ਹੱਕ ਮੰਗਦੇ ਅਧਿਆਪਕਾਂ ’ਤੇ ਸੰਗਰੂਰ ਵਿੱਚ ਕੀਤੇੇ ਲਾਠੀਚਾਰਜ ਦੀ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 2 ਜੁਲਾਈ
ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਰਾਣਾ ਕਰਨ ਸਿੰਘ ਨੇ ਕਿਹਾ ਕਿ ਬੀਤੇ ਕੱਲ੍ਹ ਸੰਗਰੂਰ ਵਿਖੇ ਪੁਲੀਸ ਵਲੋਂ ਬਿਨਾਂ ਕਿਸੇ ਕਾਰਣ ਰੋਸ ਪ੍ਰਗਟ ਕਰ ਰਹੇ ਕੱਚੇ ਅਧਿਆਪਕਾਂ ‘’ੇ ਲਾਠੀਚਾਰਜ ਕਰਨਾ ਬੇਹੱਦ ਨਿੰਦਣਯੋਗ ਕਾਰਵਾਈ ਹੈ।
ਉਨ੍ਹਾਂ ਕਿਹਾ ਕਿ ਰੋਸ ਮਾਰਚ ਵਿੱਚ ਸ਼ਾਮਲ ਮਹਿਲਾ ਅਧਿਆਪਕਾਂ ਦੇ ਕੱਪਡ਼ੇ ਪਾਡ਼ਨਾ ਅਤੇ ਕਿਸਾਨ ਆਗੂਆਂ ਦੀ ਖਿੱਚ ਧੂਹ ਕਰਨਾ ਹੋਰ ਵੀ ਸ਼ਰਮਮਨਾਕ ਹੈ। ਰਾਣਾ ਕਰਨ ਸਿੰਘ ਨੇ ਪੁਲੀਸ ਦੇ ਇਸ ਧੱਕੇ ਨੂੰ ਲੋਕ ਰਾਜ ‘ਤੇ ਹਮਲਾ ਦੱਸਿਆ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਕੱਚੇ ਅਧਿਅਪਕਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰੇ ਅਤੇ ਅਧਿਆਪਕਾਂ ਦੀਆਂ ਮੰਗਾਂ ਵਾਅਦੇ ਅਨੁਸਾਰ ਪੂਰੀਆਂ ਕਰੇ।
ਸ਼ਾਹਕੋਟ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸ਼ਨਿਚਰਵਾਰ ਨੂੰ ਭੁੱਚੋ ਮੰਡੀ ਵਿਚ ਕਿਸਾਨਾਂ ਉੱਪਰ ਅਤੇ ਸੰਗਰੂਰ ਵਿਚ ਅਧਿਆਪਕਾਂ ਉੱਪਰ ਕੀਤੇ ਅੰਨੇਵਾਹ ਲਾਠੀਚਾਰਜ ਕਰਨ ਦੀ ਨਿਖੇਧੀ ਕਰਦਿਆਂ ਇਸ ਨੂੰ ਸਰਕਾਰ ਦੀ ਜ਼ਾਲਮਾਨਾ ਕਾਰਵਾਈ ਦੱਸਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ,ਸਕੱਤਰ ਗੁਰਚਰਨ ਸਿੰਘ ਚਾਹਲ,ਪ੍ਰੈਸ ਸਕੱਤਰ ਮਨਜੀਤ ਸਿੰਘ ਮਲਸੀਆਂ,ਵਿੱਤ ਸਕੱਤਰ ਹਰਨੇਕ ਸਿੰਘ ਮਾਲਡ਼ੀ ਅਤੇ ਬਲਾਕ ਸ਼ਾਹਕੋਟ ਦੇ ਪ੍ਰਧਾਨ ਬਲਕਾਰ ਸਿੰਘ ਫਾਜਿਲਵਾਲ ਤੇ ਮਨਜੀਤ ਸਿੰਘ ਸਾਬੀ ਨੇ ਦੱਸਿਆ ਕਿ ਵੱਡੇ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਆਪ ਸਰਕਾਰ ਹੁਣ ਹੱਕ ਮੰਗਣ ਵਾਲਿਆਂ ਨੂੰ ਡਾਗਾਂ ਨਾਲ ਕੁੱਟਕੇ ਅਤੇ ਥਾਣਿਆਂ ਵਿਚ ਬੰਦ ਕਰਕੇ ਵੱਡਾ ਬਦਲਾਅ ਕਰ ਰਹੀ ਹੈ।
ਤਰਨ ਤਾਰਨ (ਪੱਤਰ ਪ੍ਰੇਰਕ): ਸੰਗਰੂਰ ਵਿੱਚ ਆਪਣੀਆਂ ਸੇਵਾਵਾਂ ਪੂਰੇ ਸਕੇਲਾਂ ਅਤੇ ਹੋਰ ਸਾਰੇ ਬਣਦੇ ਲਾਭਾਂ ਨਾਲ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਬੀਤੇ ਦਿਨੀਂ ਮੰਗ ਪੱਤਰ ਦੇਣ ਜਾ ਰਹੇ ਕੱਚੇ ਅਧਿਆਪਕਾਂ ’ਤੇ ਪੁਲੀਸ ਵਲੋਂ ਕੀਤੇ ਲਾਠੀਚਾਰਜ ਦੀ ਚਾਰ ਚੁਫੇਰਿਓਂ ਨਿਖੇਧੀ ਕੀਤੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ| ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੀਆਂ ਜ਼ਿਲ੍ਹਾ ਇਕਾਈਆਂ ਵਲੋਂ ਅੱਜ ਇਥੇ ਰੋਸ ਵਿਖਾਵਾ ਕੀਤਾ ਗਿਆ|
ਜਥੇਬੰਦੀਆਂ ਦੇ ਆਗੂ ਸਰਬਜੀਤ ਸਿੰਘ ਵਰ੍ਹਿਆਂ, ਦਿਲਬਾਗ ਸਿੰਘ, ਬਲਜਿੰਦਰ ਸਿੰਘ ਸਮੇਤ ਹੋਰਨਾਂ ਨੇ ਸ਼ਾਂਤਮਈ ਸੰਘਰਸ਼ ਕਰਦੇ ਕੱਚੇ ਅਧਿਆਪਕਾਂ ਅਤੇ ਖਾਸ ਕਰਕੇ ਮਹਿਲਾ ਅਧਿਆਪਕਾਵਾਂ ਨੂੰ ਖੇਤਾਂ ਵਿੱਚ ਘੜੀਸਣ, ਕੱਪੜੇ ਪਾੜਨ, ਮਰਦ ਅਧਿਆਪਕਾਂ ਦੀਆਂ ਦਸਤਾਰਾਂ ਉਤਾਰਨ ਦੀ ਕਾਰਵਾਈ ਨੂੰ ਜੁਲਮਾਂ ਦੀ ਅਖੀਰ ਕਿਹਾ| ਆਗੂਆਂ ਕਿਹਾ ਕਿ ਸਰਕਾਰ ਕੱਚੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਲਾਠੀ-ਗੋਲੀ ਨਾਲ ਦਬਾ ਨਹੀਂ ਸਕਦੀ| ਉਨ੍ਹਾਂ ਕੱਚੇ ਅਧਿਆਪਕਾਂ ਨੂੰ ਪੂਰੇ ਲਾਭਾਂ ਤੇ ਭੱਤਿਆਂ ਨਾਲ ਪੱਕਾ ਕੀਤੇ ਜਾਣ ਦੀ ਮੰਗ ਕੀਤੀ|