ਭੰਬਲਭੂਸਾ
ਐਡਵੋਕੇਟ ਦਰਸ਼ਨ ਸਿੰਘ ਰਿਆੜ
ਵੱਖ ਵੱਖ ਰੁੱਤਾਂ ਅਤੇ ਮੌਸਮਾਂ ਵਾਲੇ ਸਾਡੇ ਭਾਰਤ ਦੇਸ਼ ਵਿੱਚ ਇਸ ਵਾਰ ਸਰਦੀਆਂ ਦਾ ਮੌਸਮ ਵੀ ਕੁਝ ਅਜੀਬ ਹੀ ਰਿਹਾ ਸੀ। ਹਰ ਸਾਲ ਥੋੜ੍ਹਚਿਰੀ ਹੁੰਦੀ ਜਾ ਰਹੀ ਸਰਦੀ ਇਸ ਵਾਰ ਨਾਨੀ ਚੇਤੇ ਕਰਵਾ ਗਈ। ਹੌਜ਼ਰੀ ਵਾਲਿਆਂ ਦੇ ਚਿਰਾਂ ਤੋਂ ਬੇਰੰਗ ਹੁੰਦੇ ਜਾ ਰਹੇ ਗਰਮ ਕੱਪੜੇ ਇਸ ਵਾਰ ਸੁਆਦਲੇ ਕੇਕ ਵਾਂਗੂੰ ਵਿਕ ਗਏ। ਫਰਵਰੀ ਲੰਘਦਿਆਂ ਹੀ ਦੁਕਾਨਦਾਰ ਮਾਲੋਮਾਲ ਹੁੰਦੇ ਨਜ਼ਰ ਆ ਰਹੇ ਸਨ। ਹਰ ਸਾਲ ਘਟਦੀ ਜਾ ਰਹੀ ਸਰਦੀ ਨਾਲ ਗਰਮ ਕੱਪੜਿਆਂ ਦੀ ਖ਼ਰੀਦੋ ਫ਼ਰੋਖ਼ਤ ਵੀ ਸੁੰਗੜਦੀ ਜਾ ਰਹੀ ਸੀ ਤੇ ਹੌਜ਼ਰੀ ਵਾਲੇ ਵੱਖ ਵੱਖ ਇਸ਼ਟਾਂ ਦੇ ਡੇਰਿਆਂ ’ਤੇ ਫ਼ਰਿਆਦਾਂ ਕਰਕੇ ਆਪਣੇ ਕਾਰੋਬਾਰ ਨੂੰ ਬਚਾਉਣ ਦੇ ਆਹਰ ਪਾਹਰ ਵਿੱਚ ਰੁੱਝ ਗਏ ਸਨ। ਪਤਾ ਨਹੀਂ ਕਿਸ ਫ਼ਰਿਆਦੀ ਦੀ ਫ਼ਰਿਆਦ ਪਰਮਾਤਮਾ ਨੇ ਨੇੜੇ ਹੋ ਕੇ ਸੁਣ ਲਈ ਸੀ ਕਿ ਧੁੰਦ ਦੇਵਤਾ ਲੰਬੀ ਨੀਂਦ ਤੋਂ ਪ੍ਰਗਟ ਹੋ ਕੇ ਸੂਰਜ ਦੇਵਤੇ ਨੂੰ ਅਗਵਾ ਕਰਕੇ ਲੈ ਗਏ। ਫਿਰ ਕੀ ਸੀ? ਧੁੰਦ ਨੇ ਆਪਣੀ ਕਰਾਮਾਤ ਦੇ ਜਲਵੇ ਦਿਖਾਉਣੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ। ਗਰਮ ਕੱਪੜਿਆਂ ਦਾ ਕਾਰੋਬਾਰ ਚਮਕ ਉੱਠਿਆ। ਅਮੀਰ ਲੋਕ ਤਾਂ ਮੁਸਕੜੀਆਂ ਵਿੱਚ ਹੱਸਦੇ ਮੌਸਮ ਦਾ ਲੁਤਫ਼ ਲੈਣ ਲੱਗ ਪਏ ਸਨ ਤੇ ਗ਼ਰੀਬ ਵਿਚਾਰੇ ਅੱਗ ਦਾ ਸਹਾਰਾ ਲੈਣ ਨੂੰ ਮਜਬੂਰ! ਹਰ ਸਾਲ ਦੁਕਾਨਾਂ ਮੂਹਰੇ ਲਮਕਦੇ ਗਰਮ ਕੱਪੜੇ ਜਿਨ੍ਹਾਂ ਦਾ ਕੋਈ ਗਾਹਕ ਹੀ ਨਹੀਂ ਸੀ ਲੱਭਦਾ ਹੁੰਦਾ ਹੱਥੋ ਹੱਥੀ ਵਿਕ ਰਹੇ ਸਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਇਸ ਵਾਰ ਦੁਕਾਨਾਂ ਵਾਲਿਆਂ ਨੂੰ ਸੇਲ! ਸੇਲ! ਦੀ ਦੁਹਾਈ ਦੇਣ ਦੀ ਲੋੜ ਮਹਿਸੂਸ ਨਹੀਂ ਸੀ ਹੋਈ।
ਕੁਦਰਤ ਬੜੀ ਬੇਅੰਤ ਹੈ। ਇਹ ਚੁੱਪਚਾਪ ਅਛੋਪਲ਼ੇ ਜਿਹੇ ਹੀ ਆਪਣੀਆਂ ਗਤੀਵਿਧੀਆਂ ਕਰਦੀ ਰਹਿੰਦੀ ਹੈ ਤੇ ਪਤਾ ਵੀ ਨਹੀਂ ਲੱਗਣ ਦਿੰਦੀ। ਮਨੁੱਖ ਆਪਣੀਆਂ ਖ਼ਰਮਸਤੀਆਂ ਤੇ ਲੂੰਬੜ-ਚਾਲਾਂ ਰਾਹੀਂ ਆਪਣੇ ਆਪ ਨੂੰ ਚਲਾਕ ਸਮਝਦਿਆਂ ਕੁਦਰਤ ’ਤੇ ਕਾਬੂ ਪਾਉਣ ਲਈ ਯਤਨਸ਼ੀਲ ਹੈ। ਇਸ ਨੇ ਧਰਤੀ ਦੇ ਆਲ਼ੇ-ਦੁਆਲੇ ਤੇ ਵਾਤਾਵਰਣ ਨੂੰ ਲਾਂਬੂ ਲਾ ਕੇ ਅਸੁਰੱਖਿਅਤ ਕਰ ਦਿੱਤਾ ਹੈ ਤੇ ਹੁਣ ਆਲਮੀ ਤਪਸ਼ ਦਾ ਸੰਤਾਪ ਭੋਗਣ ਨੂੰ ਮਜਬੂਰ ਹੈ। ਹਾਲੇ 2019 ਵਿੱਚ ਕੋਵਿਡ ਦੀ ਝਲਕੀ ਨਾਲ ਕੁਦਰਤ ਨੇ ਮਨੁੱਖ ਨੂੰ ਇਸ ਦੀ ਔਕਾਤ ਦਿਖਾਈ ਸੀ, ਪਰ ਇਹ ਫਿਰ ਵੀ ਸਮਝਿਆ ਨਹੀਂ? ਜਦੋਂ ਪਾਣੀ ਸਿਰ ਤੋਂ ਲੰਘਣ ਲੱਗ ਪਵੇ ਫਿਰ ਹੀ ਮਨੁੱਖ ਸਮਝਦਾ ਹੈ। ਫਿਰ ਵਿਹੜੇ ਆਈ ਜੰਞ ਤੇ ਵਿੰਨ੍ਹੋ ਕੁੜੀ ਦੇ ਕੰਨ ਵਾਂਗ ਹਫ਼ੜਾ ਦਫ਼ੜੀ ਵਿੱਚ ਅੱਗ ਤੇ ਬਸੰਤਰ ਦੇ ਅਰਥਾਂ ਦਾ ਪਤਾ ਲੱਗਦਾ ਹੈ। ਜੇ ਮਨੁੱਖ ਪਹਿਲਾਂ ਹੀ ਸੰਭਲ ਕੇ ਚੱਲੇ, ਆਪ ਜੀਵੇ ਤੇ ਦੂਜਿਆਂ ਨੂੰ ਜਿਊਣ ਦੇਵੇ ਤਾਂ ਮੁਸ਼ਕਿਲ ਵਿੱਚ ਕਿਉਂ ਫਸੇ? ਗੁਰਬਾਣੀ ਨੇ ਇਸ ਵੱਲ ਵਾਰ ਵਾਰ ਇਸ਼ਾਰਾ ਵੀ ਕੀਤਾ ਹੈ, ਪਰ ਮਨੁੱਖ ਆਦਤ ਤੋਂ ਮਜਬੂਰ ਹੈ। ਗ਼ਲਤੀ ਕਰਕੇ ਵੀ ਮੰਨਦਾ ਨਹੀਂ। ਪੋਲਾ ਜਿਹਾ ਮੂੰਹ ਬਣਾ ਕੇ ਝੱਟ ਬੋਲ ਉੱਠਦਾ ਹੈ: ਮੈਂ ਤਾਂ ਸਮਾਜਿਕ ਜੀਵ ਹਾਂ, ਭੁੱਲਣਹਾਰ! ਕੋਈ ਇਸ ਨੂੰ ਪੁੱਛੇ ਕਿ ਜੇ ਕੋਈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਨਾ ਆਵੇ ਤਾਂ ਹੀ ਉਹ ਭੁੱਲਿਆ ਕਹਾਉਂਦਾ ਹੈ। ਪੱਥਰ ਚੱਟ ਕੇ ਤਾਂ ਮੱਛੀ ਮੁੜਦੀ ਹੈ। ਉਹ ਭੁੱਲਣਹਾਰ ਨਹੀਂ ਹੁੰਦੀ ਚਲਾਕ ਹੁੰਦੀ ਹੈ। ਕੁਝ ਵੀ ਹੋਵੇ, ਚਲਾਕੀ ਤੇ ਹੁਸ਼ਿਆਰੀ ਵਿੱਚ ਇਸ ਮਨੁੱਖ ਦਾ ਕੋਈ ਵੀ ਸਾਨੀ ਨਹੀਂ। ਦੂਜਿਆਂ ਨੂੰ ਸਿੱਖਿਆ ਦੇਣੀ ਹੋਵੇ ਤਾਂ ਇਹ ਇਤਿਹਾਸ ਦੀਆਂ ਪਰਤਾਂ ਫਰੋਲ ਫਰੋਲ ਕੇ ਢੇਰ ਲਗਾ ਦਿੰਦਾ ਹੈ, ਪਰ ਮਜਾਲ ਕੀ ਕਿ ਆਪ ਉਨ੍ਹਾਂ ਨੂੰ ਸਮਝਣ ਜਾਂ ਅਮਲ ਕਰਨ ਦੀ ਚੇਸ਼ਟਾ ਵੀ ਕਰੇ? ਅਜੀਬ ਅਫ਼ਲਾਤੂਨ ਹੈ ਇਹ ਬੰਦਾ।
ਗੁਰੂਆਂ ਪੀਰਾਂ ਦੀ ਚਰਨ ਛੋਹ ਨਾਲ ਲਬਰੇਜ਼ ਭਾਰਤ ਦੀ ਧਰਤੀ। ਕੁਦਰਤ ਵੱਲੋਂ ਆਪਮੁਹਾਰੇ ਹੀ ਇਸ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਤਮਗ਼ਾ ਮਿਲ ਗਿਆ! ਬਾਬੇ ਦੀ ਫੁੱਲ ਕਿਰਪਾ ਆਸਰੇ। ਅਨਾਜ ਦੇ ਭੜੋਲੇ ਵਿਚਲੇ ਚੂਹਿਆਂ ਦੀ ਭਾਂਤੀ ਕੁਰਬਲ ਕੁਰਬਲ ਕਰਦੀ ਇਸ ਦੀ ਆਬਾਦੀ ਸੁੱਖ ਨਾਲ ਹੁਣ ਪਹਿਲੇ ਨੰਬਰ ’ਤੇ ਪਹੁੰਚ ਗਈ ਹੈ। ਨਾ ਕੋਈ ਪੜ੍ਹਨ ਪੜ੍ਹਾਉਣ ਦੀ ਚਿੰਤਾ ਤੇ ਨਾ ਹੀ ਸਿਹਤ ਸਹੂਲਤਾਂ ਦੀ ਪਰਵਾਹ। ਪਿੱਛੇ ਜਿਹੇ ਜਦੋਂ ਕੋਵਿਡ ਮਹਾਂਮਾਰੀ ਨੇ ਵਿਸ਼ਵ ਭਰ ਨੂੰ ਚਿੰਤਾ ਵਿੱਚ ਡੋਬ ਦਿੱਤਾ ਸੀ ਤਾਂ ਇਨ੍ਹਾਂ ਨੇ ਭਾਂਡਿਆਂ ਦੇ ਸ਼ੋਰ ਤੇ ਦੀਵਿਆਂ ਦੀ ਰੋਸ਼ਨੀ ਨਾਲ ਹੀ ਕੋਵਿਡ ਨੂੰ ਭਾਂਜ ਦੇ ਦਿੱਤੀ ਸੀ। ਹੈ ਨਾ ਮਾਅਰਕੇ ਦੀ ਗੱਲ! ਬੜੇ ਜੁਗਾੜੀ ਨੇ ਇਸ ਦੇਸ਼ ਦੇ ਵਾਸੀ। ਐਸੇ ਐਸੇ ਜੁਗਾੜ ਜੋੜ ਦਿੰਦੇ ਹਨ ਕਿ ਵੱਡੇ ਵੱਡੇ ਵਿਗਿਆਨੀ ਵੀ ਮੂੰਹ ਵਿੱਚ ਉਂਗਲਾਂ ਪਾਉਣ ਨੂੰ ਮਜਬੂਰ ਹੋ ਜਾਂਦੇ ਹਨ। ਲੋਕ ਵੀ ਸਿਰੇ ਦੇ ਅੰਧ-ਵਿਸ਼ਵਾਸੀ ਤੇ ਤਿਕੜਮਬਾਜ਼। ਉਨ੍ਹਾਂ ਨੇ ਇੱਕ ਗੱਲ ਪੱਲੇ ਬੰਨ੍ਹੀ ਜਾਪਦੀ ਹੈ - ਕਹਿਣਾ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ! ਤੋੜਨ ਵੀ ਕਿਉਂ ਭਲਾ! ਇੱਥੋਂ ਕਿਹੜਾ ਕਿਸੇ ਨੇ ਕੁਝ ਨਾਲ ਲੈ ਜਾਣਾ ਹੈ? ਸੰਤ ਮਹਾਤਮਾ ਵੀ ਤਾਂ ਇਹੀ ਸਮਝਾਉਂਦੇ ਨੇ ਦਿਨ ਰਾਤ। ਖਾਣ-ਪੀਣ ਲਈ ਰਾਸ਼ਨ ਦੇਣ ਦੀ ਸਰਕਾਰ ਨੇ ਗਰੰਟੀ ਦੇ ਦਿੱਤੀ ਹੈ। ਪਾਣੀ ਬਿਜਲੀ ਦੂਜੀ ਸਰਕਾਰ ਨੇ ਮੁਫ਼ਤ ਕਰ ਛੱਡਿਆ ਹੈ। ਹੋਰ ਬੰਦੇ ਨੇ ਕੀ ਲੈਣਾ ਹੈ! ਜਿਊਣ ਲਈ ਖਾਣਾ ਤੇ ਖਾ ਕੇ ਸੌਂ ਜਾਣਾ। ਇਹੀ ਤਾਂ ਜ਼ਿੰਦਗੀ ਦਾ ਨਿਚੋੜ ਹੈ। ਐਵੇਂ ਪੜ੍ਹਾਈ ਲਿਖਾਈ ਨਾਲ ਮੱਥਾ ਮਾਰ ਕੇ ਤੇ ਇਤਿਹਾਸ ਦੀਆਂ ਘਟਨਾਵਾਂ ਯਾਦ ਕਰਕੇ ਕੋਈ ਦਿਮਾਗ਼ ਖ਼ਰਾਬ ਕਿਉਂ ਕਰੇ? ਦੂਜੀ ਰਹਿ ਗਈ ਵਿਗਿਆਨ ਦੀ ਗੱਲ. ਸਭ ਕੁਝ ਤਾਂ ਪਹਿਲਾਂ ਹੀ ਨਿਊਟਨ ਤੇ ਆਇੰਸਟਾਈਨ ਵਰਗੇ ਲੱਭ ਗਏ ਨੇ। ਅਲਫਰੈੱਡ ਨੋਬੇਲ ਦੇ ਪ੍ਰਮਾਣੂ ਨੇ ਦੁਨੀਆ ਦੀ ਭੂਤਨੀ ਭਲਾਈ ਹੋਈ ਹੈ। ਰੱਬ ਰੱਬ ਕਰੀਏ ਤੇ ਠੰਢੇ ਹਾਉਕੇ ਕਿਉਂ ਭਰੀਏ! ਨਾਲੇ ਅਸੀਂ ਹੋਏ ਸੋਨੇ ਦੀ ਚਿੜੀ ਦੇਸ਼ ਦੇ ਵਾਸੀ, ਕਹਿੰਦੇ ਕਹਾਉਂਦੇ ਲੋਕ। ਦੁਨੀਆ ਭਰ ਦੇ ਚੋਰ, ਡਾਕੂ, ਲੁਟੇਰੇ ਤੇ ਧਾੜਵੀ ਸਾਡੇ ਵੱਡੇ ਵਡੇਰਿਆਂ ਦਾ ਕਮਾਇਆ ਤੇ ਜੋੜਿਆ ਸੋਨਾ ਲੁੱਟਦੇ ਰਹੇ ਨੇ। ਸਾਡਾ ਦਿਮਾਗ਼ ਖ਼ਰਾਬ ਹੈ ਭਲਾ ਅਸੀਂ ਐਵੇਂ ਪੜ੍ਹ ਪੜ੍ਹ ਕੇ ਦਿਮਾਗ਼ ਖ਼ਰਾਬ ਕਰੀਏ? ਫ਼ਰਕ ਇੰਨਾ ਕੁ ਹੈ ਕਿ ਪਹਿਲਾਂ ਬਾਹਰਲੇ ਲੁਟੇਰੇ ਲੁੱਟਦੇ ਸਨ ਤੇ ਹੁਣ ਘਰ ਦੇ ਤਿਕੜਮਬਾਜ਼ ਮਾਲੀਏ ਤੇ ਨੀਰਵ ਮੋਦੀ ਵਰਗੇ ਕਈ ਡਕਾਰ ਮਾਰ ਕੇ ਅਲੋਪ ਹੋ ਗਏ ਨੇ! ਕੀ ਕਰ ਲਿਆ ਕਿਸੇ ਨੇ ਉਨ੍ਹਾਂ ਦਾ! ਵਿਦੇਸ਼ਾਂ ਵਿੱਚ ਐਸ਼ ਕਰਦੇ ਨੇ।
ਬੰਦਾ ਜਮਾਂਦਰੂ ਹੀ ਬੜਾ ਜੁਗਾੜੂ ਹੈ। ਕਹਿੰਦੇ ਨੇ ਮਨੁੱਖ ਦੇ ਵੱਡੇ ਵਡੇਰੇ ਬਾਂਦਰ ਹੁੰਦੇ ਸਨ, ਪਰ ਅੱਜਕੱਲ੍ਹ ਦਾ ਮਨੁੱਖ ਬਾਂਦਰ ਤਾਂ ਨਹੀਂ ਰਿਹਾ, ਇਹ ਤਾਂ ਚੀਤਿਆਂ ਨੂੰ ਵੀ ਭਾਂਜ ਦੇ ਗਿਆ। ਸਾਡੇ ਨੇਤਾ ਲੋਕ ਹੀ ਵੇਖ ਲਉ, ਕਿੰਨੇ ਅਡੰਬਰੀ ਨੇ। ਪਤਾ ਹੀ ਨਹੀਂ ਲੱਗਣ ਦਿੰਦੇ ਕਦੋਂ ਕਿਹੜੀ ਪਾਰਟੀ ਦਾ ਪਰਨਾ ਗਲ ਵਿੱਚ ਪਾ ਲੈਂਦੇ ਨੇ। ਉਦੋਂ ਹੀ ਪਤਾ ਲੱਗਦਾ ਹੈ ਜਦੋਂ ਕਿਸੇ ਦੂਜੀ ਪਾਰਟੀ ਦੀ ਸਟੇਜ ’ਤੇ ਸਨਮਾਨਿਤ ਕੀਤੇ ਜਾ ਰਹੇ ਹੁੰਦੇ ਹਨ। ਆਫਰੀਨ! ਇਨ੍ਹਾਂ ਨੇਤਾਵਾਂ ਦੇ। ਜਿਹੜੀ ਪਾਰਟੀ ਦਾ ਸਾਲਾਂਬੱਧੀ ਨਮਕ ਖਾਧਾ ਹੁੰਦਾ ਹੈ, ਸਹੂਲਤਾਂ ਦੇ ਗੁਲਛਰੇ ਉਡਾਏ ਹੁੰਦੇ ਹਨ, ਅੱਖ ਦੇ ਫੋਰ ਵਿੱਚ ਹੀ ਉਸ ਪਾਰਟੀ ਨੂੰ ਪਾਣੀ ਪੀ ਪੀ ਕੇ ਕੋਸ ਰਹੇ ਹੁੰਦੇ ਹਨ। ਉਂਜ ਦਾਅਵਾ ਹਰ ਵਾਰ ਹੀ ਲੋਕਾਂ ਦੇ ਸੇਵਕ ਹੋਣ ਦਾ ਕਰਦੇ ਨੇ। ਲੋਕ ਅਜਿਹੇ ਨੇਤਾਵਾਂ ਦੇ ਬਦਲਦੇ ਕਿਰਦਾਰ ਵੇਖ ਕੇ ਜ਼ਰੂਰ ਸ਼ਰਮਸਾਰ ਹੋ ਜਾਂਦੇ ਹਨ, ਪਰ ਕੀ ਮਜਾਲ ਇਨ੍ਹਾਂ ਟਪੂਸੀਬਾਜ਼ਾਂ ਦੇ ਨੇੜੇ ਤੇੜੇ ਵੀ ਸ਼ਰਮ ਆ ਜਾਵੇ। ਛੋਟਾ ਜਿਹਾ ਜੀਵ ਗਿਰਗਿਟ ਰੰਗ ਬਦਲਣ ਵਿੱਚ ਬੜਾ ਮਸ਼ਹੂਰ ਹੈ, ਪਰ ਉਹ ਆਪਣੇ ਕਿਰਦਾਰ ਪ੍ਰਤੀ ਹਮੇਸ਼ਾ ਵਫ਼ਾਦਾਰ ਰਹਿੰਦਾ ਹੈ। ਧੋਖਾ ਦੇਣ ਲਈ ਰੰਗ ਨਹੀਂ ਬਦਲਦਾ ਸਗੋਂ ਆਪਣੀ ਰੱਖਿਆ ਲਈ ਰੰਗ ਬਦਲਦਾ ਹੈ। ... ਤੇ ਇਹ ਮਨੁੱਖ ਜਾਤ ਦੇ ਲੀਡਰ ਤਾਂ ਹਰ ਵੇਲੇ ਲੋਕਾਂ ਨੂੰ ਧੋਖਾ ਦੇਣ ਲਈ ਹੀ ਰੰਗ ਬਦਲਦੇ ਹਨ। ਬਾਰੀਕੀ ਨਾਲ ਵੇਖੀਏ ਤਾਂ ਉਹ ਸਿਰਫ਼ ਲੋਕਾਂ ਨੂੰ ਹੀ ਧੋਖਾ ਨਹੀਂ ਦਿੰਦੇ ਸਗੋਂ ਪੂਰੇ ਸਮਾਜ, ਦੇਸ਼ ਅਤੇ ਮਨੁੱਖਤਾ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਧੋਖਾ ਦਿੰਦੇ ਹਨ। ਪਰ ਇਨ੍ਹਾਂ ਨੂੰ ਸਮਝਾਵੇ ਕਿਹੜਾ? ਮਨੁੱਖ ਦੀ ਮੁੱਢਲੀ ਲੋੜ ਤਾਂ ਦੋ ਵਕਤੀ ਰੋਟੀ ਖਾ ਕੇ ਸੌਣ ਦੀ ਹੀ ਹੁੰਦੀ ਹੈ। ਛੋਟੀ ਜਿਹੀ ਉਧਾਰੀ ਜ਼ਿੰਦਗੀ ਤੇ ਉਹ ਵੀ ਨਾਸ਼ਵਾਨ। ਪਤਾ ਨਹੀਂ ਧੋਖੇ ਤੇ ਫ਼ਰੇਬ ਨਾਲ ਮਾਇਆ ਹੜੱਪ ਕੇ ਕਿੱਥੇ ਲੈ ਜਾਣੀ ਹੁੰਦੀ ਹੈ? ਬੰਦੇ ਦੀ ਅਖੀਰਲੀ ਮੰਜ਼ਿਲ ਤਾਂ ਸ਼ਮਸ਼ਾਨਘਾਟ ਹੈ। ਚਾਹੇ ਮਿੱਟੀ ਵਿੱਚ ਦੱਬ ਕੇ ਸਰ ਹੋ ਜਾਵੇ ਜਾਂ ਫਿਰ ਸਾੜ ਕੇ ਕਰ ਦਿੱਤੀ ਜਾਵੇ। ਫਿਰ ਇਹ ਝੂਠਾ ਵਾਵੇਲਾ ਤੇ ਲਾਲਚ-ਲਾਲਸਾ ਕਾਹਦੇ ਵਾਸਤੇ?
ਵਿਚਾਰੀ ਗਿਰਗਿਟ ਅੱਜਕੱਲ੍ਹ ਬੜੀ ਪ੍ਰੇਸ਼ਾਨ ਹੈ। ਉਹ ਹੈਰਾਨ ਹੈ ਕਿ ਕੀ ਕਰੇ? ਉਸ ਦਾ ਹਥਿਆਰ ਤਾਂ ਉੱਤਮ ਕਹਾਉਣ ਵਾਲੇ ਮਨੁੱਖ ਨੇ ਹਥਿਆ ਲਿਆ ਹੈ। ਹੁਣ ਉਹ ਵਿਚਾਰੀ ਕੀ ਕਰੇ? ਪੰਜਾਬੀ ਵਿੱਚ ਕਹਾਵਤ ਹੈ ਕਿ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ। ਪਰ ਇਹ ਲੀਡਰ ਲੋਕ- ਨਾ ਬਾਬਾ ਨਾ! ਇਹ ਤਾਂ ਕਈ ਵਾਰ ਆਪਣੇ ਘਰਦਿਆਂ ਨੂੰ ਵੀ ਸੂਹ ਨਹੀਂ ਲੱਗਣ ਦਿੰਦੇ। ਤਿਕੜਮਬਾਜ਼ ਲੀਡਰ ਦੂਜਿਆਂ ਦੀ ਬੁਰਾਈ ਕਰਨ ਜਾਂ ਬਿਆਨ ਦੇਣ ’ਚ ਕਦੇ ਵੀ ਢਿੱਲ ਨਹੀਂ ਕਰਦੇ। ਜਿੰਨਾ ਚਿਰ ਕੋਈ ਨਵਾਂ ਮਾਅਰਕਾ ਨਾ ਮਾਰ ਲੈਣ ਇਨ੍ਹਾਂ ਦੀ ਜੀਭ ’ਤੇ ਖਾਜ ਹੁੰਦੀ ਰਹਿੰਦੀ ਹੈ। ਵੰਨ-ਸੁਵੰਨੇ ਅਖਾਣ, ਮੁਹਾਵਰੇ ਤੇ ਉਦਾਹਰਨਾਂ ਬੰਦਾ ਇਨ੍ਹਾਂ ਲੀਡਰਾਂ ਕੋਲੋਂ ਸਿੱਖੇ! ਲੱਛੇਦਾਰ ਗੱਲਾਂ ਵਾਲੇ ਲੀਡਰਾਂ ਨੇ ਅੱਜਕੱਲ੍ਹ ਭੰਡਾਂ ਦਾ ਕਾਰੋਬਾਰ ਵੀ ਹਥਿਆ ਲਿਆ ਲੱਗਦਾ ਹੈ। ਅਜਿਹੇ ਸਮੇਂ ਅਜੀਬ ਭੰਬਲਭੂਸੇ ਵਾਲੀ ਸਥਿਤੀ ਬਣ ਜਾਂਦੀ ਹੈ ਜਦੋਂ ਇੰਟਰਨੈੱਟ ਤੋਂ ਸੂਚਨਾ ਪ੍ਰਾਪਤ ਕਰਨ ਸਮੇਂ ਲੀਡਰ ਦੀ ਹੋਰ ਹੀ ਪਾਰਟੀ ਦਰਜ਼ ਹੁੰਦੀ ਹੈ ਜਦੋਂਕਿ ਅਸਲ ਵਿੱਚ ਉਸ ਨੇ ਤਿੰਨ ਹੋਰ ਪਾਰਟੀਆਂ ਬਦਲ ਲਈਆਂ ਹੁੰਦੀਆਂ ਹਨ। ਵਿਰੋਧੀ ਪਾਰਟੀ ਵਿਚਲਾ ਇਮਾਨਦਾਰ ਨੇਤਾ ਵੀ ਦੂਜਿਆਂ ਨੂੰ ਭ੍ਰਿਸ਼ਟ ਨਜ਼ਰ ਆਉਂਦਾ ਹੈ ਅਤੇ ਆਪਣਾ ਭ੍ਰਿਸ਼ਟ ਵੀ ਪਾਕ ਪਵਿੱਤਰ। ਨਵੇਂ ਨਵੇਂ ਮਾਪਦੰਡ ਬਣਾ ਲਏ ਨੇ ਸਾਡੇ ਲੀਡਰਾਂ ਨੇ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਕੋਈ ਭ੍ਰਿਸ਼ਟ ਕਿਹਾ ਜਾਣ ਵਾਲਾ ਨੇਤਾ ਉਨ੍ਹਾਂ ਦੇ ਖ਼ੇਮੇ ਵਿੱਚ ਆ ਜਾਂਦਾ ਹੈ ਤੇ ਉਹ ਨਵਾਂ ਨਕੋਰ, ਈਮਾਨਦਾਰ, ਦੁੱਧ ਧੋਤਾ ਬਣ ਜਾਂਦਾ ਹੈ, ਵਾਸ਼ਿੰਗ ਪਾਊਡਰ ਨਿਰਮਾ ਦੀ ਮਸ਼ਹੂਰੀ ਵਾਂਗ। ਐਵੇਂ ਹੁਣ ਤੱਕ ਚਲਿੱਤਰਾਂ ਦਾ ਨਾਤਾ ਔਰਤਾਂ ਨਾਲ ਹੀ ਜੋੜਿਆ ਜਾਂਦਾ ਰਿਹਾ ਹੈ ਜਦੋਂਕਿ ਸਭ ਤੋਂ ਵੱਧ ਚਲਿੱਤਰੀ ਤਾਂ ਸਾਡੇ ਅਜਿਹੇ ਲੀਡਰ ਨੇ। ਕਾਸ਼! ਅਜਿਹੇ ਤਿਕੜਮਬਾਜ਼ ਤੇ ਬਹਿਰੂਪੀਏ ਆਪਣਾ ਸਵੈ-ਮੁਲਾਂਕਣ ਕਰਕੇ, ਆਪਣੀ ਅੰਤਰ ਆਤਮਾ ਨਾਲ ਰਾਬਤਾ ਕਾਇਮ ਕਰਕੇ ਹੋਈਆਂ ਭੁੱਲਾਂ ਬਖ਼ਸ਼ਾ ਕੇ ਆਪਣੇ ਸਦਰ ਮੁਕਾਮ ਵੱਲ ਮੁਹਾਰਾਂ ਮੋੜਨ ਦੀ ਚੇਸ਼ਟਾ ਕਰਨ ਤਾਂ ਜੋ ਇਹ ਭੰਬਲਭੂਸਾ ਕਿਤੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ਼ ਨਾ ਹੋ ਜਾਵੇ। ਨੇਤਾ ਸਮਾਜ ਦਾ ਚਿਹਰਾ ਮੋਹਰਾ ਹੁੰਦੇ ਹਨ, ਉਨ੍ਹਾਂ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਆਪਣਾ ਉੱਲੂ ਸਿੱਧਾ ਨਹੀਂ ਕਰਨਾ ਹੁੰਦਾ। ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ। ਜ਼ਮਾਨਾ ਬਦਲ ਗਿਆ ਹੈ। ਲੂੰਬੜ-ਚਾਲਾਂ ਚੱਲਣ ਵਾਲੇ ਨੇਤਾਵਾਂ ਨੂੰ ਵੋਟਰਾਂ ਨੂੰ ਭੰਬਲਭੂਸੇ ਵਿੱਚ ਪਾਉਣ ਤੋਂ ਕਿਨਾਰਾ ਕਰਕੇ ਆਪਣੀ ਪੀੜ੍ਹੀ ਹੇਠ ਸੋਟਾ ਜ਼ਰੂਰ ਫੇਰਨਾ ਚਾਹੀਦਾ ਹੈ।
ਸੰਪਰਕ: 93163-11677