ਵਿਧਾਇਕ ਢੋਸ ਅਤੇ ਕਿਸਾਨਾਂ ਵਿਚਾਲੇ ਸਦਭਾਵਨਾ ਬੈਠਕ ਤੋਂ ਬਾਅਦ ਟਲਿਆ ਆਪਸੀ ਟਕਰਾਅ
ਹਰਦੀਪ ਸਿੰਘ
ਧਰਮਕੋਟ, 9 ਅਪਰੈਲ
ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਕਿਸਾਨਾਂ ਵਿਚਾਲੇ ਚੱਲ ਰਿਹਾ ਆਪਸੀ ਟਕਰਾਅ ਅੱਜ ਖਤਮ ਹੋ ਗਿਆ। ਵਿਧਾਇਕ ਢੋਸ ਵੱਲੋਂ ਪਛਤਾਵਾ ਜ਼ਾਹਿਰ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਨਾਲ ਆਪਣਾ ਮਨ-ਮੁਟਾਅ ਦੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਅੱਜ ਦੁਪਹਿਰ ਵੇਲੇ ਡੀਐਸਪੀ ਦਫ਼ਤਰ ਧਰਮਕੋਟ ਵਿਖੇ ਹੋਈ ਸਦਭਾਵਨਾ ਬੈਠਕ ਵਿੱਚ ਵਿਧਾਇਕ ਢੋਸ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਹੋਏ। ਦੂਸਰੇ ਪਾਸੇ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਖੋਸਾ, ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਏਕਤਾ ਆਜ਼ਾਦ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ ਦੌਧਰ, ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹ ਵਾਲਾ, ਅਵਤਾਰ ਸਿੰਘ ਧਰਮ ਸਿੰਘ ਵਾਲਾ ਆਦਿ ਆਗੂ ਹਾਜ਼ਰ ਸਨ।
ਉਪ ਮੰਡਲ ਪੁਲੀਸ ਅਧਿਕਾਰੀ ਰਮਨਦੀਪ ਸਿੰਘ ਨੇ ਵਿਧਾਇਕ ਅਤੇ ਕਿਸਾਨਾਂ ਵਿਚਾਲੇ ਵਿਵਾਦ ਨੂੰ ਸੁਲਝਾਉਣ ਵਿਚ ਭੂਮਿਕਾ ਨਿਭਾਈ। ਵਿਧਾਇਕ ਢੋਸ ਨੇ ਇਸ ਮੌਕੇ ਖੁੱਲ੍ਹੇ ਦਿਲ ਨਾਲ 31 ਮਾਰਚ ਨੂੰ ਪਿੰਡ ਕੈਲਾ ਵਿਖੇ ਉਨ੍ਹਾਂ ਦੇ ਘਰ ਦਾ ਘਿਰਾਓ ਕਰਨ ਪੁੱਜੇ ਕਿਸਾਨਾਂ ਨਾਲ ਹੋਈ ਜ਼ਿਆਦਤੀ ਲਈ ਮੁਆਫੀ ਮੰਗੀ ਅਤੇ ਭਵਿੱਖ ਵਿਚ ਪਹਿਲਾਂ ਦੀ ਤਰ੍ਹਾਂ ਕਿਸਾਨਾਂ ਨਾਲ ਖੜ੍ਹੇ ਹੋਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਹਾਜ਼ਰ ਕਿਸਾਨ ਆਗੂਆਂ ਨੇ ਮਾਮਲੇ ਨੂੰ ਇੱਥੇ ਹੀ ਖਤਮ ਕਰਨ ਦਾ ਐਲਾਨ ਕੀਤਾ। ਇੱਥੇ ਦੱਸਣਯੋਗ ਹੈ ਕਿ ਵਿਵਾਦ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਨੇ 11 ਅਪਰੈਲ ਨੂੰ ਵਿਧਾਇਕ ਦੇ ਪਿੰਡ ਕੈਲਾ ਵਿਖੇ ਵੱਡਾ ਇਕੱਠ ਰੱਖਿਆ ਹੋਇਆ ਸੀ ਜਿਸ ਸਦਕਾ ਆਪਸੀ ਟਕਰਾਅ ਦੇ ਆਸਾਰ ਬਣ ਗਏ ਸਨ।