ਕਹਾਣੀਕਾਰ ਮੇਜਰ ਮਾਂਗਟ ਨਾਲ ਰੂਬਰੂ
ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਬਰੈਂਪਟਨ:
ਪੰਜਾਬੀ ਕਲਮਾਂ ਦਾ ਕਾਫ਼ਲਾ, ਟੋਰਾਂਟੋ ਵੱਲੋਂ ਇਸ ਵਾਰ ਮਾਸਿਕ ਇਕੱਤਰਤਾ ਵਿੱਚ ਪੰਜਾਬੀ ਕਹਾਣੀਕਾਰ ਮੇਜਰ ਮਾਂਗਟ ਨਾਲ ਰੂਬਰੂ ਕਰਵਾਈ ਗਈ। ਇਸ ਤੋਂ ਪਹਿਲਾਂ ਉਸ ਦੀ ਨਵੀਂ ਆਈ ਪੁਸਤਕ ‘ਬਲੈਕ ਆਇਸ’ ਰਿਲੀਜ਼ ਕੀਤੀ ਗਈ। ਮਨਪ੍ਰੀਤ ਸਹੋਤਾ ਨੇ ਥਾਮਸ ਕਿੰਗ ਦੀ ਅਨੁਵਾਦਤ ਕਹਾਣੀ ‘ਸਰਹੱਦ’ ਸੁਣਾਈ ਅਤੇ ਕੁਝ ਕਵੀਆਂ ਨੇ ਕਵਿਤਾਵਾਂ ਸੁਣਾ ਕੇ ਰੰਗ ਬੰਨ੍ਹਿਆ। ਕਾਫ਼ਲੇ ਦੇ ਮੁੱਖ ਸੰਚਾਲਕ ਕੁਲਵਿੰਦਰ ਖਹਿਰਾ ਨੇ ਕਾਫ਼ਲੇ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ 1991 ਤੋਂ ਮੇਜਰ ਮਾਂਗਟ ਕਾਫ਼ਲੇ ਦੇ ਮੁੱਢਲੇ ਮੈਂਬਰਾਂ ਵਿੱਚੋਂ ਇੱਕ ਹੈ। ਪਿਆਰਾ ਸਿੰਘ ਕੁਦੋਵਾਲ ਨੇ ਮਨਪ੍ਰੀਤ ਸਹੋਤਾ ਦਾ ਤੁਆਰਫ਼ ਕਰਾਇਆ।
ਆਪਣੇ ਰੂਬਰੂ ਵਿੱਚ ਮੇਜਰ ਮਾਂਗਟ ਨੇ ਦੱਸਿਆ ਕਿ ਉਹ ਨਾਨਕੇ ਪਿੰਡ ਪੂਨੀਆਂ (ਲੁਧਿਆਣਾ) ਵਿੱਚ ਜੰਮਿਆਂ। ਨੌਵੀਂ ਜਮਾਤ ਤੱਕ ਉੱਥੇ ਹੀ ਪੜ੍ਹਿਆ। ਆਪਣੇ ਆਪ ਨਾਲ ਗੱਲਾਂ ਕਰਨ ਲਈ ਉਹ ਛੇਵੀਂ, ਸੱਤਵੀਂ ਜਮਾਤ ਵਿੱਚ ਹੀ ਤੁਕਬੰਦੀ ਕਰਨ ਲੱਗ ਪਿਆ ਸੀ। ਉਸ ਸਮੇਂ ਲੇਖਕ ਗੁਰਦਿਆਲ ਦਲਾਲ, ਹਮਦਰਦਵੀਰ ਨੌਸ਼ਹਿਰਵੀ, ਸਵਰਨਜੀਤ ਸਵੀ, ਨਾਵਲਕਾਰ ਨਾਨਕ ਸਿੰਘ ਅਤੇ ਸੰਤੋਖ ਸਿੰਘ ਧੀਰ ਦੀਆਂ ਨਾਵਲ/ ਕਹਾਣੀਆਂ ਦਾ ਪ੍ਰਭਾਵ ਜ਼ਿਹਨ ਵਿੱਚ ਕਬੂਲਦਿਆਂ ਉਸ ਨੇ ਪਹਿਲੀ ਕਹਾਣੀ ‘ਸੁਨਹਿਰੀ ਸੂਈ’ ਲਿਖੀ।
ਸੰਨ 1990 ’ਚ ਕੈਨੇਡਾ ਆ ਕੇ ਸਾਹਿਤਕਾਰ ਜਰਨੈਲ ਸਿੰਘ, ਓਂਕਾਰਪ੍ਰੀਤ, ਬਲਤੇਜ ਪੰਨੂ, ਸੁਰਜੀਤ ਫਲੋਰਾ ਅਤੇ ਕੁਲਵਿੰਦਰ ਖਹਿਰਾ ਨਾਲ ਮਿਲ ਕੇ ‘ਪੰਜਾਬੀ ਕਲਮਾਂ ਦੇ ਕਾਫ਼ਲੇ’ ਦਾ ਮੁੱਢ ਬੰਨ੍ਹਿਆ। ਇੱਥੇ ਕਹਾਣੀ ਦੀ ਗੱਲ ਤੋਰਨ ਵਾਲਾ ਪਹਿਲਾ ਕਹਾਣੀਕਾਰ ਮੇਜਰ ਮਾਂਗਟ ਹੀ ਬਣਿਆ। ਫਿਰ ਉਸ ਦੇ ਇੱਕ ਤੋਂ ਬਾਅਦ ਇੱਕ ਸੱਤ ਕਹਾਣੀ ਸੰਗ੍ਰਹਿ: ‘ਤਲ਼ੀਆਂ ’ਤੇ ਉੱਗੇ ਥੋਹਰ’, ‘ਕੂੰਜਾਂ ਦੀ ਮੌਤ’, ‘ਤ੍ਰਿਸ਼ੰਕੂ’, ‘ਪਰੀਆਂ ਦਾ ਦੇਸ਼’, ‘ਮੋਮਬੱਤੀ’, ‘ਮਨ ਮੌਸਮ ਦੀ ਰੰਗਤ’ ਅਤੇ ‘ਬਲੈਕ ਆਇਸ’ ਪ੍ਰਕਾਸ਼ਿਤ ਹੋਏ। ਉਸ ਦੀ ਮੁਲਾਕਾਤਾਂ ਦੀ ਇੱਕ ਪੁਸਤਕ ‘ਆਮ੍ਹਣੇ ਸਾਮ੍ਹਣੇ’, ਕਾਵਿ ਸੰਗ੍ਰਹਿ ‘ਦਰਿਆ ’ਚੋਂ ਦਿਸਦਾ ਚੰਨ’, ਫਿਲਮਾਂ ‘ਸੁਲਗਦੇ ਰਿਸ਼ਤੇ’, ‘ਪਛਤਾਵਾ ਤੇ ਦੌੜ’, ਨਾਵਲ ‘ਸਮੁੰਦਰ ਮੰਥਨ’ ਅਤੇ ‘ਇੱਕ ਜਨਮ ਹੋਰ’, ਵਾਰਤਕ ‘ਮਿੱਟੀ ਨਾ ਫਰੋਲ ਜੋਗੀਆ’ ਅਤੇ ‘ਬ੍ਰਹਿਮੰਡ ਯਾਤਰਾ’, ਸਫ਼ਰਨਾਮਾ ‘ਅਸੀਂ ਵੀ ਦੇਖੀ ਦੁਨੀਆ’ ਪ੍ਰਕਾਸ਼ਿਤ ਹੋ ਚੁੱਕੇ ਹਨ। ਮਲਵਿੰਦਰ ਸਿੰਘ, ਜਸਵਿੰਦਰ ਸੰਧੂ, ਕੁਲਵਿੰਦਰ ਖਹਿਰਾ ਨੇ ਮਾਂਗਟ ਨਾਲ ਉਸ ਦੀ ਕਹਾਣੀ ਬਾਰੇ ਵਿਚਾਰ ਸਾਂਝੇ ਕੀਤੇ। ਹਾਜ਼ਰ ਲੇਖਕਾਂ ਅਤੇ ਪਾਠਕਾਂ ਨੇ ਮੇਜਰ ਮਾਂਗਟ ਨੂੰ ਸਿਰਜਣਾ ਪ੍ਰਕਿਰਿਆ ਬਾਰੇ ਸਵਾਲ ਵੀ ਪੁੱਛੇ।
ਪ੍ਰਧਾਨਗੀ ਸ਼ਬਦ ਬੋਲਦਿਆਂ ਜਰਨੈਲ ਸਿੰਘ ਕਹਾਣੀਕਾਰ ਨੇ ਮੇਜਰ ਮਾਂਗਟ ਬਾਰੇ ਕਿਹਾ ਕਿ ਇੰਨੀ ਦੇਰ ਨਿਰੰਤਰ ਉਹੀ ਲੇਖਕ ਲਿਖਦਾ ਹੁੰਦੈ ਜਿਸ ਦੇ ਅੰਦਰ ਕਹਿਣ ਨੂੰ ਕੁਝ ਹੋਵੇ। ਮਨਪ੍ਰੀਤ ਸਹੋਤਾ ਦੀ ਸਿਫ਼ਤ ਕਰਦਿਆਂ ਉਸ ਨੇ ਕਿਹਾ ਕਿ ਅਨੁਵਾਦ ਕਰਨ ਲਈ ਉਸ ਕੋਲ ਦੋਹਾਂ ਭਾਸ਼ਾਵਾਂ ਦੀ ਚੋਖ਼ੀ ਮੁਹਾਰਤ ਹੈ। ਗੱਲਬਾਤ ਉਪਰੰਤ ਹੋਏ ਕਵੀ ਦਰਬਾਰ ਵਿੱਚ ਗੁਰਦੇਵ ਚੌਹਾਨ, ਗਿਆਨ ਸਿੰਘ ਦਰਦੀ, ਪਿਆਰਾ ਸਿੰਘ ਕੁਦੋਵਾਲ, ਹਰਦਿਆਲ ਸਿੰਘ ਝੀਤਾ, ਮਲਵਿੰਦਰ ਸਿੰਘ ਅਤੇ ਕੁਲਵਿੰਦਰ ਖਹਿਰਾ ਨੇ ਆਪਣੀਆਂ ਖ਼ੂਬਸੂਰਤ ਨਜ਼ਮਾਂ ਪੜ੍ਹ ਕੇ ਵਾਹ ਵਾਹ ਖੱਟੀ।
ਇਸ ਸਮਾਗਮ ਵਿੱਚ ਮੇਜਰ ਮਾਂਗਟ ਦੀ ਸੁਪਤਨੀ ਰਸ਼ਪਿੰਦਰ ਮਾਂਗਟ, ਬੇਟੀਆਂ ਕਰਮਨ ਤੇ ਬਿਸਮਿਨ ਮਾਂਗਟ ਨੇ ਵੀ ਸ਼ਮੂਲੀਅਤ ਕੀਤੀ। ਹਾਜ਼ਰ ਲੇਖਕਾਂ ਤੇ ਪਾਠਕਾਂ ਵਿੱਚ ਹਰਜਿੰਦਰ ਸੰਧੂ, ਸੁੱਚਾ ਸਿੰਘ ਮਾਂਗਟ, ਅੰਮ੍ਰਿਤ ਪ੍ਰਕਾਸ਼ ਸਿੰਘ, ਸ਼ਮਸ਼ੇਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਗੁਰਜਿੰਦਰ ਸਿੰਘ ਸੰਘੇੜਾ, ਪਾਰਸਵਿੰਦਰ ਸਿੰਘ, ਬਲਜੀਤ ਕੌਰ ਧਾਲੀਵਾਲ, ਗੁਰਪਿੰਦਰ ਧਾਲੀਵਾਲ, ਮਨਜੀਤ ਕੌਰ, ਕਮਲ ਪ੍ਰੀਤ ਕੌਰ, ਹਰਪਾਲ ਸਿੰਘ, ਗੁਰਬਖਸ਼ ਕੌਰ, ਲਾਲ ਸਿੰਘ ਬੈਂਸ, ਪ੍ਰਿੰਸੀਪਲ ਜਸਦੀਪ ਅਤੇ ਹੀਰਾ ਲਾਲ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਕਾਫ਼ਲੇ ਦੇ ਸੰਚਾਲਕ ਰਛਪਾਲ ਕੌਰ ਗਿੱਲ ਨੇ ਇਸ ਸਮਾਗਮ ਵਿੱਚ ਸ਼ਾਮਲ ਸਭਨਾਂ ਦਾ ਧੰਨਵਾਦ ਕੀਤਾ।
ਤੰਦਰੁਸਤੀ ਲਈ ਗੁਰਬਾਣੀ ਨਾਲ ਜੁੜਨ ਦਾ ਸੱਦਾ
ਕੈਲਗਰੀ:
ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਵੱਲੋਂ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਚਾਰ ਰੋਜ਼ਾ ਰੋਗ ਨਿਵਾਰਣ ਕੈਂਪ ਦਸਮੇਸ਼ ਕਲਚਰ ਸੈਂਟਰ, ਨੌਰਥ ਈਸਟ ਕੈਲਗਰੀ ਦੇ ਗੁਰੂ ਘਰ ਵਿਖੇ ਲਾਇਆ ਗਿਆ। ਇਸ ਕੈਂਪ ਲਈ ਮਿਸ਼ਨ ਦੀ ਕੈਨੇਡਾ ਇਕਾਈ ਵੱਲੋਂ ਦਵਿੰਦਰ ਸਿੰਘ ਸਹੋਤਾ, ਗਿਆਨ ਸਿੰਘ ਅਤੇ ਰਣਜੀਤ ਸਿੰਘ ਟੋਰਾਂਟੋ ਤੋਂ ਉਚੇਚੇ ਤੌਰ ’ਤੇ ਕੈਲਗਰੀ ਪਹੁੰਚੇ। ਗੁਰਦੀਸ਼ ਕੌਰ ਗਰੇਵਾਲ ਜੋ ਇਸ ਮਿਸ਼ਨ ਨਾਲ ਕਾਫ਼ੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਨੇ ਮਿਸ਼ਨ ਦੇ ਇਤਹਾਸ ਦੀ ਸੰਖੇਪ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਇਹ ਮਿਸ਼ਨ ਹਰਦਿਆਲ ਸਿੰਘ ਆਈਏਐੱਸ (ਰਿਟਾ.) ਚੰਡੀਗੜ੍ਹ, ਦੁਆਰਾ 1983 ਵਿੱਚ ਉਦੋਂ ਸਥਾਪਿਤ ਕੀਤਾ ਗਿਆ ਜਦੋਂ ਉਹ ਆਪਣੀ ਲਾ- ਇਲਾਜ ਬੀਮਾਰੀ ਤੋਂ ‘ਨਾਮੁ ਦਾਰੂ’ ਦੀ ਵਿਧੀ ਰਾਹੀਂ ਪੂਰੀ ਤਰ੍ਹਾਂ ਛੁਟਕਾਰਾ ਪਾ ਚੁੱਕੇ ਸਨ। ਪਹਿਲਾ ਕੈਂਪ ਉਨ੍ਹਾਂ ਨੇ ਗੋਇੰਦਵਾਲ ਸਾਹਿਬ ਵਿਖੇ ਡਾਕਟਰਾਂ ਦੀ ਮੌਜੂਦਗੀ ਵਿੱਚ ਲਾਇਆ, ਜਿਸ ਦੇ ਨਤੀਜੇ ਕਾਫ਼ੀ ਸਾਰਥਕ ਰਹੇ। ਇਨ੍ਹਾਂ ਕੈਂਪਾਂ ਤੋਂ ਪ੍ਰਭਾਵਿਤ ਹੋ ਕੇ ਡਾ. ਬਲਵੰਤ ਸਿੰਘ ਨੇ 1987 ਵਿੱਚ ਲੁਧਿਆਣਾ ਵਿਖੇ ਇਸ ਮਿਸ਼ਨ ਦਾ ਇੱਕ ਯੂਨਿਟ ਸਥਾਪਿਤ ਕਰਕੇ ਹੋਰ ਕੈਂਪਾਂ ਰਾਹੀਂ ਇਸ ਵਿਧੀ ਦਾ ਪ੍ਰਚਾਰ ਕਰਕੇ ਸਫਲ ਤਜਰਬੇ ਕੀਤੇ। ਹੁਣ ਇਸ ਦੀਆਂ ਸ਼ਾਖਾਵਾਂ ਚੰਡੀਗੜ੍ਹ, ਲੁਧਿਆਣਾ, ਟੋਰਾਂਟੋ, ਵੈਨਕੂਵਰ ਤੋਂ ਇਲਾਵਾ ਸਾਰੀ ਦੁਨੀਆ ਵਿੱਚ ਫੈਲ ਚੁੱਕੀਆਂ ਹਨ, ਜਿਸ ਤੋਂ ਹਜ਼ਾਰਾਂ ਮਰੀਜ਼ ਲਾਭ ਉਠਾ ਚੁੱਕੇ ਹਨ।
ਦਵਿੰਦਰ ਸਿੰਘ ਸਹੋਤਾ ਤੇ ਗਿਆਨ ਸਿੰਘ ਤੋਂ ਇਲਾਵਾ ਬੀਬੀ ਜਸਵੀਰ ਕੌਰ, ਗੁਰਦੀਸ਼ ਕੌਰ ਤੇ ਦਲਬੀਰ ਸਿੰਘ ਰਤਨ ਨੇ ਗੁਰਬਾਣੀ ਦੇ ਭਰੋਸੇ ਵਾਲੇ ਸ਼ਬਦਾਂ ਦਾ ਜਾਪ ਅਤੇ ਸਿਮਰਨ ਕਰਾ ਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ਮਿਸ਼ਨ ਦੇ ਸੇਵਾਦਾਰਾਂ ਵੱਲੋਂ ਸੰਗਤ ਨੂੰ ਦੁੱਖ- ਕਲੇਸ਼ ਅਤੇ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੂਝਣ ਲਈ ਗੁਰਬਾਣੀ ਨਾਲ ਜੁੜਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਸੰਗਤ ਦੀ ਮੰਗ ਅਨੁਸਾਰ ਤਿੰਨਾਂ ਭਾਸ਼ਾਵਾਂ ਵਿੱਚ ਛਪੇ ਮਿਸ਼ਨ ਦੇ ਲਿਟਰੇਚਰ, ਗੁਰਬਾਣੀ ਰੇਡੀਓ ਤੇ ਸੀ. ਡੀਜ਼ ਦੀ ਪ੍ਰਦਰਸ਼ਨੀ ਵੀ ਲਾਈ ਗਈ। ਸੰਗਤ ਨੂੰ ਮਿਸ਼ਨ ਦੀ ਵੈੱਬਸਾਈਟ ਤੋਂ ਇਲਾਵਾ ਕੇਂਦਰੀ ਸਥਾਨਾਂ ’ਤੇ ਹੋਣ ਵਾਲੇ ਪ੍ਰੋਗਰਾਮ, ਰੇਡੀਓ ਅਤੇ ਟੀ. ਵੀ. ਦੇ ਪ੍ਰੋਗਰਾਮਾਂ ਤੋਂ ਵੀ ਜਾਣੂ ਕਰਵਾਇਆ ਅਤੇ ਲੁਧਿਆਣੇ ਦੇ ਕੈਂਪਾਂ ਦੇ ਆਪਣੇ ਕੁਝ ਨਿੱਜੀ ਤਜਰਬੇ ਵੀ ਸੰਗਤ ਨਾਲ ਸਾਂਝੇ ਕੀਤੇ।
ਖ਼ਬਰ ਸਰੋਤ: ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ
ਸੰਪਰਕ: 403-404-1450