ਆੜ੍ਹਤੀਆਂ ਵੱਲੋਂ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ
ਬੀਰਬਲ ਰਿਸ਼ੀ/ਪਵਨ ਕੁਮਾਰ ਵਰਮਾ
ਧੂਰੀ, 25 ਸਤੰਬਰ
ਖਰੀਦ ਕੇਂਦਰ ਧੂਰੀ ’ਚ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਤਾਰ ਸਿੰਘ ਸਮਰਾ ਨੇ ਪਹਿਲੀ ਅਕਤੂਬਰ ਤੋਂ ਅਣਮਿੱਥੇ ਸਮੇਂ ਦੀ ਪੰਜਾਬ ਪੱਧਰੀ ਹੜਤਾਲ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਸਮੂਹ ਆੜ੍ਹਤੀਆਂ ਦੀ ਤਰਫ਼ੋਂ ਮੁਕੰਮਲ ਹੜਤਾਲ ਦਾ ਦਾਅਵਾ ਕਰਦਿਆਂ ਸਮੂਹ ਆੜ੍ਹਤੀਆਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਵਿੱਚ ਨਿੱਤਰਨ ਦਾ ਸੱਦਾ ਦਿੱਤਾ। ਕਾਮਰੇਡ ਸਮਰਾ ਅੱਜ ਖਰੀਦ ਕੇਂਦਰ ਧੂਰੀ ਵਿੱਚ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਆੜ੍ਹਤੀਆਂ ਵਿਰੋਧੀ ਨੀਤੀਆਂ ਵਿਰੁੱਧ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਆੜ੍ਹਤੀਆਂ ਦੀਆਂ ਮੰਗਾਂ ਪ੍ਰਤੀ ਚੁੱਪ ਬਰਦਾਸ਼ਤਯੋਗ ਨਹੀਂ। ਯਾਦ ਰਹੇ ਕਿ ਆੜ੍ਹਤੀਆਂ ਤੋਂ ਇਲਾਵਾ 1 ਅਕਤੂਬਰ ਤੋਂ ਸਮੂਹ ਰਾਈਸ ਮਿੱਲਰ ਅਤੇ ਮੰਡੀ ਮਜ਼ਦੂਰ ਵੀ ਹੜਤਾਲ ’ਤੇ ਜਾ ਰਹੇ ਹਨ। ਇਸ ਮੌਕੇ ਸ੍ਰੀ ਸਮਰਾ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 2018-19 ਵਿੱਚ 2.5 ਫੀਸਦ ਬੰਦ ਕੀਤੀ ਆੜ੍ਹਤ ਬਹਾਲ ਕੀਤੀ ਜਾਵੇ ਕਿਉਂਕਿ ਮੰਡੀਬੋਰਡ ਦੇ ਬਿੱਲਾਂ ਵਿੱਚ ਇਹ ਆੜ੍ਹਤ ਪੂਰੀ ਤੇ ਅਸਲੀਅਤ ਵਿੱਚ ਨਿਰਧਾਰਤ ਤੋਂ ਘੱਟ ਦਿੱਤੀ ਜਾਂਦੀ ਹੈ। ਉਨ੍ਹਾਂ ਐਫਸੀਆਈ ਵੱਲ ਈਪੀਐਫ ਦੇ ਰੂਪ ਵਿੱਚ ਪੰਜਾਬ ਭਰ ਦੇ ਆੜ੍ਹਤੀਆਂ ਦਾ ਪਿਆ ਤਕਰੀਬਨ 50 ਕਰੋੜ ਰੁਪਏ ਵਾਪਸ ਕੀਤੇ ਜਾਣ, ਚੌਲ ਰੱਖਣ ਲਈ ਲੋੜੀਂਦੀ ਜਗ੍ਹਾ ਦੇ ਫੌਰੀ ਪ੍ਰਬੰਧ ਕੀਤੇ ਜਾਣ, ਕਪਾਹ, ਨਰਮੇ ਆਦਿ ’ਤੇ ਸਰਕਾਰੀ ਖਰੀਦ ਦੌਰਾਨ ਆੜ੍ਹਤ ਬੰਦ ਕਰਨ ਦੀ ਨੀਤੀ ਰੱਦ ਕੀਤੀ ਜਾਵੇ। ਇਸ ਮੌਕੇ ਆੜ੍ਹਤੀਆ ਆਗੂ ਜਾਗ ਸਿੰਘ ਸਾਬਕਾ ਸਰਪੰਚ, ਹਰਦੇਵ ਸਿੰਘ ਹਥਨ, ਹਰਵਿੰਦਰ ਸ਼ਰਮਾ, ਧਰਮਪਾਲ ਬਾਂਸਲ, ਭਵਨਜੀਤ, ਰਮੇਸ਼ ਕੁਮਾਰ ਤੇ ਬਸੰਤ ਕੁਮਾਰ ਆਦਿ ਨੇ ਸੰਬੋਧਨ ਕੀਤਾ।