ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਕਰਵਾਈ
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ
ਐੱਮਸੀਡੀ ਦੇ ਸਾਰੇ ਸਕੂਲਾਂ ’ਚ ਸ਼ਨਿਚਰਵਾਰ ਨੂੰ ਜਸ਼ਨ ਦੇ ਰੂਪ ’ਚ ਮੈਗਾ ਮਾਪੇ ਅਧਿਆਪਕਾਂ ਦੀ ਮਿਲਣੀ (ਪੀਟੀਐੱਮ) ਕਰਵਾਈ ਗਈ। ਸਕੂਲਾਂ ਵਿੱਚ ਕਰਵਾਏ ਗਏ ਮੈਗਾ ਪੀਟੀਐੱਮ ਵਿੱਚ ਮਾਪਿਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੀ ਤਰੱਕੀ ਬਾਰੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਨਾਲ ਹੀ ਸਕੂਲ ਦੀ ਬਿਹਤਰੀ ਲਈ ਸੁਝਾਅ ਵੀ ਦਿੱਤੇ। ਸਿੱਖਿਆ ਮੰਤਰੀ ਆਤਿਸ਼ੀ ਨੇ ਮੈਗਾ ਪੀਟੀਐਮ ਵਿੱਚ ਹਿੱਸਾ ਲਿਆ ਅਤੇ ਈਸਟ ਆਫ਼ ਕੈਲਾਸ਼ ਕੈਲਾਸ਼ ਵਿੱਚ ਸਥਿਤ ਐੱਮਸੀਡੀ ਸਕੂਲ ਅਤੇ ਗੜ੍ਹੀ, ਕਾਲਕਾਜੀ ਵਿੱਚ ਸਥਿਤ ਦਿੱਲੀ ਸਰਕਾਰੀ ਸਕੂਲ ਦੇ ਬੱਚਿਆਂ ਦੇ ਮਾਪਿਆਂ ਨਾਲ ਚਰਚਾ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਸਾਰੇ ਮਾਪੇ ਆਪਣੇ ਬੱਚਿਆਂ ਨਾਲ ਆਪਣੇ ਸਕੂਲਾਂ ਵਿੱਚ ਆਉਣ, ਆਪਣੇ ਬੱਚਿਆਂ ਦੀ ਤਰੱਕੀ ਬਾਰੇ ਅਧਿਆਪਕਾਂ ਨਾਲ ਗੱਲ ਕਰਨ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਭਾਗੀਦਾਰ ਬਣਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਦਿੱਲੀ ਦੇ ਲੋਕਾਂ ਨਾਲ ਵਾਅਦਾ ਹੈ, ‘‘ਅਸੀਂ ਤੁਹਾਡੇ ਬੱਚਿਆਂ ਨੂੰ ਆਪਣੇ ਬੱਚਿਆਂ ਨਾਲੋਂ ਵਧੀਆ ਸਿੱਖਿਆ ਦੇ ਕੇ ਉਨ੍ਹਾਂ ਦਾ ਭਵਿੱਖ ਸੰਵਾਰਾਂਗੇ।’’ ਉਨ੍ਹਾਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਨੇ ਮੈਗਾ ਪੀਟੀਐੱਮ ਰਾਹੀਂ 10 ਸਾਲਾਂ ਤੋਂ ਮਾਪਿਆਂ ਨਾਲ ਇਸ ਰਿਸ਼ਤੇ ਨੂੰ ਮਜ਼ਬੂਤ ਕੀਤਾ ਹੈ। ਹੁਣ ਐੱਮਸੀਡੀ ਸਕੂਲ ਵੀ ਇਹ ਰੋਲ ਨਿਭਾ ਰਹੇ ਹਨ। ਮਾਪੇ-ਅਧਿਆਪਕਾਂ ਦੇ ਸਾਂਝੇ ਯਤਨਾਂ ਸਦਕਾ ਅੱਜ ਕੇਜਰੀਵਾਲ ਦੇ ਸਰਕਾਰੀ ਸਕੂਲ ਦੇਸ਼ ਦੇ ਚੋਟੀ ਦੇ ਸਕੂਲਾਂ ਵਿੱਚ ਸ਼ਾਮਲ ਹਨ; ਹੁਣ ਐਮਸੀਡੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਵਾਰੀ ਹੈ। ਆਤਿਸ਼ੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚੇ ਦੇ ਚੰਗੇਰੇ ਭਵਿੱਖ ਲਈ ਹਰ ਰੋਜ਼ ਕੁਝ ਸਮਾਂ ਕੱਢ ਕੇ ਬੱਚਿਆਂ ਨਾਲ ਉਨ੍ਹਾਂ ਦੀ ਪੜ੍ਹਾਈ ਬਾਰੇ ਗੱਲ ਕਰਨ। ਬੱਚਿਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ, ਮੈਗਾ ਪੀਟੀਐੱਮ ਇਸ ਲਈ ਪਲੈਟਫਾਰਮ ਤਿਆਰ ਕਰਦਾ ਹੈ।