ਥੋਕ ਪਟਾਕਾ ਵਪਾਰੀਆਂ ਵੱਲੋਂ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਅਕਤੂਬਰ
ਲੁਧਿਆਣਾ ਫਾਇਰ ਵਰਕਸ ਐਸੋਸੀਏਸ਼ਨ ਦੇ ਚਾਲੀ ਮੈਂਬਰਾਂ ਨੇ ਅੱਜ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਫ਼ਤਰ ਪੁੱਜ ਕੇ ਬੀਤੇ ਕੱਲ੍ਹ ਲੁਧਿਆਣਾ ਪੁਲੀਸ ਵੱਲੋਂ ਬੱਚਤ ਭਵਨ ਵਿੱਚ ਡਰਾਅ ਰਾਹੀਂ ਪਟਾਕਿਆਂ ਦੀਆਂ ਦੁਕਾਨਾਂ ਅਲਾਟ ਕੀਤੇ ਜਾਣ ਬਾਰੇ ਆਪਣੀ ਅਸਹਿਮਤੀ ਜ਼ਾਹਰ ਕੀਤੀ। ਐਸੋਸੀਏਸ਼ਨ ਦੇ ਮੈਂਬਰਾਂ ਨੇ ਪੁਲੀਸ ਕਮਿਸ਼ਨਰ ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਦੁਕਾਨਾਂ ਅਲਾਟ ਹੋਈਆਂ ਹਨ ਉਹ ਇਸ ਕੰਮ ਵਿੱਚ ਬਿਲਕੁਲ ਨਵੇਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਨ੍ਹਾਂ ਅਲਾਟੀਆਂ ਵੱਲੋਂ ਅੱਗੇ 4-5 ਲੱਖ ਰੁਪਏ ਲੈ ਕੇ ਇਹ ਦੁਕਾਨਾਂ ਵੇਚੀਆਂ ਜਾ ਰਹੀਆਂ ਹਨ। ਕਾਰੋਬਾਰੀਆਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਪਟਾਕੇ ਵੇਚਣ ਅਤੇ ਖਰੀਦਣ ਸਬੰਧੀ ਜਾਰੀ ਸੁਰੱਖਿਆ ਨੇਮਾਂ ਬਾਰੇ ਵੀ ਕੋਈ ਗਿਆਨ ਨਹੀਂ ਹੈ ਜਿਸ ਕਾਰਨ ਕੋਈ ਵੀ ਹਾਦਸਾ ਵਾਪਰਨ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਇਸ ਮੌਕੇ ਪੁਲੀਸ ਕਮਿਸ਼ਨਰ ਨੇ ਉਕਤ ਕਾਰੋਬਾਰੀਆਂ ਨੂੰ ਭਰੋਸਾ ਦਿਵਾਇਆ ਕਿ ਛੇਤੀ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਐਸੋਸੀਏਸ਼ਨ ਦੇ ਮੈਂਬਰ ਅਸ਼ੋਕ ਕੁਮਾਰ ਥਾਪਰ ਨੇ ਕਿਹਾ ਕਿ 2016 ਵਿੱਚ 66 ਦੁਕਾਨਾਂ ਲੱਗੀਆਂ ਸਨ ਤੇ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪੂਰੇ ਪੰਜਾਬ ਵਿੱਚ 20 ਦੁਕਾਨਾਂ ਕੀਤੀਆਂ ਗਈਆਂ। 2022 ਵਿੱਚ ਹਾਈਕੋਰਟ ਵਿੱਚ ਇੱਕ ਰਿੱਟ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਸਿਰਫ ਦਾਣਾ ਮੰਡੀ ਲੁਧਿਆਣਾ ਵਿੱਚ 50 ਦੁਕਾਨਾਂ ਲਗਾਈਆਂ ਜਾ ਸਕਦੀਆਂ ਹਨ। 2016 ਵਿੱਚ 100 ਫਾਈਲਾਂ ਦੀਆਂ ਅਰਜ਼ੀ ਪ੍ਰਾਪਤ ਹੋਈਆ ਸਨ, ਜੋ 2022 ਵਿੱਚ ਵੱਧ ਕੇ 500 ਹੋ ਗਈਆਂ। ਹੁਣ 2024 ਵਿੱਚ 750 ਫਾਈਲਾਂ ਅਪਲਾਈ ਕੀਤੀਆਂ ਗਈਆਂ ਸਨ। ਅਸ਼ੋਕ ਥਾਪਰ ਨੇ ਦੱਸਿਆ ਕਿ ਐਸੋਸੀਏਸ਼ਨ ਵਿੱਚ ਚਾਲੀ ਦੁਕਾਨਦਾਰ ਹਨ ਜੋ ਪਿਛਲੇ ਲੰਮੇ ਸਮੇਂ ਤੋਂ ਵਪਾਰ ਕਰ ਰਹੇ ਹਨ। ਉਨ੍ਹਾਂ ਨੇ ਪਟਾਕਿਆਂ ਦੇ ਕਾਰੋਬਾਰ ਵਿੱਚ ਲੱਖਾਂ ਰੁਪਏ ਦਾ ਨਿਵੇਸ਼ ਕੀਤਾ ਹੈ। ਹੁਣ ਸਰਕਾਰ ਨੇ ਸਾਰਿਆਂ ਨੂੰ ਫਾਈਲ ਅਪਲਾਈ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ, ਜਿਸ ਨਾਲ ਬਹੁਤ ਸਾਰੇ ਲੋਕ ਸ਼ਾਮਲ ਹੋ ਗਏ ਹਨ। ਉਨ੍ਹਾਂ ਦੱਸਿਆ ਕਿ 38 ਅਜਿਹੇ ਦੁਕਾਨਦਾਰ ਹਨ, ਜਿਨ੍ਹਾਂ ਨੂੰ ਇਸ ਧੰਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਨੀਤੀ ਅਨੁਸਾਰ ਕੋਈ ਵੀ ਲੈ ਸਕਦਾ ਹੈ ਲਾਇਸੈਂਸ: ਡੀਸੀਪੀ
ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸਰਕਾਰੀ ਨੀਤੀ ਅਨੁਸਾਰ ਕੋਈ ਵੀ ਵਿਅਕਤੀ ਪਟਾਕੇ ਵੇਚਣ ਲਈ ਲਾਇਸੈਂਸ ਲਈ ਅਪਲਾਈ ਕਰ ਸਕਦਾ ਹੈ। ਵਿਭਾਗ ਵਿੱਚ ਜਮਾ ਕਰਵਾਈਆਂ ਗਈਆਂ ਫਾਈਲਾਂ ਦੇ ਨਿਯਮਾਂ ਅਤੇ ਸ਼ਰਤਾਂ ਦੀ ਜਾਂਚ ਕੀਤੀ ਜਾਂਦੀ ਹੈ। ਡਰਾਅ ਪਾਰਦਰਸ਼ੀ ਢੰਗ ਨਾਲ ਕੱਢਿਆ ਗਿਆ ਹੈ। ਜਿਸ ਦੁਕਾਨਦਾਰ ਦਾ ਡਰਾਅ ਨਿਕਲਿਆ ਹੈ, ਉਹ ਆਪਣੀ ਦੁਕਾਨ ਚਲਾਵੇ। ਜੇਕਰ ਉਹ ਅੱਗੇ ਕਿਸੇ ਨੂੰ ਦੁਕਾਨ ਚਲਾਉਣ ਲਈ ਦਿੰਦਾ ਹੈ ਤਾਂ ਉਸ ਦੀਆਂ ਸ਼ਰਤਾਂ ਹਨ ਅਤੇ ਉਹ ਆਪਣੀ ਜ਼ਿੰਮੇਵਾਰੀ ’ਤੇ ਕਿਸੇ ਨੂੰ ਅਧਿਕਾਰ ਦੇ ਸਕਦਾ ਹੈ।