ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਵਰਕੌਮ ਵੱਲੋਂ ਸੇਵਾਮੁਕਤ ਮੁਲਾਜ਼ਮਾਂ ਨੂੰ ਮੁੜ ਬੁਲਾਉਣ ਦੇ ਫ਼ੈਸਲੇ ਦੀ ਨਿਖੇਧੀ

08:47 AM Jul 26, 2024 IST

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 25 ਜੁਲਾਈ
ਬੀਤੇ ਸਮੇਂ ਦੌਰਾਨ ਵੱਖ-ਵੱਖ ਵਰਗਾਂ ਵੱਲੋਂ ਬਿਜਲੀ ਦੀ ਸੁਚਾਰੂ ਸਪਲਾਈ ਨਾ ਹੋਣ ਸਬੰਧੀ ਲਾਏ ਗਏ ਦੋਸ਼ਾਂ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੇ ਲਗਭਗ ਕਬੂਲ ਕਰ ਲਿਆ ਹੈ ਜਿਸ ਤੋਂ ਬਾਅਦ ਹੁਣ ਸੇਵਾਮੁਕਤ ਟੈਕਨੀਕਲ ਸਟਾਫ਼ ਨੂੰ ਆਪਾਤਕਾਲ ਸਥਿਤੀ ਵਿੱਚ ਕੰਮ ਚਲਾਉਣ ਲਈ ਰੱਖਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।
ਉੱਧਰ ਸੇਵਾਮੁਕਤ ਮੁਲਾਜ਼ਮਾਂ ਸਮੇਤ ਬਿਜਲੀ ਬੋਰਡ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਕਾਰਪੋਰੇਸ਼ਨ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਖਾਲੀ ਅਸਾਮੀਆਂ ਤੁਰੰਤ ਭਰਨ ਦੀ ਮੰਗ ਕੀਤੀ ਹੈ। ਮਾਲੇਰਕੋਟਲਾ ਤੇ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਪਾਵਰ ਕਾਰਪੋਰੇਸ਼ਨ ਦਫ਼ਤਰਾਂ ਵਿੱਚ ਸੀਨੀਅਰ ਅਧਿਕਾਰੀਆਂ ਵੱਲੋਂ ਹਾਲ ਹੀ ਵਿੱਚ ਆਏ ਹੁਕਮਾਂ ਦੀਆਂ ਕਾਪੀਆਂ ਵਾਚਨ ਤੋਂ ਪਤਾ ਚੱਲਿਆ ਹੈ ਕਿ ਗਰਮੀਆਂ ਅਤੇ ਝੋਨਾ ਸੀਜਨ ਦੌਰਾਨ ਬਿਜਲੀ ਨੂੰ ਸਹੀ ਢੰਗ ਨਾਲ ਖਪਤਕਾਰਾਂ ਤੱਕ ਪਹੁੰਚਾਉਣ ਵਿੱਚ ਦਿੱਕਤ ਪੇਸ਼ ਆਉਂਦੀ ਰਹੀ ਹੈ। ਅਧਿਕਾਰੀਆਂ ਨੇ ਇਹ ਮਹਿਸੂਸ ਕੀਤਾ ਹੈ ਨਿਰਵਿਘਨ ਬਿਜਲੀ ਸਪਲਾਈ ਨਾ ਦਿੱਤੇ ਜਾਣ ਨਾਲ ਖਪਤਕਾਰਾਂ ਵਿੱਚ ਰੋਸ ਹੈ। ਚੀਫ ਇੰਜਨੀਅਰ ਕੇਂਦਰੀ ਜ਼ੋਨ ਲੁਧਿਆਣਾ ਵੱਲੋਂ ਆਪਾਤਕਾਲ ਸਥਿਤੀ ਵਿੱਚ ਮਹਿਕਮੇ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰਿਟਾਇਰ ਹੋਏ ਟੈਕਨੀਕਲ ਕਰਮਚਾਰੀ (ਸਹਾਇਕ ਲਾਇਨਮੈਨ, ਲਾਈਨਮੈਨ) ਨੂੰ ਰੱਖਣ ਸਬੰਧੀ- ਸਿਰਲੇਖ ਹੇਠ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੀਂਹ ਝੱਖੜ ਦੌਰਾਨ ਸਟਾਫ਼ ਦੀ ਕਮੀ ਕਾਰਨ ਬੰਦ ਹੋਈ ਸਪਲਾਈ ਬਹਾਲ ਕਰਨ ਵਿੱਚ ਦੇਰੀ ਹੁੰਦੀ ਹੈ। ਪੱਤਰ ਰਾਹੀਂ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਬੰਧਤ ਅਧਿਕਾਰੀ ਆਪਣੇ ਹਲਕੇ ਅਧੀਨ ਰਿਟਾਇਰ ਹੋਏ ਟੈਕਨੀਕਲ ਕਰਮਚਾਰੀ, ਜਿਨ੍ਹਾਂ ਦੀ ਉਮਰ 31 ਦਸੰਬਰ 2024 ਨੂੰ 62 ਸਾਲ ਤੋਂ ਘੱਟ ਹੋਵੇ ਦੀ ਸਹਿਮਤੀ ਲੈ ਕੇ ਤੁਰੰਤ ਲਿਸਟ ਭੇਜਣ। ਦੂਜੇ ਪਾਸੇ, ਬਿਜਲੀ ਮੁਲਾਜ਼ਮ ਰਿਟਾਇਰੀ ਯੂਨੀਅਨ ਦੇ ਪ੍ਰਧਾਨ ਸੁਖਚਰਨਜੀਤ ਸ਼ਰਮਾ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਅਤੇ ਕਾਰਪੋਰੇਸ਼ਨ ਦੀ ਪ੍ਰਬੰਧਕੀ ਕਮੇਟੀ ਪਹਿਲਾਂ ਲਾਗੂ ਕੀਤੀਆਂ ਗਲਤ ਨੀਤੀਆਂ ਵਿੱਚ ਸੁਧਾਰ ਕਰਨ ਦੀ ਬਜਾਇ ਲੋਕ ਦਿਖਾਵਾ ਕਰਕੇ ਖਪਤਕਾਰਾਂ ਅਤੇ ਪੱਕੇ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ। ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ, ਸਹਾਇਕ ਸਕੱਤਰ ਜਸਵਿੰਦਰ ਸਿੰਘ ਅਤੇ ਸਥਾਨਕ ਪ੍ਰਧਾਨ ਆਸ਼ੂ ਬੈਂਸ ਦੀ ਅਗਵਾਈ ਵਿੱਚ ਹੋਰਨਾਂ ਆਗੂਆਂ ਨੇ ਵੀ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਮੁੜ ਨੌਕਰੀ ’ਤੇ ਰੱਖਣ ਲਈ ਕੱਢੇ ਪੱਤਰ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਹ ਪੱਤਰ ਫੌਰੀ ਰੱਦ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ।

Advertisement

Advertisement