ਪੁਲੀਸ ਥਾਣਿਆਂ ਦੇ ਮੁਕਾਬਲੇ: ਸਬ-ਡਿਵੀਜ਼ਨ ਬੰਗਾ ਅੱਵਲ, ਸਮਰਾਲਾ ਦੋਇਮ
ਪੱਤਰ ਪ੍ਰੇਰਕ
ਸਮਰਾਲਾ, 14 ਜੁਲਾਈ
ਪੰਜਾਬ ਪੁਲੀਸ ਵੱਲੋਂ ਥਾਣਿਆਂ ਅਤੇ ਪੁਲੀਸ ਚੌਕੀਆਂ ਵਿੱਚ ਕੰਮ ਕਰਦੇ ਪੁਲੀਸ ਮੁਲਾਜ਼ਮਾਂ ਅਤੇ ਅਧਿਕਾਰੀਆ ਦੀ ਕਾਰਜਸ਼ੈਲੀ ਨੂੰ ਪਰਖਣ ਲਈ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਇੰਸਪੈਕਟਰ ਜਨਰਲ ਪੁਲੀਸ ਲੁਧਿਆਣਾ ਵੱਲੋਂ ਆਪਣੀ ਰੇਂਜ ਅਧੀਨ ਪੈਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਦਿਹਾਤੀ ਅਤੇ ਖੰਨਾ ਵਿਚਕਾਰ ਹੋਇਆ। ਇਸ ਵਿਚ ਵਧੀਆਂ ਕਾਰਗੁਜ਼ਾਰੀ ਕਰਨ ਵਾਲੇ ਜ਼ਿਲ੍ਹੇ, ਸਬ ਡਿਵੀਜ਼ਨ ਅਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਪੁਲੀਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਸਬ ਡਿਵੀਜ਼ਨ ਸਮਰਾਲਾ ਤੋਂ ਦੂਜੇ ਸਥਾਨ ਦਾ ਇਨਾਮ ਲੈਣ ਉਪਰੰਤ ਡੀਐੱਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਇਹ ਮੁਕਾਬਲਾ ਵੱਖ ਵੱਖ ਪੈਮਾਨੇ ਜਿਵੇਂ ਕਰਾਇਮ ਡਿਸਪੋਜ਼ਲ, ਨਾਰਕੋਟਿਕ ਕੰਟਰੋਲ, ਵਧੀਆ ਪਬਲਿਕ ਸਰਵਿਸ, ਸੀਪੀਆਰਸੀ ਆਦਿ ’ਤੇ ਅਧਾਰਿਤ ਸੀ। ਇਸ ਵਿਚ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ ਸਬ ਡਿਵੀਜ਼ਨ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ, ਦੂਜਾ ਸਥਾਨ ਸਬ ਡਿਵੀਜ਼ਨ ਸਮਰਾਲਾ ਜ਼ਿਲ੍ਹਾ ਖੰਨਾ ਅਤੇ ਤੀਜਾ ਸਥਾਨ ਸਬ ਡਿਵੀਜ਼ਨ ਦਾਖਾ ਨੇ ਪ੍ਰਾਪਤ ਕੀਤਾ। ਜੇਤੂਆਂ ਨੂੰ ਇੰਸਪੈਕਟਰ ਜਰਨਲ ਪੁਲੀਸ ਲੁਧਿਆਣਾ ਰੇਂਜ ਡਾ. ਕੌਸਤੁਭ ਸ਼ਰਮਾ ਆਈਪੀਐੱਸ ਵੱਲੋਂ ਸਨਮਾਨਿਤ ਕੀਤਾ ਗਿਆ। ਕਰਾਈਮ ਕੰਟਰੋਲ ਡਿਸਪੋਜ਼ਲ ਵਿੱਚ ਪਹਿਲਾ ਸਥਾਨ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੇ ਪ੍ਰਾਪਤ ਕੀਤਾ। ਨਾਰਕੋਟਿਕ ਕੰਟਰੋਲ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੱਵਲ ਰਿਹਾ। ਇਸ ਮੌਕੇ ਚੌਕੀ ਇੰਚਾਰਜ ਬਰਧਾਲਾ ਥਾਣਾ ਸਮਾਰਾਲਾ ਤੋਂ ਐੱਸਆਈ ਪਵਿੱਤਰ ਸਿੰਘ ਖੰਨਾ, ਇੰਚਾਰਜ ਜਿਲ੍ਹਾ ਸਾਂਝ ਕੇਂਦਰ ਖੰਨਾ ਤੋਂ ਐੱਸਆਈ ਕੁਲਜੀਤ ਸਿੰਘ, ਸੀਨੀਅਰ ਸਿਪਾਹੀ ਸਰਬਜੀਤ ਸਿੰਘ ਅਤੇ ਮੁੱਖ ਮੁਨਸ਼ੀ ਥਾਣਾ ਗਗਨਦੀਪ ਸਿੰਘ ਲੁਧਿਆਣਾ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।