ਬਾਬਾ ਫਰੀਦ ’ਵਰਸਿਟੀ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ’ਤੇ ਕਾਨਫਰੰਸ
ਜਸਵੰਤ ਜੱਸ
ਫ਼ਰੀਦਕੋਟ, 18 ਮਈ
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲੋਂ ਇੱਥੇ “ਆਰਟੀਫਿਸ਼ਲ ਇੰਟੈਲੀਜੈਂਸ ਪੈਰਾਡਾਈਮਜ਼ ਇੰਨ ਡਰੱਗ ਡਿਸਕਵਰੀ ਐਂਡ ਫਾਰਮਾਸਿਊਟੀਕਲ ਰਿਸਰਚ” ਵਿਸ਼ੇ ’ਤੇ ਇੱਕ ਰੋਜ਼ਾ ਰਾਸ਼ਟਰੀ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਦਾ ਉਦਘਾਟਨ ਸਮਾਗਮ ਦੇ ਮੁੱਖ ਮਹਿਮਾਨ ਤੇ ਰਜਿਸਟਰਾਰ ਪ੍ਰੋਫੈਸਰ ਡਾ. ਦੀਪਕ ਜੌਹਨ ਭੱਟੀ ਨੇ ਕੀਤਾ। ਕਾਨਫਰੰਸ ਦੇ ਕਨਵੀਨਰ ਪ੍ਰੋ. ਵਿਨੇ ਚਾਵਲਾ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਦੇਸ਼ ਦੇ 14 ਰਾਜ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਭਾਰਤ ਭਰ ਦੇ ਵੱਖ-ਵੱਖ ਫਾਰਮੇਸੀ ਕਾਲਜਾਂ, ਰਾਜ/ਕੇਂਦਰੀ ਯੂਨੀਵਰਸਿਟੀਆਂ ਅਤੇ ਰਾਸ਼ਟਰੀ ਸੰਸਥਾਵਾਂ ਦੇ 350 ਤੋਂ ਵੱਧ ਪ੍ਰਤੀਭਾਗੀਆਂ ਨੇ ਸਬੰਧਤ ਵਿਸ਼ੇ ’ਤੇ ਆਨਲਾਈਨ ਅਤੇ ਆਫਲਾਈਨ ਮੋਡ ਰਾਹੀਂ ਆਪਣੇ ਖੋਜ ਪੱਤਰ/ਪੋਸਟਰ ਪੇਸ਼ ਕੀਤੇ। ਕਾਨਫਰੰਸ ਦੇ ਤਿੰਨ ਪ੍ਰਬੰਧਕੀ ਸਕੱਤਰਾਂ ਪ੍ਰੋ. ਪੂਜਾ ਚਾਵਲਾ, ਡਾ. ਹਨੀ ਗੋਇਲ ਅਤੇ ਰੋਹਨ ਭੱਟੀ ਨੇ ਸਾਰੇ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਾਨਫਰੰਸ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ। ਕਾਨਫਰੰਸ ਦੌਰਾਨ ਦਵਾਈਆਂ ਦੀ ਖੋਜ, ਫਾਰਮਾਸਿਊਟੀਕਲ ਖੋਜ ਅਤੇ ਬਾਇਓਮੈਡੀਕਲ ਵਿਗਿਆਨ ਦੇ ਖੇਤਰ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿਭਿੰਨ ਉਪਯੋਗਾਂ ਨੂੰ ਉਜਾਗਰ ਕੀਤਾ ਗਿਆ। ਕਾਫਰੰਸ ਦੌਰਾਨ 100 ਤੋਂ ਵੱਧ ਡੈਲੀਗੇਟਾਂ ਨੇ ਆਨਲਾਈਨ ਤੇ ਆਫਲਾਈਨ ਪੋਸਟਰ ਪੇਸ਼ਕਾਰੀਆਂ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਅਜਿਹੀਆਂ ਕਾਨਫਰੰਸਾਂ ਭਵਿੱਖ ਵਿੱਚ ਵੀ ਕਰਵਾਈਆਂ ਜਾਣਗੀਆਂ। ਇਸ ਮੌਕੇ ਡਾ. ਰਾਕੇਸ਼ ਗੋਰੀਆ, ਡਾ. ਸੰਜੇ ਗੁਪਤਾ, ਪ੍ਰਿੰਸੀਪਲ ਡਾ. ਨੀਤੂ ਕੁੱਕੜ, ਡਾ. ਪਰਵੀਨ ਬਾਂਸਲ, ਪ੍ਰੋ. ਰਾਜੀਵ ਜੋਸ਼ੀ, ਡਾ. ਰਾਜੀਵ ਮਿਨਹਾਸ, ਪ੍ਰੋ. ਏ.ਕੇ. ਤਿਵਾੜੀ, ਪ੍ਰੋ. ਹਰੀਸ਼ ਦੁਰੇਜਾ, ਪ੍ਰੋ. ਸੁਭੀਤ ਜੈਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।