਤ ਨੇ ਦਿੱਲੀ ਸੂਬਾਈ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਕਾਂਗਰਸ ਦੀ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਕਾਂਗਰਸ ਨੇ ‘ਜੀਵਨ ਸੁਰੱਖਿਆ ਯੋਜਨਾ’ ਨੂੰ ਆਪਣੇ ਘੋਸ਼ਣਾ ਪੱਤਰ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਜਸਥਾਨ ਵਿੱਚ ਵੀ ਅਜਿਹੀ ਯੋਜਨਾ ਸ਼ੁਰੂ ਕੀਤਾ ਸੀ। ਉਥੇ ਇਸ ਯੋਜਨਾ ਦਾ ਨਾਮ ‘ਚਿਰੰਜੀਵੀ’ ਸੀ।
ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਇਹ ਯੋਜਨਾ ਸਾਰਿਆਂ ਵਰਗਾਂ ਲਈ ਸੀ। ਰਾਜਧਾਨੀ ਵਿੱਚ ਵੀ ਕਾਂਗਰਸ ਦੀ ਸਰਕਾਰ ਬਣਨ ’ਤੇ ਇਹ ਯੋਜਨਾ ਲਾਗੂ ਕੀਤਾ ਜਾਵੇਗੀ। ਇਸ ਦੌਰਾਨ ਪ੍ਰਚਾਰ ਲਈ ‘ਹੋਗੀ ਹਰ ਜ਼ਰੂਰਤ ਪੂਰੀ, ਕਾਂਗਰਸ ਹੈ ਜ਼ਰੂਰੀ’ ਦਾ ਨਾਅਰਾ ਪ੍ਰਚਾਰਿਆ ਗਿਆ। ਇਸ ਦੌਰਾਨ ਕਾਂਗਰਸ ਆਗੂ ਕਾਜੀ ਮੁਹੰਮਦ ਨਿਜਾਮੂਦੀਨ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਆਪਣੀ ਦੂਜੀ ਗਾਰੰਟੀ ਲੈ ਕੇ ਜਨਤਾ ਵਿੱਚ ਹਾਜ਼ਰ ਹੋਈ ਹੈ। ਇਸ ਮੌਕੇ ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਅਸੀਂ ਸੱਤਾ ਵਿੱਚ ਆਉਣ ਮਗਰੋਂ ‘ਜੀਵਨ ਸੁਰੱਖਿਆ ਯੋਜਨਾ’ ਨੂੰ ਦਿੱਲੀ ਵਿੱਚ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵਿੱਚ ਸਾਰੇ ਨਿੱਜੀ ਹਸਪਤਾਲ ਵੀ ਸ਼ਾਮਲ ਹੋਣਗੇ। -ਪੀਟੀਆਈ