ਜੀਐੱਨਡੀਈਸੀ ਵਿੱਚ ਯੁਵਕ ਮੇਲੇ ਦੌਰਾਨ ਮੁਕਾਬਲੇ
ਸਤਵਿੰਦਰ ਬਸਰਾ
ਲੁਧਿਆਣਾ, 3 ਨਵੰਬਰ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿੱਚ ਚੱਲ ਰਹੇ ਯੁਵਕ ਮੇਲੇ ਦੇ ਅੱਜ ਦੂਜੇ ਦਿਨ ਵੱਖ ਵੱਖ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਅੱਜ ਹੋਏ ਮੁਕਾਬਲਿਆਂ ਵਿੱਚ ਕਵਤਿਾ ਉਚਾਰਨ, ਭਾਸ਼ਨ, ਡਬਿੇਟ, ਪੋਸਟਰ ਮੇਕਿੰਗ, ਆਨ ਸਪਾਟ ਪੇਂਟਿੰਗ, ਮਹਿੰਦੀ, ਕੋਲਾਜ਼ ਮੇਕਿੰਗ, ਸਕਿੱਟ, ਮਾਈਮ, ਕਲਾਸੀਕਲ ਵੋਕਲ ਸੋਲੋ, ਕਲਾਸੀਕਲ ਇੰਸਟਰੂਮੈਂਟਲ ਸੋਲੋ ਅਤੇ ਵਾਰ ਗਾਇਨ ਦੇ ਮੁਕਾਬਲੇ ਕਰਵਾਏ ਗਏ। ਅੱਜ ਦੇ ਮੁਕਾਬਲਿਆਂ ਦੌਰਾਨ ਇੰਦਰ ਕੁਮਾਰ ਗੁਜ਼ਰਾਲ ਟੈਕਨੀਕਲ ਯੂਨੀਵਰਸਿਟੀ ਦੇ ਅਸਿਸਟੈਂਟ ਡਾਇਰੈਕਟਰ ਯੂਥ ਅਫੇਅਰਜ਼ ਸਮੀਰ ਸ਼ਰਮਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ। ਪੀਏਯੂ ਦੇ ਸਾਬਕਾ ਪ੍ਰੋਫੈਸਰ ਡਾ. ਐਮਐਸ ਤੂਰ ਨੇ ਬਤੌਰ ਆਬਜ਼ਰਵਰ ਪ੍ਰੋਗਰਾਮ ਨੂੰ ਸਹੀ ਮਾਪਦੰਡਾਂ ਦੇ ਜ਼ਰੀਏ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਕਾਲਜ ਪ੍ਰਿੰਸੀਪਲ ਡਾ. ਸਹਜਿਪਾਲ ਸਿੰਘ, ਡਾ. ਕੇਐਸ ਮਾਨ, ਡਾ. ਪਰਮਪਾਲ ਸਿੰਘ, ਪ੍ਰੋ. ਜਸਵੰਤ ਸਿੰਘ ਟੌਰ ਨੇ ਆਏ ਮਹਿਮਾਨਾਂ ਅਤੇ ਬਤੌਰ ਭਾਗੀਦਾਰ ਬਣ ਪਹੁੰਚੇ ਕਾਲਜਾਂ ਦਾ ਧੰਨਵਾਦ ਕੀਤਾ। ਅੱਜ ਦੇ ਮੁਕਾਬਲਿਆਂ ਵਿੱਚ ਵੀ ਕਾਲਜਾਂ ਦੇ ਨਾਮ ਗੁਪਤ ਰੱਖਣ ਲਈ ਕੋਡ ਰੱਖੇ ਗਏ। ਇਨ੍ਹਾਂ ਕੋਡਾਂ ਅਨੁਸਾਰ ਬੁਗਚੂ ਕੋਡ ਵਾਲੇ ਕਾਲਜ ਦੇ ਵਾਰ ਗਾਉਣ ਵਿੱਚ ਪਹਿਲਾ, ਇਕਤਾਰਾ ਕੋਡ ਵਾਲੇ ਕਾਲਜ ਨੇ ਦੂਜਾ ਜਦਕਿ ਪਿੱਪਲ ਪੱਤੀਆਂ ਕੋਡ ਵਾਲੇ ਕਾਲਜ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਮਹਿੰਗੀ ਵਿੱਚ ਸਰਪੇਚ ਕੋਡ ਵਾਲੀ ਟੀਮ ਪਹਿਲੇ, ਪਿੱਪਲ ਪੱਤੀਆਂ ਕੋਡ ਵਾਲੀ ਟੀਮ ਦੂਜੇ ਅਤੇ ਪਰਾਂਦਾ ਕੋਡ ਵਾਲੀ ਟੀਮ ਤੀਜੇ ਸਥਾਨ ’ਤੇ ਆਈ। ਆਨ ਸਪੋਟ ਪੇਂਟਿੰਗ ਵਿੱਚ ਪਿੱਪਲ ਪੱਤੀ ਕੋਡ ਵਾਲੀ ਟੀਮ ਨੂੰ ਪਹਿਲਾ ਸਥਾਨ ਮਿਲਿਆ ਜਦਕਿ ਅਲਗੋਜ਼ਾ ਕੋਡ ਅਤੇ ਕਲਗੀ ਕੋਡ ਵਾਲੀਆਂ ਟੀਮਾਂ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਆਈਆਂ। ਜੇਤੂ ਕਾਲਜਾਂ ਦੇ ਨਾਮ ਯੁਵਕ ਮੇਲੇ ਦੇ ਆਖਰੀ ਦਿਨ ਐਲਾਨੇ ਜਾਣਗੇ।