For the best experience, open
https://m.punjabitribuneonline.com
on your mobile browser.
Advertisement

ਜਹਾਜ਼ ਵਿੱਚ ਬੰਬ ਦੀ ਅਫ਼ਵਾਹ ਨੇ ਭਾਜੜਾਂ ਪਾਈਆਂ

07:05 AM Oct 20, 2024 IST
ਜਹਾਜ਼ ਵਿੱਚ ਬੰਬ ਦੀ ਅਫ਼ਵਾਹ ਨੇ ਭਾਜੜਾਂ ਪਾਈਆਂ
ਜਾਂਚ ਮੁਕੰਮਲ ਹੋਣ ਮਗਰੋਂ ਹਵਾਈ ਅੱਡੇ ਤੋਂ ਬਾਹਰ ਆਉਂਦੇ ਹੋਏ ਯਾਤਰੀ।
Advertisement

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 19 ਅਕਤੂਬਰ
ਹੈਦਰਾਬਾਦ ਤੋਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਮੁਹਾਲੀ ’ਤੇ ਪਹੁੰਚੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਨੰਬਰ-6ਈ-108 ਵਿੱਚ ਬੰਬ ਦੀ ਧਮਕੀ ਤੋਂ ਬਾਅਦ ਹਵਾਈ ਅੱਡਾ ਪ੍ਰਸ਼ਾਸਨ, ਸੁਰੱਖਿਆ ਦਸਤਿਆਂ ਅਤੇ ਪੁਲੀਸ ਨੂੰ ਭਾਜੜਾਂ ਪੈ ਗਈਆਂ। ਸਬੰਧਤ ਜਹਾਜ਼ ਨੂੰ ਰਨਵੇ ’ਤੇ ਹੀ ਰੋਕ ਕੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਨ੍ਹਾਂ ਵਿੱਚ ਬਜ਼ੁਰਗ, ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਉਪਰੰਤ ਸੁਰੱਖਿਆ ਮੁਲਾਜ਼ਮਾਂ ਨੇ ਸਵਾਰੀਆਂ ਅਤੇ ਉਨ੍ਹਾਂ ਦੇ ਬੈਗਾਂ ਦੀ ਡੂੰਘਾਈ ਨਾਲ ਜਾਂਚ ਕੀਤੀ। ਇਸ ਦੌਰਾਨ ਸੁਰੱਖਿਆ ਅਮਲੇ ਵੱਲੋਂ ਹਵਾਈ ਜਹਾਜ਼ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ। ਚੈਕਿੰਗ ਦੇ ਚੱਲਦਿਆਂ ਮੁਸਾਫ਼ਰਾਂ ਨੂੰ ਕਰੀਬ ਤਿੰਨ ਘੰਟੇ ਹਵਾਈ ਅੱਡੇ ’ਤੇ ਰੋਕ ਕੇ ਰੱਖਿਆ ਗਿਆ। ਹਵਾਈ ਅੱਡੇ ਤੇ ਆਸਪਾਸ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ। ਇਸ ਉਡਾਣ ਵਿੱਚ ਆ ਸਵਾਰ ਯਾਤਰੀਆਂ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਸਨ।
ਜਾਣਕਾਰੀ ਅਨੁਸਾਰ ਹੈਦਰਾਬਾਦ ਤੋਂ ਆਈ ਇਹ ਉਡਾਣ ਕਰੀਬ ਦੁਪਹਿਰ ਸਾਢੇ 12 ਵਜੇ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ ਸੀ। ਇਸ ਦੌਰਾਨ ਕਿਸੇ ਨੇ ਇੰਡੀਗੋ ਏਅਰਲਾਈਨਜ਼ ਨੂੰ ਸੋਸ਼ਲ ਮੀਡੀਆ ਰਾਹੀਂ ਜਹਾਜ਼ ਵਿੱਚ ਬੰਬ ਰੱਖੇ ਹੋਣ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਹਵਾਈ ਅੱਡੇ ਦਾ ਅਮਲਾ ਅਤੇ ਸੁਰੱਖਿਆ ਫੋਰਸ ਹਾਈ ਅਲਰਟ ’ਤੇ ਆ ਗਏ। ਹਵਾਈ ਅੱਡਾ ਅਥਾਰਟੀ ਵੱਲੋਂ ਜਿੱਥੇ ਹਵਾਈ ਅੱਡੇ ’ਤੇ ਭਾਰੀ ਪੁਲੀਸ ਫੋਰਸ ਸੱਦੀ ਗਈ, ਉੱਥੇ ਸੂਹੀਆ ਕੁੱਤੇ, ਬੰਬ ਨੂੰ ਨਸ਼ਟ ਕਰਨ ਵਾਲਾ ਦਸਤਾ, ਐਂਬੂਲੈਂਸ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਬੁਲਾਇਆ ਗਿਆ ਅਤੇ ਸਵਾਰੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ, ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਸਣੇ ਹੋਰ ਉੱਚ ਅਧਿਕਾਰੀ ਅਤੇ ਸੁਰੱਖਿਆ ਦਸਤਿਆਂ ਦੀਆਂ ਕਈ ਟੀਮਾਂ ਵੀ ਹਵਾਈ ਅੱਡੇ ’ਤੇ ਪਹੁੰਚ ਗਈਆਂ।
ਇਸ ਦੌਰਾਨ ਜਹਾਜ਼ ਦੀ ਵੀ ਜਾਂਚ ਕੀਤੀ ਗਈ। ਮੁਸਾਫ਼ਰਾਂ ਦੇ ਸਾਮਾਨ ਦੀ ਜਾਂਚ ਤੋਂ ਇਲਾਵਾ ਉਨ੍ਹਾਂ ਕੋਲੋਂ ਲੰਮੀ ਪੁੱਛ-ਪੜਤਾਲ ਕੀਤੀ ਗਈ। ਜਾਂਚ ਦੌਰਾਨ ਸੁਰੱਖਿਆ ਦਸਤਿਆਂ ਨੂੰ ਸਬੰਧਤ ਜਹਾਜ਼ ਜਾਂ ਯਾਤਰੀਆਂ ਦੇ ਸਾਮਾਨ ’ਚੋਂ ਕੁੱਝ ਵੀ ਸ਼ੱਕੀ ਨਹੀਂ ਮਿਲਿਆ। ਬਾਅਦ ਵਿੱਚ ਇਹ ਪੁਸ਼ਟੀ ਕੀਤੀ ਗਈ ਕਿ ਜਹਾਜ਼ ਵਿੱਚ ਬੰਬ ਹੋਣ ਦੀ ਅਫ਼ਵਾਹ ਸੀ। ਇਸ ਮਗਰੋਂ ਹਵਾਈ ਅੱਡਾ ਅਥਾਰਟੀ ਅਤੇ ਯਾਤਰੀਆਂ ਸਣੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ।

Advertisement

Advertisement
Advertisement
Author Image

Advertisement