ਪਿੰਡ ਬਾਰੇ ਬਹੁਪੱਖੀ ਜਾਣਕਾਰੀ
ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਪੁਸਤਕ ‘ਅਨੁਪਮ ਗਾਥਾ ਫਫੜੇ ਭਾਈ ਕੇ ਨਗਰ ਦੀ’ (ਲੇਖਕ: ਪ੍ਰਿੰਸੀਪਲ ਜਗਜੀਤ ਸਿੰਘ ਔਲਖ; ਕੀਮਤ: 395 ਰੁਪਏ; ਸਾਹਿਬਦੀਪ ਪਬਲੀਕੇਸ਼ਨ, ਮਾਨਸਾ) ਵਿਚ ਫਫੜੇ ਭਾਈ ਕੇ (ਜ਼ਿਲ੍ਹਾ ਮਾਨਸਾ) ਬਾਰੇ ਜਾਣਕਾਰੀ ਦਾ ਭਰਵਾਂ ਜ਼ਿਕਰ ਹੈ। ਇਸ ਵੱਡ-ਆਕਾਰੀ ਕਿਤਾਬ ਸਮੇਤ ਪ੍ਰਿੰਸੀਪਲ ਜਗਜੀਤ ਸਿੰਘ ਔਲਖ ਦੀਆਂ ਸੱਤ ਕਿਤਾਬਾਂ ਛਪ ਚੁੱਕੀਆਂ ਹਨ। ਹਥਲੀ ਪੁਸਤਕ ਵਿਚ ਲੇਖਕ ਨੇ 50 ਕਾਂਡਾਂ ਵਿਚ ਪਿੰਡ ਦੀ ਮੋਹੜੀ ਗੱਡਣ ਤੋਂ ਇਲਾਵਾ ਪਿੰਡ ਦੀਆਂ ਸਾਧਾਰਨ ਸ਼ਖ਼ਸੀਅਤਾਂ ਤੋਂ ਲੈ ਕੇ ਵਿਸ਼ੇਸ਼ ਖੇਤਰ ਵਿਚ ਨਾਮਣਾ ਖੱਟਣ ਵਾਲੇ ਪ੍ਰਸਿੱਧ ਵਿਅਕਤੀਆਂ ਤੇ ਹੋਰ ਇਤਿਹਾਸਕ ਸ਼ਖ਼ਸੀਅਤਾਂ ਦਾ ਖੋਜਮਈ ਜ਼ਿਕਰ ਕੀਤਾ ਹੈ। ਲੇਖਕ ਸਾਹਿਤ, ਖੋਜ ਤੇ ਸਿੱਖ ਇਤਿਹਾਸ ਲਿਖ ਕੇ ਉੱਘਾ ਯੋਗਦਾਨ ਪਾ ਰਿਹਾ ਹੈ। ਇਸ ਕਿਤਾਬ ਲਈ ਕੀਤੀ ਲੇਖਕ ਦੀ ਮਿਹਨਤ ਨੂੰ ਵੇਖ ਕੇ ਖ਼ੁਸ਼ੀ ਦੇ ਨਾਲ ਨਾਲ ਹੈਰਾਨੀ ਵੀ ਹੁੰਦੀ ਹੈ। ਇਕ ਪਿੰਡ ਬਾਰੇ ਐਨੀ ਘੋਖ ਪੜਤਾਲ ਕਰਨੀ ਆਪਣੇ ਆਪ ਵਿਚ ਬਹੁਤ ਵੱਡਾ ਮਾਅਰਕਾ ਹੈ। ਪੰਜਾਬ ਦੇ ਪਿੰਡਾਂ ਬਾਰੇ ਇਕਾ-ਦੁੱਕਾ ਕਿਤਾਬਾਂ ਤਾਂ ਆਮ ਹਨ। ਪੰਜਾਬੀ ਟ੍ਰਿਬਿਊਨ ਵੀ ਪਿੰਡਾਂ ਵਿਚੋਂ ਪਿੰਡ ਸੁਣੀਂਦਾ ਤਹਿਤ ਸਮੇਂ ਸਮੇਂ ’ਤੇ ਪੰਜਾਬ ਦੇ ਪਿੰਡਾਂ ਬਾਰੇ ਜਾਣਕਾਰੀ ਦਿੰਦਾ ਰਿਹਾ ਹੈ। ਲੇਖਕ ਨੇ ਇਸ ਵੱਡ-ਆਕਾਰੀ ਪੁਸਤਕ ਵਿਚ ਫਫੜੇ ਪਿੰਡ ਦਾ ਨਾਮਕਰਨ, ਨਵਾਂ ਪਿੰਡ ਵਸਣਾ, ਪ੍ਰਾਚੀਨ ਥੇਹਾਂ, ਬਾਬਾ ਮੱਲਾ ਦਾ ਜੀਵਨ, ਬਾਬਾ ਮੱਲਾ ਦੀ ਸਮਾਧ ਦੀ ਮਾਨਤਾ, ਮਲੇਆਣਾ ਢਾਬ ਤੇ ਝਿੜੀ, ਦੇਸ਼ ਭਗਤਾਂ ਦੀ ਥਾਂ ਮਲੇਆਣਾ ਦਾ ਜ਼ਿਕਰ ਹਵਾਲਿਆਂ ਸਹਿਤ ਕੀਤਾ ਹੈ। ਲਗਭਗ ਹਰੇਕ ਕਾਂਡ ਦੇ ਇਤਿਹਾਸਕ ਹਵਾਲੇ ਹਨ ਜਿਨ੍ਹਾਂ ਵਿਚ ਮਹਿਮਾ ਪ੍ਰਕਾਸ਼ ਗ੍ਰੰਥ (ਬਾਵਾ ਸਰੂਪ ਦਾਸ ਭਲਾ), ਬਰਾੜਾਂ ਦਾ ਇਤਿਹਾਸ (ਬਲਵੰਤ ਸਿੰਘ ਸਿੱਧੂ), ਕਰਤਾਰ ਸਿੰਘ ਦੁੱਗਲ ਦੀ ਸਵੈ-ਜੀਵਨੀ ‘ਕਿਸ ਪਹਿ ਖੋਲਹੁੰ ਗੰਠੜੀ’ ਦੇ ਪੰਨੇ ਹਨ। ਇਹ ਪਿੰਡ 14ਵੀਂ ਸਦੀ ਵਿਚ ਮੁਸਲਿਮ ਸੱਭਿਆਚਾਰ ਦਾ ਕੇਂਦਰ ਬਣਿਆ ਸੀ। ਇਸ ਸਬੰਧੀ ਪੁਸਤਕ ਪੰਜਾਬ ਦਾ ਇਤਿਹਾਸ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦਾ ਹਵਾਲਾ ਹੈ। ਇਸੇ ਆਧਾਰ ’ਤੇ ਕਈ ਪੁਰਾਤਨ ਥੇਹਾਂ ਦਾ ਜ਼ਿਕਰ ਹੈ। ਗਿਆਨੀ ਚੰਨਣ ਸਿੰਘ ਸਿੱਧੂ ਦੇ ਬਿਆਨ ਦਾ ਜ਼ਿਕਰ ਹੈ। ਫਫੜੇ ਪਿੰਡ ਦਾ ਮਹਾਂ ਕਾਲ ਵਿਚ ਹੋਏ ਨੁਕਸਾਨ ਦਾ ਵੇਰਵਾ ਹੈ। ਇਤਿਹਾਸਕ ਸ਼ਖ਼ਸੀਅਤਾਂ ਵਿਚ ਫਫੜੇ ਭਾਈ ਕੇ ਦੇ ਭਾਈ ਦੇਸ ਰਾਜ (ਭਾਈ ਦੇਸਾ), ਭਾਈ ਦਇਆ ਚੰਦ ਭਾਈ ਸੁੰਦਰ ਸਿੰਘ ਦੀ ਬੰਸਾਵਲੀ ਦਰਜ਼ ਹੈ। ਬੰਸਾਵਲੀਆਂ ਦੇ ਸਰੋਤ ਵੀ ਦਰਜ਼ ਹਨ। ਪਰਜਾ ਮੰਡਲ ਦੇ ਇਤਿਹਾਸ ਵਿਚ ਦੇਸ਼ਭਗਤ ਸੇਵਾ ਸਿੰਘ ਠੀਕਰੀਵਾਲਾ ਦੇ ਹਵਾਲੇ ਨਾਲ ਲਿਖਿਆ ਹੈ। ਪਿੰਡ ਦੇ ਕੂਕੇ (ਨਾਮਧਾਰੀ) ਮਾਨ ਵੰਸ਼ ਦਾ ਇਤਿਹਾਸ, ਭਾਈ ਕਾਨ੍ਹ ਸਿੰਘ ਨਾਭਾ ਦੇ ਹਵਾਲੇ ਨਾਲ ਹੈ। ਇਨ੍ਹਾਂ ਹਵਾਲਾ ਪੁਸਤਕਾਂ ਦੇ ਨਾਲ ਹੋਰ ਸਹਾਇਕ ਪੁਸਤਕਾਂ ਦੀ ਸੂਚੀ ਕਿਤਾਬ ਵਿਚ ਹੈ ਜਿਨ੍ਹਾਂ ਵਿਚ ਕਰਮ ਸਿੰਘ ਹਿਸਟੋਰੀਅਨ, ਗਿਆਨ ਸਿੰਘ ਗਿਆਨੀ ਰਚਿਤ ਤਵਾਰੀਖ਼ ਗੁਰੂ ਖਾਲਸਾ, ਗਿਆਨੀ ਗੁਰਦਿੱਤ ਸਿੰਘ ਦੀ ਪ੍ਰਸਿੱਧ ਪੁਸਤਕ ਮੇਰਾ ਪਿੰਡ, ਡਾ. ਗੁਰਦੇਵ ਸਿੰਘ ਦੀ ਕਿਤਾਬ ਮਾਲਵੇ ਦਾ ਇਤਿਹਾਸ, ਬਲਵੰਤ ਸਿੰਘ ਗਿਆਨੀ ਕੋਠਾ ਗੁਰੂ, ਪ੍ਰੋ. ਮੋਹਨ ਸਿੰਘ ਸਾਵੇ ਪੱਤਰ, ਭਾਈ ਵੀਰ ਸਿੰਘ ਰਚਿਤ ਕਲਗੀਧਰ ਚਮਤਕਾਰ, ਪਿਆਰਾ ਸਿੰਘ ਪਦਮ ਦੀ ਕਲਮ ਦਾ ਚਮਤਕਾਰ, ਰਣਧੀਰ ਸਿੰਘ ਰਿਸਰਚ ਸਕਾਲਰ (ਉਦਾਸੀ ਸਿੱਖਾਂ ਦੀ ਵਿਥਿਆ), ਮਹਿਮਾ ਪ੍ਰਕਾਸ਼ ਵਾਰਤਕ, ਸੰਤ ਵਿਸਾਖਾ ਸਿੰਘ ਦਾ ਮਾਲਵਾ ਇਤਿਹਾਸ ਦੇ ਹਵਾਲੇ ਸ਼ਾਮਿਲ ਹਨ। ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਨੇ ਫਫੜੇ ਭਾਈ ਕੇ ਦੇ ਹਰ ਵਰਗ ਦੇ ਕਿਰਤੀ ਲੋਕਾਂ ਲਈ ਇਕ ਇਕ ਕਾਂਡ ਪੂਰੇ ਵਿਸਥਾਰ ਨਾਲ ਲਿਖਿਆ ਹੈ ਜਿਸ ਬਾਰੇ ਪੀੜ੍ਹੀ ਦਰ ਪੀੜ੍ਹੀ ਜ਼ਿਕਰ ਕੀਤਾ ਹੈ। ਇਨ੍ਹਾਂ ਕਿਰਤੀ ਕਾਮਿਆਂ ਨੂੰ ਮਾਣ ਦੇਣਾ ਲੇਖਕ ਦੀ ਵਡਿਆਈ ਹੈ। ਇਨ੍ਹਾਂ ਦੇ ਗੁਰੂ ਅਥਵਾ ਭਗਤਾਂ ਦਾ ਜ਼ਿਕਰ ਵੀ ਹੈ ਜਿਵੇਂ ਭਗਤ ਰਵਿਦਾਸ, ਭਗਤ ਨਾਮਦੇਵ ,ਕਬੀਰ ਜੀ। ਕੁਝ ਡੇਰਿਆਂ ਦਾ ਵੇਰਵਾ ਹੈ। ਡੇਰਾ ਦਾਦੂ ਪੰਥ, ਪੀਰ ਖਾਨਾ, ਪਿੰਡ ਦੇ ਖੂਹ ਖੂਹੀਆਂ, ਲੋਕਾਂ ਦਾ ਖੂਹਾਂ ਨਾਲ ਸੰਬੰਧ ਕੀ ਸੀ ਆਦਿ ਪੜ੍ਹ ਕੇ ਪੁਰਾਤਨ ਪੰਜਾਬ ਦੇ ਦੀਦਾਰ ਹੁੰਦੇ ਹਨ। ਇਸ ਪੁਸਤਕ ਵਿਚ ਖੂਹਾਂ ਦੇ ਚਿੱਤਰ ਹਨ। ਡੇਰਾ ਬਾਬਾ ਚਰਨ ਦਾਸ ਦੇ ਖੂਹ ਦਾ ਚਿੱਤਰ ਹੈ। ਕਲਿਹਰੀ ਰੋਡ ਤੇ ਸਤੀ ਵਾਲਾ ਖੂਹ ਸਮਾਧ ਡੇਰਾ ਬਾਬਾ ਗੋਬਿੰਦ ਦਾਸ ਦੇ ਚਿੱਤਰ ਹਨ। ਭਾਈ ਦਇਆ ਚੰਦ ਦੇ ਰਥ ਤੇ ਗਿਆਨੀ ਚੰਨਣ ਸਿੰਘ ਸਿੱਧੂ ਦੀਆਂ ਤਸਵੀਰਾਂ ਹਨ। ਪਿੰਡ ਦੇ ਕਵੀ ਤੇ ਕਵੀਸ਼ਰ ਕੁਝ ਨਾਮਵਰ ਸ਼ਖ਼ਸੀਅਤਾਂ ਵਿਚ ਗਿਆਨੀ ਹਰੀ ਸਿੰਘ ਫਫੜਾ, ਗਿਆਨੀ ਚੰਨਣ ਸਿੰਘ ਸਿੱਧੂ (ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਪ੍ਰੇਰਨਾ ਸਰੋਤ), ਭਾਈ ਕਾਕੂ ਸਿੰਘ, ਕਰਤਾਰ ਸਿੰਘ ਰੰਘਰੇਟਾ, ਭਾਗ ਸਿੰਘ ਜ਼ਰਗਰ, ਹਰਦੀਪ ਸਿੰਘ ਸਿੱਧੂ ਦਾ ਜੀਵਨ ਵੇਰਵਾ ਵੱਖਰੇ ਵੱਖਰੇ ਕਾਂਡ ’ਚ ਪੜ੍ਹਿਆ ਜਾ ਸਕਦਾ ਹੈ। ਪਿੰਡ ਦੇ ਪ੍ਰਸਿੱਧ ਵੈਦ ਤੇ ਡਾਕਟਰ ਦਾ ਜ਼ਿਕਰ, ਪਿੰਡ ਦੀਆਂ ਅੱਲਾਂ, ਵਿਦਿਅਕ ਅਦਾਰੇ, ਡਾਕਘਰ ਤੇ ਹੋਰ ਬਹੁਤ ਕੁਝ ਹੈ। ਪਿੰਡ ਦੇ ਕਈ ਵਿਦਿਅਕ ਅਦਾਰੇ ਤਾਂ ਸਿੱਖਿਆ ਖੇਤਰ ਵਿਚ ਉੱਘਾ ਯੋਗਦਾਨ ਪਾ ਰਹੇ ਹਨ। ਮੁੰਡੇ ਕੁੜੀਆਂ ਦੇ ਵੱਖ ਵੱਖ ਸੀਨੀਅਰ ਸੈਕੰਡਰੀ ਸਕੂਲ ਹਨ। ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜਵਾਹਰ ਨਵੋਦਿਆ ਵਿਦਿਆਲਾ, ਅਕਾਲ ਅਕੈਡਮੀ ਤੇ ਆਂਗਣਵਾੜੀ ਕੇਂਦਰ ਹਨ। ਹੋਰ ਬਹੁਤ ਸਹੂਲਤਾਂ ਫਫੜੇ ਭਾਈ ਕੇ ਵਿਚ ਹਨ। ਇਸ ਪਿੰਡ ’ਤੇ ਸਿਆਸਤਦਾਨਾਂ ਦੀ ਬਹੁਤ ਕਿਰਪਾ ਰਹੀ ਹੈ। ਪਿੰਡ ਦਾ ਹਰ ਪੱਖ ਤੋਂ ਵਿਕਾਸ ਹੋਇਆ ਹੈ ਜਿਸ ਦਾ ਜ਼ਿਕਰ ਲੇਖਕ ਨੇ ਪ੍ਰਭਾਵਸ਼ਾਲੀ ਸ਼ੈਲੀ ਵਿਚ ਰੀਝ ਨਾਲ ਕੀਤਾ ਹੈ। ਪਿੰਡ ਦੇ ਕਬੂਤਰਬਾਜ਼, ਸ਼ਮਸ਼ਾਨਘਰ, ਹੱਡਾਰੋੜੀ, ਪਿੰਡ ਦੇ ਸਾਬਕਾ ਤੇ ਮੌਜੂਦਾ ਸਰਪੰਚ ਦਾ ਜ਼ਿਕਰ (ਪੰਨਾ 328-330), ਵਲ੍ਹੇ ਦਰਵਾਜ਼ੇ, ਧੂਣੀਆਂ, ਧਰਮਸ਼ਾਲਾਵਾਂ, ਵਣਜਾਰੇ, ਖਰਾਸ, ਚੱਕੀਆਂ; ਊਠ, ਘੋੜੇ, ਘੋੜੀਆਂ ਪਿੰਡ ਦਾ ਪਸ਼ੂ ਧਨ; ਸੇਵੀਆਂ ਵਟਣ ਦੀ ਰਵਾਇਤ, ਤ੍ਰਿਵੈਣੀ, ਗੁਹਾਰੇ, ਰੁੱਖ, ਜੰਡ, ਪਿੱਪਲ ਭਾਵ ਪਿੰਡ ਦੀਆਂ ਸਾਂਝੀਆਂ ਕੜੀਆਂ ਦਾ ਦਿਲਚਸਪ ਵੇਰਵਾ ਪੁਸਤਕ ਦੀ ਸ਼ਾਨ ਹੈ। ਅੰਤਿਕਾ ਵਿਚ ਰਾਣੀ ਬਿਲਾਹ ਬਾਰੇ ਖੋਜ ਅਤੇ ਕੁਝ ਖਲੀਫ਼ਿਆਂ ਬਾਰੇ ਜਾਣਕਾਰੀ ਹੈ। ਪੁਸਤਕ ਪੜ੍ਹ ਕੇ ਨਗਰ ਵਰਗੇ ਪਿੰਡ ਫਫੜੇ ਭਾਈ ਕੇ ਦੇ ਰੱਜਵੇਂ ਦਰਸ਼ਨ ਹੁੰਦੇ ਹਨ। ਪੁਸਤਕ ਪਿੰਡ ਬਾਰੇ ਇਤਿਹਾਸਕ ਦਸਤਾਵੇਜ਼ ਹੈ।
ਸੰਪਰਕ: 98148-56160