ਵਰ੍ਹਦੇ ਮੀਂਹ ’ਚ ‘ਆਪ’ ਸਰਕਾਰ ਖ਼ਿਲਾਫ਼ ਡਟੇ ਕੰਪਿਊਟਰ ਅਧਿਆਪਕ
ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਸਤੰਬਰ
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਰਾਜ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿਨ-ਰਾਤ ਦਾ ਪੱਕਾ ਮੋਰਚਾ ਤੇ ਭੁੱਖ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਇਸ ਮੌਕੇ ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਸੁਨਾਮ ਦੇ ਕੰਪਿਊਟਰ ਅਧਿਆਪਕਾਂ ਨੇ ਵਰ੍ਹਦੇ ਮੀਂਹ ਵਿਚ ਡੀਸੀ ਦਫ਼ਤਰ ਤੋਂ ਲਾਲ ਬੱਤੀ ਚੌਕ ਤੱਕ ਰੋਸ ਮਾਰਚ ਕੀਤਾ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ।
ਇੱਥੇ ਦੁਪਹਿਰ ਵੇਲੇ ਮੀਂਹ ਦੌਰਾਨ ਵੀ ਕੰਪਿਊਟਰ ਅਧਿਆਪਕ ਸੰਘਰਸ਼ੀ ਮੋਰਚੇ ’ਤੇ ਡਟੇ ਰਹੇ ਅਤੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ’ਤੇ ਰੋਸ ਪ੍ਰਗਟਾਇਆ। ਕੰਪਿਊਟਰ ਅਧਿਆਪਕ ਗੁਰਦੀਪ ਸਿੰਘ ਕਣਕਵਾਲ ਅੱਜ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਯੂਨੀਅਨ ਆਗੂ ਅਵਤਾਰ ਸਿੰਘ ਤੇ ਨਰਿੰਦਰ ਕੁਮਾਰ ਲੁਧਿਆਣਾ, ਸੁਮਿਤ ਕੁਮਾਰ ਪਟਿਆਲਾ, ਅਸ਼ਵਨੀ ਕੁਮਾਰ ਬਰਨਾਲਾ, ਨਵਨੀਤ ਕੁਮਾਰ ਅਤੇ ਜਗਮੀਤ ਸਿੰਘ ਬਠਿੰਡਾ ਅਤੇ ਵਿਸ਼ਾਲ ਕੁਮਾਰ ਸੰਗਰੂਰ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਨਾਲ ਕੀਤੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਣਦੇ ਹੱਕ ਅਤੇ ਲਾਭ ਤਾਂ ਸਰਕਾਰ ਨੇ ਕੀ ਬਹਾਲ ਕਰਨੇ ਸੀ, ਸਗੋਂ ਕੰਪਿਊਟਰ ਅਧਿਆਪਕਾਂ ਨੂੰ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਵੀ ਮੀਟਿੰਗਾਂ ਨਹੀਂ ਕੀਤੀਆਂ ਜਾ ਰਹੀਆਂ। ਬੁਲਾਰਿਆਂ ਨੇ ਦਾਅਵਾ ਕੀਤਾ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਕੰਪਿਊਟਰ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਕੇ ਜ਼ੋਰਦਾਰ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਯੂਨੀਅਨ ਆਗੂ ਪ੍ਰਵੀਨ ਬਾਲਾ, ਮਨਦੀਪ ਗੋਇਲ, ਮਨੂੰ ਕੁਮਾਰੀ, ਰੁਬੀਨਾ ਸਿੱਧੂ, ਹਰਜਿੰਦਰ ਸਿੰਘ, ਜਗਤਾਰ ਸਿੰਘ, ਰਾਜਨਪ੍ਰੀਤ ਕੌਰ, ਦੀਪਿਕਾ ਸ਼ਰਮਾ ਮੌਜੂਦ ਸਨ।