ਮੇਰੇ ਗਣੇਸ਼ ਪੂਜਾ ’ਚ ਸ਼ਾਮਲ ਹੋਣ ਕਾਰਨ ਕਾਂਗਰਸ ਨਾਰਾਜ਼: ਮੋਦੀ
ਭੁਬਨੇਸ਼ਵਰ, 17 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਦੇ ਉਸ ਦਾ ‘ਈਕੋ ਸਿਸਟਮ’ ਉਨ੍ਹਾਂ ਨਾਲ ਗਣੇਸ਼ ਪੂਜਾ ’ਚ ਸ਼ਾਮਲ ਹੋਣ ਕਾਰਨ ਨਾਰਾਜ਼ ਸੀ। ਉਨ੍ਹਾਂ ਦਾਅਵਾ ਕੀਤਾ ਕਿ ‘ਸੱਤਾ ਦੇ ਭੁੱਖੇ’ ਲੋਕ ਜੋ ਸਮਾਜ ਨੂੰ ਵੰਡ ਰਹੇ ਹਨ, ਉਨ੍ਹਾਂ ਨੂੰ ਇਸ ਤਿਓਹਾਰ ਤੋਂ ਸਮੱਸਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਉੜੀਸਾ ਸਰਕਾਰ ਦੇ ਪ੍ਰੋਗਰਾਮ ਸੁਭਦਰਾ ਯੋਜਨਾ ਲਾਂਚ ਮਗਰੋਂ ਰੈਲੀ ਵਿੱਚ ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਰਿਹਾਇਸ਼ ’ਤੇ ਗਣੇਸ਼ ਪੂਜਾ ’ਚ ਸ਼ਾਮਲ ਹੋਣ ਲਈ ਵਿਰੋਧੀ ਧਿਰਾਂ ਦੀ ਆਲੋਚਨਾ ਦਾ ਸਪੱਸ਼ਟ ਹਵਾਲਾ ਦਿੰਦਿਆਂ ਇਹ ਟਿੱਪਣੀ ਕੀਤੀ। ਇਸ ਵਿਵਾਦ ’ਤੇ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਟਿੱਪਣੀ ਕੀਤੀ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਅੱਜ ਹੋ ਰਹੇ ਗਣਪਤੀ ਵਿਸਰਜਣ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਅੱਜ ਦੇ ਇਸ ਅਹਿਮ ਦਿਨ ਦੇਸ਼ ਨੇ ਉਨ੍ਹਾਂ ਚੁਣੌਤੀਆਂ ਵੱਲ ਵੀ ਧਿਆਨ ਦੇਣਾ ਹੈ, ਜੋ ਦੇਸ਼ ਨੂੰ ਪਿੱਛੇ ਲਿਜਾਣ ’ਚ ਜੁਟੀਆਂ ਹੋਈਆਂ ਹਨ। ਉਨ੍ਹਾਂ ਕਿਹਾ, ‘ਜਦੋਂ ਗਣੇਸ਼ ਉਤਸਵ ਹੁੰਦਾ ਹੈ ਤਾਂ ਹਰ ਕੋਈ ਉਸ ਵਿੱਚ ਸ਼ਾਮਲ ਹੁੰਦਾ ਹੈ। ਕੋਈ ਭੇਦਭਾਵ ਨਹੀਂ ਹੁੰਦਾ। ਪਾੜੋ ਤੇ ਰਾਜ ਕੋਰ ਦੀ ਨੀਤੀ ’ਤੇ ਚੱਲਣ ਵਾਲੇ ਅੰਗਰੇਜ਼ਾਂ ਦੀਆਂ ਅੱਖਾਂ ’ਚ ਉਸ ਸਮੇਂ ਵੀ ਗਣੇਸ਼ ਉਤਸਵ ਰੜਕਦਾ ਸੀ। ਅੱਜ ਵੀ ਸਮਾਜ ਨੂੰ ਵੰਡਣ ਤੇ ਤੋੜਨ ’ਚ ਲੱਗੇ ਸੱਤਾ ਦੇ ਭੁੱਖੇ ਲੋਕਾਂ ਨੂੰ ਗਣੇਸ਼ ਪੂਜਾ ਤੋਂ ਪ੍ਰੇਸ਼ਾਨੀ ਹੋ ਰਹੀ ਹੈ।’ ਉਨ੍ਹਾਂ ਕਿਹਾ, ‘ਤੁਸੀਂ ਦੇਖਿਆ ਹੋਵੇਗਾ ਕਿ ਕਾਂਗਰਸ ਤੇ ਇਸ ਦੇ ਈਕੋਸਿਸਟਮ ਦੇ ਲੋਕ ਪਿਛਲੇ ਕੁਝ ਦਿਨਾਂ ਤੋਂ ਭੜਕੇ ਹੋਏ ਹਨ ਕਿਉਂਕਿ ਮੈਂ ਗਣੇਸ਼ ਪੂਜਾ ’ਚ ਹਿੱਸਾ ਲਿਆ ਸੀ।’ ਪ੍ਰਧਾਨ ਮੰਤਰੀ ਨੇ ਕਰਨਾਟਕ ’ਚ ਗਣਪਤੀ ਵਿਸਰਜਣ ਦੌਰਾਨ ਹੋਏ ਵਿਵਾਦ ਦਾ ਜ਼ਿਕਰ ਕਰਦਿਆਂ ਕਿਹਾ, ‘ਇਨ੍ਹਾਂ ਲੋਕਾਂ ਨੇ ਭਗਵਾਨ ਗਣੇਸ਼ ਦੀ ਮੂਰਤੀ ਨੂੰ ਹੀ ਸਲਾਖਾਂ ਪਿੱਛੇ ਡੱਕ ਦਿੱਤਾ।’ -ਪੀਟੀਆਈ
ਭਗਵਾਨ ਗਣੇਸ਼ ਦੇ ਨਾਂ ਦੀ ਦੁਰਵਰਤੋਂ ਕਰ ਰਹੇ ਨੇ ਪ੍ਰਧਾਨ ਮੰਤਰੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿਆਸਤ ਲਈ ਧਰਮ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਮਹਾਰਾਸ਼ਟਰ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਉਨ੍ਹਾਂ ਚੀਫ ਜਸਟਿਸ ਡੀਵਾਈ ਚੰਦਰਚੂੜ ਦੇ ਘਰ ਗਣੇਸ਼ ਪੂਜਾ ਲਈ ਕੈਮਰਿਆਂ ਨਾਲ ਟੀਮ ਸਮੇਤ ਜਾਣ ਦਾ ਫ਼ੈਸਲਾ ਕੀਤਾ ਜੋ ਨਿਆਂਪਾਲਿਕਾ ਨੂੰ ਵੱਖ ਰੱਖਣ ਦੇ ਸਾਰੇ ਸਿਧਾਂਤਾਂ ਦੀ ਉਲੰਘਣਾ ਹੈ। ਵਿਰੋਧੀ ਧਿਰ ਨੇ ਇਹ ਵੀ ਕਿਹਾ ਕਿ ਕਾਰਜਪਾਲਿਕਾ ਤੇ ਨਿਆਂਪਾਲਿਕਾ ਦੇ ਮੁਖੀਆਂ ਵਿਚਾਲੇ ਇੰਨੀ ਨੇੜਤਾ ਪ੍ਰਧਾਨ ਮੰਤਰੀ ਦੀ ਮਨਸ਼ਾ ’ਤੇ ਸ਼ੰਕੇ ਖੜ੍ਹੇ ਕਰਦੀ ਹੈ। ਕਾਂਗਰਸ ਦੇ ਜਨਰਲ ਸਕੱਤਰ (ਜਥੇਬੰਦਕ ਇੰਚਾਰਜ) ਕੇਸੀ ਵੇਣੂਗੋਪਾਲ ਨੇ ਕਿਹਾ, ‘ਸੱਚੀ ਭਗਤੀ ਤੇ ਸਿਆਸਤ ਲਈ ਧਰਮ ਦੀ ਦੁਰਵਰਤੋਂ ਵਿਚਾਲੇ ਫ਼ਰਕ ਕਦੀ ਵੀ ਲੁਕਿਆ ਨਹੀਂ ਰਹਿੰਦਾ।’ -ਪੀਟੀਆਈ