ਭਗਤ ਕਬੀਰ ਬਾਣੀ ਵਿਚ ਰੰਗਾਂ ਦੇ ਸਰੋਕਾਰ
ਜਤਿੰਦਰ ਸਿੰਘ
ਭਗਤ ਕਬੀਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਇਕ ਅਹਿਮ ਹਿੱਸਾ ਹੈ ਜਿਸ ਵਿਚ 229 ਸ਼ਬਦ ਅਤੇ 243 ਸਲੋਕ ਹਨ। ਵਿਚਾਰਧਾਰਕ ਤੌਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਮੁੱਚੀ ਬਾਣੀ ਇਕੋ ਸੂਤਰ ਵਿਚ ਬੱਝੀ ਹੋਈ ਹੈ। ਵਿਚਾਰਧਾਰਾ ਹੀ ਸਮਾਜਿਕ ਦ੍ਰਿਸ਼ਟੀ ਅਤੇ ਬਣਤਰ ਨੂੰ ਸਮਝਣ ਦਾ ਆਧਾਰ ਬਣਾਉਂਦੀ ਹੈ। ਮੱਧਕਾਲੀ ਸਮਾਜ ਆਡੰਬਰ ਤੇ ਪਾਖੰਡਵਾਦ ਵਿਚ ਘਿਰਿਆ ਹੋਇਆ ਸੀ। ਪਰ ਸਮੁੱਚੀ ਗੁਰਬਾਣੀ ਤੇ ਭਗਤ ਬਾਣੀ ਇਸ ਸਮਾਜਿਕ ਵਿਵਸਥਾ ਨੂੰ ਆਲੋਚਨਾਤਮਕ ਦ੍ਰਿਸ਼ਟੀ ਨਾਲ ਦੇਖਦੀ ਅਤੇ ਅਗੰਮ ਤੇ ਪਾਰਬ੍ਰਹਮ ਦੀ ਉਸਤਤ ਦੀ ਵਿਆਖਿਆ ਕਰਦੀ ਹੈ। ਵਿਚਾਰਧਾਰਾ ਦਾ ਮੁੱਖ ਤੌਰ ‘ਤੇ ਦਿਸਦੇ ਸੰਸਾਰ ਨਾਲ ਗੂੜ੍ਹਾ ਸਬੰਧ ਹੁੰਦਾ ਹੈ। ਸਾਹਿਤਕਾਰ, ਚਿੱਤਰਕਾਰ, ਕਲਾਕਾਰ ਦੀ ਕ੍ਰਿਤ ਵਿਚੋਂ ਉਸ ਦੇ ਵਿਚਾਰ ਪ੍ਰਤੱਖ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦੇ ਹਨ। ਭਾਸ਼ਾ ਦੀ ਵਰਤੋਂ ਸਾਹਿਤਕਾਰ ਦੇ ਅਵਚੇਤਨ ਤੇ ਵਿਚਾਰਧਾਰਾ ਦੀ ਪੇਸ਼ਕਾਰੀ ਕਰਦੀ ਹੈ। ਇਸੇ ਤਰ੍ਹਾਂ ਰੰਗ ਦੀ ਵਰਤੋਂ ਚਿੱਤਰਕਾਰ ਦੀ ਵਿਚਾਰਧਾਰਾ ਨੂੰ ਅਭਿਵਿਅਕਤ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਰਾਹੀਂ ਸਮਾਜਿਕ ਯਥਾਰਥ ਨੂੰ ਰੰਗਾਂ ਦੇ ਸੰਦਰਭ ਰਾਹੀਂ ਸਮਝਣ ਦਾ ਵੀ ਯਤਨ ਕੀਤਾ ਗਿਆ ਹੈ।
ਭਗਤ ਕਬੀਰ ਜੀ ਸਮਾਜਿਕ ਯਥਾਰਥ ਨੂੰ ਰੰਗਾਂ ਦੀ ਦ੍ਰਿਸ਼ਟੀ ਰਾਹੀਂ ਸਮਝਦੇ ਹਨ। ਉਹ ਆਪਣੀ ਰਚਨਾ ‘ਬਾਵਨ ਅਖਰੀ’ ਵਿਚ ਸੰਸਾਰਕ ਚਿੱਤਰ ਅਤੇ ਚਿੱਤਰਕਾਰ (ਅਕਾਲ ਪੁਰਖ) ਬਾਰੇ ਵਰਣਨ ਕਰਦੇ ਹਨ ਕਿ ਚਿੱਤਰਕਾਰ ਨੇ ਇਸ ਦੁਨੀਆਂ ਨੂੰ ਮੋਹ ਲੈਣ ਵਾਲੇ ਰੰਗਾਂ ਅਤੇ ਅਕਾਲ ਪੁਰਖ ਨਾਲ ਸਾਂਝ ਪਾਉਣ ਵਾਲੇ ਰੰਗਾਂ ਨਾਲ ਚਿਤਰਿਆ ਹੈ। ਅਕਾਲ ਪੁਰਖ ਦੇ ਦੱਸੇ ਮਾਰਗ ‘ਤੇ ਚੱਲਣ ਲਈ ਰੰਗਾਂ ਬਾਰੇ ਬੜੀ ਸੂਖ਼ਮਤਾ ਨਾਲ ਬਿਆਨ ਕੀਤਾ ਹੈ:
ਚਚਾ ਰਚਿਤ ਚਿਤ੍ਰ ਹੈ ਭਾਰੀ।।
ਤਜਿ ਚਿਤ੍ਰੈ ਚੇਤਹੁ ਚਿਤਕਾਰੀ।।
ਚਿਤ੍ਰ ਬਚਿਤ੍ਰ ਇਹੈ ਅਵਝੇਰਾ।।
ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ।।
ਮੱਧਕਾਲੀ ਸਮਾਜ ਵਿਚ ਵਰਣ-ਪ੍ਰਥਾ, ਭੇਦ ਭਾਵ ਪੂਰੇ ਜ਼ੋਰਾਂ ‘ਤੇ ਸੀ। ਸਮਾਜ ਜਾਤਾਂ, ਰੰਗਾਂ ਅਤੇ ਵਰਣਾਂ
ਵਿਚ ਵੰਡਿਆ ਹੋਇਆ ਸੀ। ਸਮਾਜਿਕ ਵੰਡਾਂ ਦੇ ਆਧਾਰ ਨੂੰ ਸਮਾਜ ਵਿਗਿਆਨੀ ਇਮਾਈਲ ਦੂਰਖੀਮ ਪਵਿੱਤਰ ਅਤੇ ਅਪਵਿੱਤਰ ਸੰਕਲਪਾਂ ਰਾਹੀਂ ਸਮਝਦਾ ਹੈ। shy;ਭਗਤ ਕਬੀਰ ਬਾਣੀ ਵਿਚ ਸਮਾਜ ਵਿਚ ਪਸਰੇ ਜਾਤ-ਪਾਤ ਤੇ ਵਰਣ ਪ੍ਰਥਾ ਪਿੱਛੇ ਲੁਕੇ ਕਾਰਨ ਪਵਿੱਤਰ ਅਤੇ ਅਪਵਿੱਤਰ ਵਸਤੂਆਂ ਦੇ ਬਿੰਬਾਂ ਰਾਹੀਂ ਬਿਆਨ ਕਰਦੇ ਹਨ:
ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ।।
ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ।।
ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ।।
ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ।।
ਕਬੀਰ ਸਾਹਿਬ ਲਿਖਦੇ ਹਨ ਕਿ ਹਲਦੀ ਪੀਲੇ ਰੰਗ ਅਤੇ ਚੂਨਾ ਸਫ਼ੈਦ ਰੰਗ ਦਾ ਹੁੰਦਾ ਹੈ, ਜਦੋਂ ਇਹ ਦੋਵੇਂ ਆਪਸ ਵਿਚ ਮਿਲਦੇ ਹਨ ਤਾਂ ਪੀਲਾ ਅਤੇ ਚਿੱਟਾ ਰੰਗ ਆਪਣਾ ਰੂਪ ਗੁਆ ਕੇ ਲਾਲ ਰੰਗ ਵਿਚ ਤਬਦੀਲ ਹੋ ਜਾਂਦੇ ਹਨ। ਇਸ ਦ੍ਰਿਸ਼ਟੀ ਤੋਂ ਆਪ ਮਾਨਵਤਾ ਦੇ ਮਾਰਗ ਅਤੇ ਸਮਾਜ ਵਿਚ ਪਈਆਂ ਵੰਡੀਆਂ ਦੇ ਸੰਕਲਪ ਨੂੰ ਪੇਸ਼ ਕਰਦੇ ਹਨ। ਕਹਿਣ ਤੋਂ ਭਾਵ ਸਮਾਜਿਕ ਬਰਾਬਰੀ ਵਿਚ ਉੱਚੀ ਜਾਤ ਵਾਲੇ ਬੰਦੇ ਦੇ ਮਨ ਵਿਚ ਉਤਮਤਾ ਅਤੇ ਨੀਵੀਂ ਜਾਤ ਵਾਲੇ ਬੰਦੇ ਦੇ ਮਨ ਵਿਚ ਨੀਵੇਂਪਣ ਦੀ ਹੀਣਤਾ ਦੂਰ ਹੋ ਜਾਵੇਗੀ।
ਇਉਂ ਮੱਧਕਾਲੀ ਬਾਣੀ ਵਿਚ ਵਿਸ਼ੇਸ਼ ਤੌਰ ‘ਤੇ ਭਗਤ ਕਬੀਰ ਬਾਣੀ ਵਿਚ ਰੰਗਾਂ ਦੀ ਸਮਾਜਿਕ ਬਣਤਰ ਨੂੰ ਪ੍ਰਗਟਾਉਣ ਦਾ ਆਪਣਾ ਹੀ ਇਕ ਪਾਸਾਰ ਹੈ। ਭਗਤ ਕਬੀਰ ਜੀ ਰੰਗਾਂ ਦੇ ਸੁਮੇਲ ਤੋਂ ਬਣਨ ਵਾਲੇ ਨਵੇਂ ਰੰਗਾਂ ਨੂੰ ਸਮਾਜਿਕ ਬਣਤਰ ਅਧੀਨ ਰੱਖ ਕੇ ਵਿਚਾਰਦੇ ਹਨ। ਹਲਦੀ ਦੇ ਪੀਲੇ ਅਤੇ ਚੂਨੇ ਦੀ ਸਫ਼ੈਦੀ ਦੇ ਮੇਲ ਤੋਂ ਲਾਲ ਰੰਗ ਪੈਦਾ ਹੁੰਦਾ ਹੈ ਜੋ ਪਰਮ ਸੱਚ ਦਾ ਰੰਗ ਹੈ। ਇਹ ਜੀਵਨ ਦੀ ਸ੍ਰੇਸ਼ਟਤਾ ਅਤੇ ਅਧਿਆਤਮ ਮਾਰਗ ਦਾ ਵੀ ਰੰਗ ਹੈ। ਇਸੇ ਰੰਗ ਵਿਚ ਸ਼੍ਰੇਣੀਆਂ ਵਿਚ ਵੰਡੇ ਬੰਦੇ ਸ਼੍ਰੇਣੀ ਰਹਿਤ ਹੋ ਜਾਂਦੇ ਹਨ। ਬੰਦੇ ਦੀ ਜਾਤੀ ਪਛਾਣ ਦਰਕਿਨਾਰ ਹੋ ਜਾਂਦੀ ਹੈ। ਸਾਰੇ ਸਮਾਜ ਦੇ ਲੋਕ ਸਾਂਝਾ ਵਿਹਾਰਕ ਜੀਵਨ ਜਿਉਂਦੇ ਹਨ। ਲਾਲ ਰੰਗ ਦੀ ਅਣਹੋਂਦ ਵਿਚ ਉੱਚ ਤੇ ਨੀਵੀਂ ਜਾਤ ਦੇ ਲੋਕ ਅਧਿਆਤਮਕ ਮਾਰਗ ਦੇ ਪਾਂਧੀ ਦਿਸਣ ਦੇ ਬਾਵਜੂਦ ਮੰਜ਼ਿਲ ਤੋਂ ਖੁੰਝ ਜਾਂਦੇ ਹਨ। ਮੰਜ਼ਿਲ ਤਾਂ ਮਜੀਠ ਰੰਗ (ਪੱਕੇ ਲਾਲ ਰੰਗ) ਵਾਲਾ ਨਾਮ ਰਸਕ ਬਣ ਜਾਣਾ ਹੈ।
ਪੱਕਾ ਲਾਲ ਰੰਗ ਗੁਰਮਤਿ ਕਾਵਿ ਦਾ ਆਧਾਰ ਰੰਗ ਹੈ। ਗੁਰੂ ਨਾਨਕ ਸਾਹਿਬ ਇਸ ਰੰਗ ਵਿਚ ਰੰਗੇ ਬੰਦੇ ਨੂੰ ‘ਸੱਚ ਦੇ ਮਾਰਗ’ ‘ਤੇ ਚੱਲਣ ਲਈ ਪ੍ਰੇਰਦੇ ਹਨ:
ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ।।
ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ।।
ਗੁਰੂ ਨਾਨਕ ਸਾਹਿਬ ਆਪਣੀ ਦ੍ਰਿਸ਼ਟੀ ਵਿਚ ਮੈਲਾ, ਧੁੰਧਲਾ, ਭਗਵੇ ਅਤੇ ਕੱਚੇ ਰੰਗਾਂ ਨੂੰ ਲਾਲ ਰੰਗ ਦੇ ਸਮਾਂਨਤਰ ਨਹੀਂ ਰੱਖਦੇ। ਲਾਲ ਰੰਗ ਉਨ੍ਹਾਂ ਲਈ ਜ਼ਿੰਦਗੀ ਦਾ ਰੰਗ ਹੈ। ਗੁਰਮਤਿ ਕਾਵਿ ਵਿਚ ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਕੱਚੇ ਅਤੇ ਪੱਕੇ ਰੰਗਾਂ ਦਾ ਨਿਖੇੜਾ ਕਰਦੇ ਹਨ:
ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ।।
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ।।
(ਭਗਤ ਰਵਿਦਾਸ ਜੀ)
ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ।।
(ਭਗਤ ਕਬੀਰ ਜੀ)
ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ।।
(ਗੁਰੂ ਨਾਨਕ ਦੇਵ ਜੀ)
ਕਸੁੰਭ ਅਤੇ ਮਜੀਠ ਦਾ ਇਹ ਦਵੰਦ ਮੈਲੇ, ਧੁੰਧਲੇ, ਭਗਵੇ ਅਤੇ ਲਾਲ ਰੰਗ ਵਾਲਾ ਹੀ ਹੈ। ਰੰਗ ਮਿਲਦੇ ਜੁਲਦੇ ਹੋਣ ਦੇ ਬਾਵਜੂਦ ਲੱਛਣਾਂ ਵਿਚ ਅੰਤਰ ਹੈ। ਭਾਵੇਂ ਇਹ ਕਸੁੰਭ ਵੀ ਲਾਲ ਰੰਗ ਦੀ ਭਾਹ ਮਾਰਦਾ ਹੈ। ਕਸੁੰਭ ਰੰਗ ਦੇ ਲੱਛਣ ਪ੍ਰਤਿਕੂਲ ਹਾਲਾਤ ਵਿਚ ਆਪਣੇ ਰੰਗ ਛੱਡ ਦੇਣ ਵਿਚ ਹੈ ਜਦੋਂਕਿ ਮਜੀਠ (ਪੱਕਾ ਲਾਲ ਰੰਗ) ਹਾਲਾਤ ਦੇ ਉਲਟ ਹੋਣ ਦੇ ਬਾਵਜੂਦ ਆਪਣੀ ਆਭਾ ਨਹੀਂ ਛੱਡਦਾ। ਬਾਬਾ ਨਾਨਕ ਜਿਸ ਨੂੰ ‘ਕਚੁ’ ਕਹਿ ਰਹੇ ਹਨ, ਭਗਤ ਰਵਿਦਾਸ ਸਾਹਿਬ ਉਸੇ ਵਿਚਾਰ ਦਾ ਚਿਤਰਣ ‘ਕਸੁੰਭ’ ਦੇ ਸੁਭਾਅ ਨਾਲ ਕਰ ਰਹੇ ਹਨ। ਗੁਰੂ ਨਾਨਕ ਸਾਹਿਬ ਜਿਸ ਰੰਗ ਨੂੰ ਲਾਲੋ ਲਾਲੁ ਕਹਿ ਰਹੇ ਹਨ, ਭਗਤ ਰਵਿਦਾਸ ਸਾਹਿਬ ਦੇ ਸ਼ਬਦ ਵਿਚ ਉਸ ਦੀ ਪਛਾਣ ਮਜੀਠ ਵਜੋਂ ਕੀਤੀ ਜਾ ਰਹੀ ਹੈ।
ਕਸੁੰਭ ਰੰਗ ‘ਚੋਂ ਰੱਤੇ, ਮਜੀਠ, ਸੂਹੇ, ਲਾਲ ਰੰਗ ਵਾਲਾ ਜਲੌਅ ਪ੍ਰਗਟ ਹੁੰਦਾ ਹੈ ਪਰ ਇਹ ਸਮਾਜਿਕ ਮਰਿਯਾਦਾ ਅਤੇ ਸੰਸਥਾਵਾਂ ਦੇ ਅੰਤਰਗਤ ਨਿਖੇਧਾਤਮਕ ਰੰਗ ਵਜੋਂ ਉਭਰਦਾ ਹੈ ਜਿਹਦੇ ਨਾਲ ਆਡੰਬਰ, ਸੰਕੀਰਨਤਾ ਅਤੇ ਦਾਇਰਿਆਂ ਵਾਲੀ ਸੋਚ ਉੱਭਰਦੀ ਹੈ। ਮਜੀਠ ਰੰਗ ਪਰਮ ਸੱਚ ਦੀ ਵਿਰਾਟਤਾ, ਨੇੜਤਾ ਅਤੇ ਅਪਣੱਤ ਨੂੰ ਪ੍ਰਗਟ ਕਰਦਾ ਹੈ। ਬਾਬਾ ਨਾਨਕ ਦੀ ਦ੍ਰਿਸ਼ਟੀ ਵਿਚ ਇਸ ਰੰਗ ਦੀ ਮਹੱਤਤਾ ਹੋਰ ਵਧੇਰੇ ਬਣਦੀ ਹੈ:
ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ।।
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ।।
ਬਾਬਾ ਨਾਨਕ ਲਿਖਦੇ ਹਨ ਕਿ ਜੇ ਮੇਰੇ ਸਰੀਰ ਨੂੰ ਰੰਗਿਆ ਜਾਵੇ ਤਾਂ ਉਹ ਮਜੀਠ ਰੰਗ ਹੋਵੇ। ਮਜੀਠ ਵਰਗੇ ਪੱਕੇ ਰੰਗ ਨਾਲ ਰੰਗੇ ਜਾਣ ਕਰਕੇ ਹੀ ਪ੍ਰਭੂ/ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ। ਅਕਾਲ ਪੁਰਖ ਦੇ ਪੱਕੇ ਰੰਗ ਨਾਲ ਰੰਗਣ ਵਾਲਾ ਪਹਿਲਾਂ ਕਦੇ ਮੈਂ ਨਹੀਂ ਦੇਖਿਆ। ਭਾਵ ਪ੍ਰਭੂ ਦੇ ਪ੍ਰੇਮ ਵਿਚ ਇਸ ਤਰ੍ਹਾਂ ਰੰਗਿਆ ਜਾਵੇ ਜਿਸ ਤਰ੍ਹਾਂ ਰੰਗ ਮਜੀਠ ਹੈ ਜੋ ਇਕ ਵਾਰੀ ਇਸ ਰੰਗ ਵਿਚ ਰੰਗਿਆ ਜਾਂਦਾ ਹੈ ਤਾਂ ਹਮੇਸ਼ਾਂ ਉਹ ਬੰਦਾ ਇਸੇ ਰੰਗ ਵਿਚ ਰੰਗਿਆ ਰਹਿੰਦਾ ਹੈ।
ਭਗਤ ਕਬੀਰ ਜੀ ਆਪਣੀ ਬਾਣੀ ਵਿਚ ਪ੍ਰੋੜਤਾ ਕਰਦੇ ਹਨ:
ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ।।
ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨੁ।।
ਭਾਵ ਹੇ ਕਬੀਰ! ਜਦੋਂ ਕੋਈ ਇਸਤਰੀ ਹੱਥ ਵਿਚ ਸੰਧੂਰਿਆ (ਲਾਲ) ਹੋਇਆ ਨਾਰੀਅਲ ਫੜ ਲੈਂਦੀ ਹੈ ਤਾਂ ਉਹ ਮਰਨ ਤੋਂ ਨਹੀਂ ਡਰਦੀ। ਜਿਸ ਮਨੁੱਖ ਨੂੰ ਪ੍ਰਭੂ ਮਨਭਾਉਂਦੀ ਦਾਤਿ ਬਖ਼ਸ਼ਦਾ ਹੈ ਤਾਂ ਉਹ ਮਰਨ ਤੋਂ ਭੀ ਨਹੀਂ ਡਰਦਾ। ਇੱਥੇ ਸਿਧਉਰਾ ਤੋਂ ਭਾਵ ਨਾਰੀਅਲ ਤੇ ਸੰਧੂਰ/ਲਾਲ ਰੰਗ ਤੋਂ ਹੈ ਜੋ ਆਪਣੇ ਆਪ ਨੂੰ ਸਿਰ ‘ਤੇ ਲਾਲ ਰੰਗ ਲਗਾ ਕੇ ਕੁਰਬਾਨੀ ਦੇਣ ਲਈ ਤਤਪਰ ਹੈ ਤਾਂ ਇਸ ਵਿਚ ਸੰਧੂਰੀ ਰੰਗ ਬਲੀਦਾਨ/ਸ਼ਹਾਦਤ ਦਾ ਪ੍ਰੇਰਕ ਬਣ ਜਾਂਦਾ ਹੈ। ਇੱਥੇ ਜ਼ਿੰਦਗੀ ਦੀ ਵਿਹਾਰਕਤਾ ਵਿਚੋਂ ਦੋਗਲਾਪਣ, ਨਕਲੀਪਣ ਖਾਰਜ ਹੁੰਦਾ ਦਿਸਦਾ ਹੈ। ਇਸੇ ਲਈ ਸੰਧੂਰੀ ਰੰਗ ਸ੍ਰੇਸ਼ਟ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਇਕੋ ਵਿਚਾਰਧਾਰਾ ਵਿਚ ਬੱਝੀ ਹੋਈ ਹੈ। ਰੰਗਾਂ ਦੇ ਸੰਦਰਭਾਂ ਰਾਹੀਂ ਪਰਮਾਤਮਾ/ਪ੍ਰਭੂ ਦੇ ਰੰਗ ਨੂੰ ਮਜੀਠ/ਲਾਲ ਰੰਗ ਵਿਚ ਪ੍ਰਗਟਾਇਆ ਗਿਆ ਹੈ। ਇਉਂ ਗੁਰਮਤਿ ਵਿਚਾਰਧਾਰਾ ਅਤੇ ਭਗਤ ਕਬੀਰ ਜੀ ਦੀ ਬਾਣੀ ਵਿਚ ਰੰਗਾਂ ਦੀ ਦ੍ਰਿਸ਼ਟੀ ਦਾ ਸਮਾਜਿਕ ਯਥਾਰਥ ਨਾਲ ਜੁੜੀ ਹੋਈ ਹੈ।
ਸੰਪਰਕ: 94174-78446