For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਵੱਲੋਂ ਚੰਨੀ-ਬੀਬੀ ਵਿਵਾਦ ਦੀ ਵੀਡੀਓ ਬਾਰੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ

07:50 AM May 15, 2024 IST
ਕਾਂਗਰਸ ਵੱਲੋਂ ਚੰਨੀ ਬੀਬੀ ਵਿਵਾਦ ਦੀ ਵੀਡੀਓ ਬਾਰੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚਰਨਜੀਤ ਸਿੰਘ ਚੰਨੀ।
Advertisement

ਪਾਲ ਸਿੰਘ ਨੌਲੀ
ਜਲੰਧਰ, 14 ਮਈ
ਕਾਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਵੀਡੀਓ ਨੂੰ ਐਡਿਟ ਕਰ ਕੇ ਉਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਿਰੁੱਧ ਪੁਲੀਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਦੀਆਂ ਕਾਪੀਆਂ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸਣੇ ਹੋਰ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ। ਕਾਗਰਸ ਦੇ ਸੀਨੀਅਰ ਆਗੂ ਡਾ. ਨਵਜੋਤ ਸਿੰਘ ਦਹੀਆ ਦੇ ਦਸਤਖਤਾਂ ਹੇਠ ਇਹ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਡਾ. ਦਹੀਆ ਨੇ ਦੱਸਿਆ ਚਰਨਜੀਤ ਸਿੰਘ ਚੰਨੀ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਰਸਤੇ ਵਿੱਚ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਿਲੇ। ਚੰਨੀ ਨੇ ਵੱਡੀ ਭੈਣ ਵਜੋਂ ਉਨ੍ਹਾਂ ਦਾ ਸਤਿਕਾਰ ਕੀਤਾ। ਇਸ ਖੁਸ਼ਨੁਮਾ ਮਾਹੌਲ ਮਗਰੋਂ ਉਸ ਮੌਕੇ ਦੀ ਵੀਡੀਓ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਵੀਡੀਓ ਦੇ ਕੁੱਝ ਹਿੱਸੇ ਨੂੰ ਗਲਤ ਢੰਗ ਨਾਲ ਐਡਿਟ ਕਰਕੇ ਚੰਨੀ ਤੇ ਬੀਬੀ ਜਗੀਰ ਕੌਰ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।
ਸ਼ਿਕਾਇਤ ਵਿੱਚ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ। ਕਾਂਗਰਸ ਵਿੱਚੋਂ ਮੁਅੱਤਲ ਕੀਤੇ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਨੇ 11 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਚੰਨੀ ਬਾਰੇ ਗਲਤ ਬਿਆਨੀ ਕੀਤੀ ਗਈ ਹੈ। ਇਹ ਸਭ ਡੂੰਘੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਵਿਕਰਮਜੀਤ ਸਿੰਘ ਤੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਚੰਨੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

Advertisement

ਮਹਿਲਾ ਕਮਿਸ਼ਨ ਦੀ ਕਾਰਵਾਈ ਸਿਆਸਤ ਤੋਂ ਪ੍ਰੇਰਿਤ: ਚੰਨੀ

ਕੁਰਾਲੀ (ਮਿਹਰ ਸਿੰਘ): ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰ੍ਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਅਕਾਲੀ ਆਗੂ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਹੱਥ ਲਾਉਣ ਦੇ ਮਾਮਲੇ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਲਏ ਜਾਣ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਅੱਜ ਇੱਥੇ ਤਨਵੀਰ ਪੈਲੇਸ ਵਿੱਚ ਸਮਾਗਮ ਉਪਰੰਤ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਮਹਿਲਾ ਕਮਿਸ਼ਨ ਦੀ ਕੁਰਸੀ ’ਤੇ ਬੈਠ ਕੇ ਸਿਆਸੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਕਮਿਸ਼ਨ ਨੂੰ ਚਾਹੀਦਾ ਸੀ ਕਿ ਉਹ ਵੀਡੀਓ ਵਾਇਰਲ ਕਰਨ ਵਾਲੇ ਖ਼ਿਲਾਫ਼ ਕਾਰਵਾਈ ਕਰਨ ਲਈ ਆਖਦਾ ਕਿਉਂਕਿ ਵੀਡੀਓ ਪਾਉਣ ਵਾਲੇ ਨੇ ਪਵਿੱਤਰ ਤੇ ਪਾਕ ਰਿਸ਼ਤੇ ਨੂੰ ਗ਼ਲਤ ਢੰਗ ਨਾਲ ਵੀਡੀਓ ਪਾ ਕੇ ਬਦਨਾਮ ਕੀਤਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬੀਬੀ ਜਗੀਰ ਕੌਰ ਉਨ੍ਹਾਂ ਦੇ ਵੱਡੇ ਅਤੇ ਬਹੁਤ ਸਤਿਕਾਰਯੋਗ ਹਨ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਅਤੇ ਬੀਬੀ ਜਗੀਰ ਕੌਰ ਜਲੰਧਰ ਵਿਖੇ ਇਕੱਠੇ ਹੋਏ ਸਨ ਅਤੇ ਆਪਸ ਵਿੱਚ ਮਿਲਣ ਸਮੇਂ ਸ੍ਰੀ ਚੰਨੀ ਨੇ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਹੱਥ ਲਗਾ ਦਿੱਤਾ ਸੀ। ਸੋਸ਼ਲ ਮੀਡੀਆ ’ਤੇ ਇਸ ਸਬੰਧੀ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਪੁਲੀਸ ਮੁਖੀ ਨੂੰ ਲਿਖਤੀ ਪੱਤਰ ਭੇਜ ਕੇ ਰਿਪੋਰਟ ਮੰਗੀ ਹੈ। ਉਧਰ, ਬੀਬੀ ਜਗੀਰ ਕੌਰ ਖੁਦ ਵੀ ਇਸ ਘਟਨਾ ਵਾਲੀ ਮੁਲਾਕਾਤ ਨੂੰ ਖੁਸ਼ਗਵਾਰ ਤੇ ਸਤਿਕਾਰ ਵਾਲੀ ਮੰਨਦੇ ਹੋਏ ਆਪਣਾ ਪੱਖ ਪੇਸ਼ ਕਰ ਚੁੱਕੇ ਹਨ।

Advertisement

Advertisement
Author Image

joginder kumar

View all posts

Advertisement