ਪ੍ਰੈੱਸ ਆਜ਼ਾਦੀ ਸੂਚਕ ਅੰਕ ’ਚ ਭਾਰਤ ਦੇ ਡਿੱਗਦੇ ਪੱਧਰ ’ਤੇ ਚਿੰਤਾ ਜ਼ਾਹਿਰ
ਨਵੀਂ ਦਿੱਲੀ, 5 ਅਗਸਤ
ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਐੱਮ) ਦੇ ਇਕ ਮੈਂਬਰ ਨੇ ਰਾਜ ਸਭਾ ਵਿੱਚ ਅੱਜ ਪੱਤਰਕਾਰਾਂ ਦੀ ਮੌਜੂਦਾ ਸਥਿਤੀ ਅਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਦੇ ਨਾਲ ਹੀ ਵਿਸ਼ਵ ਪ੍ਰੈੱਸ ਆਜ਼ਾਦੀ ਸੂਚਕ ਅੰਕ ਵਿੱਚ ਭਾਰਤ ਦੇ ਡਿੱਗਦੇ ਪੱਧਰ ’ਤੇ ਚਿੰਤਾ ਜ਼ਾਹਿਰ ਕੀਤੀ। ਸੰਸਦ ਦੇ ਉਪਰਲੇ ਸਦਨ ਵਿੱਚ ਸਿਫ਼ਰਕਾਲ ਦੌਰਾਨ ਇਸ ਮਾਮਲੇ ਨੂੰ ਉਠਾਉਂਦਿਆਂ ਸੀਪੀਐੱਮ ਦੇ ਵੀ. ਸ਼ਿਵਦਾਸਨ ਨੇ ਕਿਹਾ, ‘‘ਪੱਤਰਕਾਰੀ ਸਾਡੀ ਆਜ਼ਾਦੀ ਦੇ ਅੰਦੋਲਨ ਦਾ ਅਨਿੱਖੜਵਾਂ ਅੰਗ ਰਿਹਾ ਹੈ।
ਗਾਂਧੀ ਜੀ, ਸਰਦਾਰ ਭਗਤ ਸਿੰਘ, ਕਾਰਲ ਮਾਰਕਸ ਅਤੇ ਲੈਨਿਨ ਵਰਗੀਆਂ ਵਿਸ਼ਵ ਪ੍ਰਸਿੱਧ ਸ਼ਖ਼ਸੀਅਤਾਂ ਨੇ ਮੀਡੀਆ ਨੂੰ ਸੰਘਰਸ਼ ਦੇ ਇਕ ਉਪਕਰਣ ਵਜੋਂ ਇਸਤੇਮਾਲ ਕੀਤਾ। ਮੈਨੂੰ ਇਹ ਕਹਿੰਦੇ ਹੋਏ ਦੁੱਖ ਹੋ ਰਿਹਾ ਹੈ ਕਿ ਪੈਰੀਆਰ, ਅੰਬੇਡਕਰ ਅਤੇ ਰਵਿੰਦਰਨਾਥ ਟੈਗੋਰ ਦੀ ਧਰਤੀ ਭਾਰਤ, ਪ੍ਰੈੱਸ ਆਜ਼ਾਦੀ ਸੂਚਕ ਅੰਕ ਵਿੱਚ 180 ਦੇਸ਼ਾਂ ’ਚੋਂ 159ਵੇਂ ਸਥਾਨ ’ਤੇ ਹੈ।’’ ਉਨ੍ਹਾਂ ਕੁਝ ਪੱਤਰਕਾਰਾਂ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਸਣੇ ਹੋਰ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰਨ ਵਰਗੇ ਮਾਮਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਮੁਲਕ ’ਚ ਪਿਛਲੇ 10 ਸਾਲਾਂ ਵਿੱਚ ਪ੍ਰਸਿੱਧ ਸੰਪਾਦਕ ਅਤੇ ਲੇਖਿਕਾ ਗੌਰੀ ਲੰਕੇਸ਼ ਸਣੇ ਸੌ ਤੋਂ ਵੱਧ ਪੱਤਰਕਾਰ ਮਾਰੇ ਗਏ ਹਨ। -ਪੀਟੀਆਈ