ਕਾਮਰੇਡ ਨਿੱਕਾ ਖੇੜਾ ਸਰਬਸੰਮਤੀ ਨਾਲ ਮੁੜ ਸਕੱਤਰ ਬਣੇ
ਪੱਤਰ ਪ੍ਰੇਰਕ
ਮਾਛੀਵਾੜਾ, 24 ਅਕਤੂਬਰ
ਸੀਪੀਆਈ (ਐੱਮ) ਤਹਿਸੀਲ ਸਮਰਾਲਾ ਦੇ ਬਲਾਕ ਮਾਛੀਵਾੜਾ ਸਾਹਿਬ ਦਾ ਇਜਲਾਸ ਅੱਜ ਇਥੇ ਹੋਇਆ ਜਿਸ ਵਿਚ ਸਰਬਸੰਮਤੀ ਨਾਲ ਕਾਮਰੇਡ ਨਿੱਕਾ ਸਿੰਘ ਖੇੜਾ ਨੂੰ ਸਕੱਤਰ ਚੁਣ ਲਿਆ ਗਿਆ। ਕਾਮਰੇਡ ਪ੍ਰਕਾਸ਼ ਸਿੰਘ ਉਧੋਵਾਲ, ਹਰਦੇਵ ਸਿੰਘ ਬਾਗ ਤੇ ਚੱਤਰ ਸਿੰਘ ਲੁਬਾਣਗੜ੍ਹ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਏ ਇਜਲਾਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਤੇ ਜ਼ਿਲਾ ਸਕੱਤਰ ਕਾਮਰੇਡ ਬਲਜੀਤ ਸਿੰਘ ਸ਼ਾਹੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਜਲਾਸ ਵਿੱਚ ਪਾਰਟੀ ਦੇ ਪਹਿਲੇ ਤਹਿਸੀਲ ਸਕੱਤਰ ਕਾਮਰੇਡ ਨਿੱਕਾ ਸਿੰਘ ਖੇੜਾ ਨੂੰ ਹਾਜ਼ਰ ਸਾਥੀਆਂ ਅੱਗੇ ਪਿਛਲੇ ਸਮੇਂ ਦੌਰਾਨ ਹੋਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸੋਚ ਵਿਚਾਰ ਮਗਰੋਂ ਪਾਸ ਕਰ ਦਿੱਤਾ ਗਿਆ। ਕਾਮਰੇਡ ਨਿੱਕਾ ਸਿੰਘ ਖੇੜਾ ਨੂੰ ਤਹਿਸੀਲ ਸਕੱਤਰ ਚੁਣਨ ਦੇ ਨਾਲ-ਨਾਲ 11 ਮੈਂਬਰੀ ਤਹਿਸੀਲ ਕਮੇਟੀ ਚੁਣੀ ਗਈ ਜਿਸ ਵਿਚ ਕਾਮਰੇਡ ਪ੍ਰਕਾਸ਼ ਸਿੰਘ, ਹਰਦੇਵ ਸਿੰਘ ਬਾਗ, ਗੁਰਪ੍ਰੀਤ ਕੌਰ, ਪ੍ਰਿੰਸ ਖੇੜਾ, ਚੱਤਰ ਸਿੰਘ, ਬਲਕਾਰ ਸਿੰਘ, ਬਲਜੀਤ ਸਿੰਘ, ਸ਼ਾਮ ਸਿੰਘ, ਰਣਜੀਤ ਸਿੰਘ, ਰਮਨਦੀਪ ਕੌਰ ਚੁਣੇ ਗਏ ਜਦਕਿ 2 ਸੀਟਾਂ ਖਾਲੀ ਰੱਖੀਆਂ ਗਈਆਂ ਹਨ। ਇਸ ਮੌਕੇ ਅਸ਼ੋਕ ਖੇੜਾ ਵੀ ਮੌਜੂਦ ਸਨ।