For the best experience, open
https://m.punjabitribuneonline.com
on your mobile browser.
Advertisement

ਬਿਸ਼ਕੇਕ ਦੇ ਹਾਲਾਤ

06:17 AM May 24, 2024 IST
ਬਿਸ਼ਕੇਕ ਦੇ ਹਾਲਾਤ
Advertisement

ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਕਾਫ਼ੀ ਸੰਖਿਆ ਵਿੱਚ ਭਾਰਤੀ ਵਿਦਿਆਰਥੀ ਖ਼ਾਸਕਰ ਮੈਡੀਕਲ ਵਿਦਿਆਰਥੀ ਘਿਰੇ ਹੋਏ ਹਨ ਅਤੇ ਇਸ ਸੰਕਟ ਵੱਲ ਫ਼ੌਰੀ ਧਿਆਨ ਦੇਣ ਅਤੇ ਕਾਰਵਾਈ ਕਰਨ ਦੀ ਲੋੜ ਹੈ। ਉੱਥੇ ਵਿਦੇਸ਼ੀ ਨਾਗਰਿਕਾਂ ਖਿ਼ਲਾਫ਼ ਅਚਨਚੇਤ ਹੀ ਹਜੂਮੀ ਹਿੰਸਾ ਦੇਖਣ ਨੂੰ ਮਿਲ ਰਹੀ ਹੈ ਜਿਸ ਕਰ ਕੇ 15 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਬੁਰੀ ਸਥਿਤੀ ਵਿੱਚ ਦੱਸੇ ਜਾਂਦੇ ਹਨ। ਇਨ੍ਹਾਂ ਵਿੱਚ ਕਰੀਬ ਦੋ ਹਜ਼ਾਰ ਵਿਦਿਆਰਥੀ ਪੰਜਾਬ ਅਤੇ ਹਰਿਆਣਾ ਨਾਲ ਸਬੰਧਿਤ ਹਨ। ਰਿਪੋਰਟਾਂ ਆਈਆਂ ਹਨ ਕਿ ਕੁਝ ਵਿਦਿਆਰਥੀ ਤਾਂ ਚਾਹ ਪੀ ਕੇ ਅਤੇ ਖੀਰੇ ਖਾ ਕੇ ਦਿਨ ਕੱਟ ਰਹੇ ਹਨ। ਜਦੋਂ ਉਹ ਖਾਣ-ਪੀਣ ਦਾ ਸਾਮਾਨ ਲੈਣ ਲਈ ਬਾਜ਼ਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਜੂਮੀ ਹਿੰਸਾ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉੱਥੋਂ ਦੇ ਹਾਲਾਤ ਕਿੰਨੇ ਵਿਗੜ ਚੁੱਕੇ ਹੋਣਗੇ। ਬਿਸ਼ਕੇਕ ਵਿੱਚ ਕੁਝ ਕੌਮਾਂਤਰੀ ਵਿਦਿਆਰਥੀਆਂ ਨੂੰ ਹਮਲਿਆਂ ਅਤੇ ਪ੍ਰੇਸ਼ਾਨੀ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਦੇ ਮੱਦੇਨਜ਼ਰ ਵਿਦਿਆਰਥੀਆਂ ਅੰਦਰ ਸਹਿਮ ਫੈਲ ਗਿਆ ਹੈ। ਇਸੇ ਦੌਰਾਨ ਮਕਾਨ ਮਾਲਕਾਂ ਵੱਲੋਂ ਮਨਮਰਜ਼ੀ ਦੇ ਕਿਰਾਏ ਦੀ ਮੰਗ ਵੀ ਕੀਤੀ ਜਾ ਰਹੀ ਹੈ ਜਦੋਂਕਿ ਜ਼ਰੂਰੀ ਸਹੂਲਤਾਂ ਮੁਹੱਈਆ ਕਰਾਉਣ ਤੋਂ ਅਸਮੱਰਥਾ ਜ਼ਾਹਿਰ ਕੀਤੀ ਜਾ ਰਹੀ ਹੈ।
ਬਿਸ਼ਕੇਕ ਵਿੱਚ ਭਾਰਤੀ ਦੂਤਾਵਾਸ ਅਤੇ ਕਿਰਗਿਜ਼ਸਤਾਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਹਾਲਾਤ ਆਮ ਵਰਗੇ ਹੋ ਗਏ ਹਨ ਪਰ ਵਿਦਿਆਰਥੀਆਂ ਨੂੰ ਜਿਹੋ ਜਿਹੇ ਹਾਲਾਤ ਵਿੱਚੋਂ ਲੰਘਣਾ ਪਿਆ ਹੈ, ਉਸ ਦੇ ਪੇਸ਼ੇਨਜ਼ਰ ਇਹ ਦਾਅਵੇ ਖੋਖਲੇ ਜਾਪ ਰਹੇ ਹਨ। ਸੋਸ਼ਲ ਮੀਡੀਆ ’ਤੇ ਜਿਸ ਕਿਸਮ ਦੀਆਂ ਵੀਡੀਓਜ਼ ਅਤੇ ਅਰਜੋਈਆਂ ਵਾਇਰਲ ਹੋਈਆਂ ਹਨ, ਉਹ ਸਰਕਾਰ ਦੇ ਦਾਅਵਿਆਂ ਤੋਂ ਵੱਖਰੀ ਸਥਿਤੀ ਬਿਆਨ ਕਰ ਰਹੀਆਂ ਹਨ ਜਿਸ ਤੋਂ ਸੰਕੇਤ ਮਿਲਿਆ ਹੈ ਕਿ ਕੂਟਨੀਤਕ ਅਧਿਕਾਰੀ ਜ਼ਮੀਨੀ ਹਕੀਕਤਾਂ ਤੋਂ ਵਾਕਿਫ਼ ਨਹੀਂ ਹਨ। ਇਸ ਮਾਮਲੇ ਪ੍ਰਤੀ ਨਵੀਂ ਦਿੱਲੀ ਦਾ ਵਤੀਰਾ ਬਹੁਤ ਹੀ ਢਿੱਲ-ਮੱਠ ਭਰਿਆ ਅਤੇ ਨਾਕਾਫ਼ੀ ਨਜ਼ਰ ਆਉਂਦਾ ਹੈ। ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਆਮ ਵਰਗੇ ਹਾਲਾਤ ਬਹਾਲ ਹੋਣ ਬਾਰੇ ਦਿੱਤੇ ਗਏ ਭਰੋਸਿਆਂ ਨਾਲ ਦਰਪੇਸ਼ ਹਾਲਾਤ ’ਤੇ ਕੋਈ ਸੁਖਾਵਾਂ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ।
ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰ ਕੇ ਆਪਣੇ ਨਾਗਰਿਕਾਂ ਨੂੰ ਤਰਜੀਹੀ ਤੌਰ ’ਤੇ ਸੁਰੱਖਿਅਤ ਕੱਢਣਾ ਅਤੇ ਹਵਾਈ ਅੱਡੇ ਤੱਕ ਉਨ੍ਹਾਂ ਦੀ ਸਲਾਮਤੀ ਯਕੀਨੀ ਬਣਾਉਣਾ ਭਾਰਤ ਸਰਕਾਰ ਦੀ ਜਿ਼ੰਮੇਵਾਰੀ ਹੈ। ਮੈਡੀਕਲ ਵਿਦਿਆਰਥੀ ਅਣਸੁਖਾਵੇਂ ਮਾਹੌਲ ਕਾਰਨ ਖ਼ੁਦ ਕਿਤੇ ਆਉਣ-ਜਾਣ ਦੇ ਸਮਰੱਥ ਨਹੀਂ ਹਨ। ਭਾਰਤ ਸਰਕਾਰ ਨੂੰ ਕਿਰਗਿਜ਼ਸਤਾਨ ਨਾਲ ਕੂਟਨੀਤਕ ਪੱਧਰ ’ਤੇ ਸੰਵਾਦ ਕਰਨਾ ਚਾਹੀਦਾ ਹੈ ਤਾਂ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣ ਸਕੇ ਅਤੇ ਨਾਲ ਹੀ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਵਾਪਰਨ ਤੋਂ ਰੋਕਣ ਬਾਰੇ ਵੀ ਚਰਚਾ ਕਰਨੀ ਚਾਹੀਦੀ ਹੈ। ਹਜ਼ਾਰਾਂ ਨੌਜਵਾਨ ਭਾਰਤੀਆਂ ਦੀਆਂ ਜਿ਼ੰਦਗੀਆਂ ਅਤੇ ਸਲਾਮਤੀ ਦੇਸ਼ ਦੀ ਤਰਜੀਹ ਹੋਣੀ ਚਾਹੀਦੀ ਹੈ। ਦੋ ਕੁ ਸਾਲ ਪਹਿਲਾਂ ਯੂਕਰੇਨ ਵਿਚ ਪੜ੍ਹਨ ਗਏ ਹਜ਼ਾਰਾਂ ਭਾਰਤੀ ਮੈਡੀਕਲ ਵਿਦਿਆਰਥੀਆਂ ਲਈ ਨਾਜ਼ੁਕ ਹਾਲਾਤ ਪੈਦਾ ਹੋ ਗਏ ਸਨ ਜਦੋਂ ਰੂਸ ਅਤੇ ਯੂਕਰੇਨ ਵਿਚਕਾਰ ਫ਼ੌਜੀ ਟਕਰਾਅ ਪੈਦਾ ਹੋਣ ਕਰ ਕੇ ਇਹ ਵਿਦਿਆਰਥੀ ਉੱਥੇ ਫਸ ਗਏ ਸਨ।

Advertisement

Advertisement
Author Image

joginder kumar

View all posts

Advertisement
Advertisement
×