ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਤਿੰਨ-ਿਤੰਨ ਸੀਟਾਂ ’ਤੇ ਲੜਨਗੇ ਚੋਣ
ਨਵੀਂ ਦਿੱਲੀ, 8 ਅਪਰੈਲ
ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਨੇ ਅੱਜ ਐਲਾਨ ਕੀਤਾ ਕਿ ਜੰਮੂ ਕਸ਼ਮੀਰ ਤੇ ਲੱਦਾਖ ਵਿੱਚ ਦੋਵੇਂ ਪਾਰਟੀਆਂ ਗੱਠਜੋੜ ਵਿੱਚ ਲੋਕ ਸਭਾ ਚੋਣਾਂ ਲੜਨਗੀਆਂ। ਇਸ ਤਹਿਤ ਦੋਵੇਂ ਪਾਰਟੀਆਂ ਤਿੰਨ-ਤਿੰਨ ਸੀਟਾਂ ’ਤੇ ਚੋਣਾਂ ਲੜਨਗੀਆਂ। ਇੱਥੇ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਊਧਮਪੁਰ, ਜੰਮੂ ਤੇ ਲੱਦਾਖ ਸੀਟਾਂ ਤੋਂ ਕਾਂਗਰਸ ਜਦਕਿ ਅਨੰਤਨਾਗ, ਸ੍ਰੀਨਗਰ ਅਤੇ ਬਾਰਾਮੂਲਾ ਤੋਂ ਨੈਸ਼ਨਲ ਕਾਨਫ਼ਰੰਸ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇਗੀ। ਉਨ੍ਹਾਂ ਕਿਹਾ, ‘‘ਮੈਂ ਰਸਮੀ ਤੌਰ ’ਤੇ ਇਹ ਐਲਾਨ ਕਰਦਾ ਹਾਂ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਨੈਸ਼ਨਲ ਕਾਨਫ਼ਰੰਸ ਤੇ ਕਾਂਗਰਸ ਸਾਂਝੇ ਤੌਰ ’ਤੇ ਚੋਣਾਂ ਲੜਨਗੀਆਂ ਅਤੇ ਦੋਵੇਂ ਪਾਰਟੀਆਂ ਦੇ ਤਿੰਨ-ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰਨਗੇ। ਉਨ੍ਹਾਂ ਕਿਹਾ, ‘‘ਨੈਸ਼ਨਲ ਕਾਨਫ਼ਰੰਸ ਊਧਮਪੁਰ, ਜੰਮੂ ਤੇ ਲੱਦਾਖ ਸੀਟਾਂ ’ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਸਮਰਥਨ ਦੇੇਵੇਗੀ। ਜੰਮੂ ਕਸ਼ਮੀਰ ਤੇ ਲੱਦਾਖ ਦੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਵਾਉਣ ਵਿੱਚ ਮਦਦ ਕਰਨ ਅਤੇ ਸੰਸਦ ਵਿੱਚ ਉਨ੍ਹਾਂ ਦੀ ਸੱਚੀ ਨੁਮਾਇੰਦਗੀ ਕਰਨ ਲਈ ‘ਇੰਡੀਆ’ ਗੱਠਜੋੜ ਇਹ ਚੋਣਾਂ ਲੜੇਗਾ।’’
ਕਾਂਗਰਸ ਤੇ ਨੈਸ਼ਨਲ ਕਾਨਫ਼ਰੰਸ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਸੀਟਾਂ ਦੀ ਵੰਡ ਸਬੰਧੀ ਸਮਝੌਤਾ ਮੁਕੰਮਲ ਕੀਤਾ ਗਿਆ। ਕਾਂਗਰਸ ਦੀ ਸੀਟਾਂ ਦੀ ਵੰਡ ਸਬੰਧੀ ਕਮੇਟੀ ਦੇ ਮੈਂਬਰ ਸਲਮਾਨ ਖੁਰਸ਼ੀਦ ਵੀ ਇਸ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਹਾਜ਼ਰ ਸਨ। ਇਹ ਪੁੱਛੇ ਜਾਣ ’ਤੇ ਕਿ ਕੀ ਪੀਡੀਪੀ ਅਜੇ ਵੀ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ, ਖੁਰਸ਼ੀਦ ਨੇ ਕਿਹਾ, ‘‘ਪੀਡੀਪੀ ਸਾਡੇ ਗੱਠਜੋੜ ਵਿੱਚ ਹੈ। ਸੀਟ ਵਿਵਸਥਾ ਗੱਠਜੋੜ ਦਾ ਇਕ ਹਿੱਸਾ ਹੈ ਅਤੇ ਸਮੁੱਚਾ ਗੱਠਜੋੜ ਇਕ ਵੱਖ ਮੁੱਦਾ ਹੈ। ਜੰਮੂ ਕਸ਼ਮੀਰ ਖੇਤਰਫਲ ਵਿੱਚ ਛੋਟਾ ਹੈ, ਇਸ ਵਾਸਤੇ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਇੱਥੇ ਸੀਟ ਵਿਵਸਥਾ ਦੀ ਬਹੁਤੀ ਗੁੰਜਾਇਸ਼ ਨਹੀਂ ਹੈ।’’ ਪੀਡੀਪੀ ਕਸ਼ਮੀਰ ਵਿੱਚ ਪਹਿਲਾਂ ਹੀ ਤਿੰਨ ਸੀਟਾਂ ’ਤੇ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ। ਪਾਰਟੀ ਵੱਲੋਂ ਅਨੰਤਨਾਗ ਵਿੱਚ ਡੀਪੀਏਪੀ ਦੇ ਪ੍ਰਧਾਨ ਗ਼ੁਲਾਮ ਨਬੀ ਆਜ਼ਾਦ ਖ਼ਿਲਾਫ਼ ਮਹਬਿੂਬਾ ਮੁਫ਼ਤੀ ਨੂੰ ਉਤਾਰਿਆ ਜਾ ਰਿਹਾ ਹੈ।
ਖੁਰਸ਼ੀਦ ਨੇ ਕਿਹਾ, ‘‘ਨੈਸ਼ਨਲ ਕਾਨਫ਼ਰੰਸ ਦੇ ਪਹਿਲਾਂ ਹੀ ਲੋਕ ਸਭਾ ਵਿੱਚ ਤਿੰਨ ਸੰਸਦ ਮੈਂਬਰ ਹਨ ਅਤੇ ਅਸੀਂ ਉਨ੍ਹਾਂ ਨੂੰ ਇਕ ਮੌਕਾ ਦੇਣ ਦਾ ਫ਼ੈਸਲਾ ਲਿਆ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਮਰ ਅਬਦੁੱਲਾ ਚੋਣ ਲੜਨਗੇ, ਕਾਂਗਰਸੀ ਆਗੂ ਨੇ ਕਿਹਾ ਕਿ ਅਜਿਹਾ ਹੋਣ ’ਤੇ ਸ੍ਰੀਨਗਰ ਵਿੱਚ ਇਕ ਹੋਰ ਪ੍ਰੈੱਸ ਕਾਨਫ਼ਰੰਸ ਕੀਤੀ ਜਾਵੇਗੀ। -ਪੀਟੀਆਈ