ਸਾਧਨ ਵਿਹੂਣਿਆਂ ਦਾ ਸਾਥੀ: ਇੰਦਰਜੀਤ ਕੁਰੜ
ਅਮੋਲਕ ਸਿੰਘ
ਅੱਜ ਸ਼ਰਧਾਂਜਲੀ ਸਮਾਗਮ ’ਤੇ
ਸਮਾਜਿਕ ਤਬਦੀਲੀ ਲਈ ਜੁਟੇ ਕਾਫ਼ਲਿਆਂ ’ਚ ਗੁੰਮਨਾਮ ਕਾਮਿਆਂ ਦਾ ਯੋਗਦਾਨ ਬਹੁਤੀ ਵਾਰ ਰੌਸ਼ਨੀ ’ਚ ਨਹੀਂ ਆਉਂਦਾ। ਸੰਘਰਸ਼ਸ਼ੀਲ ਕਾਮਿਆਂ ਦੇ ਪਰਿਵਾਰਾਂ ਖ਼ਾਸ ਕਰਕੇ ਔਰਤਾਂ ਅਤੇ ਬੱਚਿਆਂ ਨੇ ਉਨ੍ਹਾਂ ਅਗਨ-ਪ੍ਰੀਖਿਆਵਾਂ ਨੂੰ ਕਿਵੇਂ ਪਾਸ ਕੀਤਾ, ਇਨ੍ਹਾਂ ਦਾ ਜ਼ਿਕਰ ਵੀ ਸਮਿਆਂ ਦੀ ਦੌੜ ਵਿੱਚ ਗੁਆਚ ਜਾਂਦਾ ਹੈ। ਜਨ ਆਧਾਰ ਬਿਨਾਂ ਲੋਕ ਲਹਿਰ ਕਿਵੇਂ ਬਣ ਸਕਦੀ ਹੈ। ਚੰਦ ਸੂਰਮੇ ਬਿਨਾਂ ਸ਼ੱਕ ਆਪਣੀ ਆਹੂਤੀ ਦੇ ਕੇ ਹੀ ਚਿਰਾਗ਼ ਬਲ਼ਦਾ ਰੱਖਦੇ ਨੇ। ਉਨ੍ਹਾਂ ਨੂੰ ਚੇਤਿਆਂ ਅਤੇ ਇਤਿਹਾਸ ਦੇ ਸਫ਼ਿਆਂ ’ਤੇ ਸਨਮਾਨਿਤ ਰੁਤਬੇ ਸੰਗ ਯਾਦ ਰੱਖਣਾ ਵੀ ਬਹੁਤ ਜ਼ਰੂਰੀ ਹੈ, ਜਿਹੜੇ ਸੰਗਰਾਮਾਂ ਦੀ ਕਹਾਣੀ ਅਤੇ ਨਾਟਕ ਵਿਚ ਪਰਦੇ ਦੇ ਪਿੱਛੇ ਰਹਿ ਕੇ ਵਡਮੁੱਲਾ ਯੋਗਦਾਨ ਪਾਉਂਦੇ ਨੇ।
ਇਸ ਮਾਣ-ਮੱਤੀ ਲੜੀ ਦਾ ਇੱਕ ਮਣਕਾ ਬਾਈ ਇੰਦਰਜੀਤ ਪਿੰਡ ਕੁਰੜ ਨੇੜੇ ਮਹਿਲ ਕਲਾਂ (ਜ਼ਿਲ੍ਹਾ ਬਰਨਾਲਾ) ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਸੂਝਵਾਨ ਧੀ, ਉਨ੍ਹਾਂ ਦੇ ਪਰਿਵਾਰ ਅਤੇ ਸਾਹਿਤਕ, ਜਮਹੂਰੀ ਹਲਕਿਆਂ ਅੰਦਰ ਜਾਣੀ ਪਹਿਚਾਣੀ ਸ਼ਖ਼ਸੀਅਤ ਡਾ. ਹਰਿਭਗਵਾਨ ਬਰਨਾਲਾ ਦੇ ਪਿਤਾ ਇੰਦਰਜੀਤ ਕੁਰੜ ਨੂੰ 19 ਜਨਵਰੀ ਵਾਲੇ ਦਿਨ ਉਨ੍ਹਾਂ ਦੇ ਪਿੰਡ ਹੀ ਯਾਦ ਕਰਦੇ ਹੋਏ ਉਨ੍ਹਾਂ ਦੀ ਘਾਲਣਾ ਨੂੰ ਸਲਾਮ ਕਰਦਾ ਸਮਾਗਮ ਹੋ ਰਿਹਾ ਹੈ।
ਜਦੋਂ ਕਮਿਊਨਿਸਟ ਇਨਕਲਾਬੀ ਲਹਿਰ ਉਪਰ ਦੇਸ਼ ਭਰ ਅੰਦਰ ਚੱਲ ਰਹੇ ਜ਼ੋਰਦਾਰ ਹੱਲੇ ਮੌਕੇ, ਪੰਜਾਬ ਅੰਦਰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਨੇ ਗਦਰ ਲਹਿਰ, ਕਿਰਤੀ ਲਹਿਰ, ਮੁਜ਼ਾਰਾ ਲਹਿਰ, ਕਮਿਊਨਿਸਟ ਲਹਿਰਾਂ ਅੰਦਰ ਲੰਮੇ ਅਰਸੇ ਤੋਂ ਕੰਮ ਕਰਦੇ ਆ ਰਹੇ ਦੇਸ਼ ਭਗਤ ਇਨਕਲਾਬੀਆਂ ਦੀ ਸੰਘੀ ਨੱਪਣ ਲਈ ਸਾਰੇ ਹੱਦਾਂ ਬੰਨੇ ਪਾਰ ਕੀਤੇ, ਝੂਠੇ ਪੁਲੀਸ ਮੁਕਾਬਲੇ ਬਣਾਏ, ਉਨ੍ਹਾਂ ਸਮਿਆਂ ਅੰਦਰ ਇੰਦਰਜੀਤ ਕੁਰੜ ਉਪਰ ਵੀ ਜ਼ੁਲਮੀ ਝੱਖੜ ਝੁਲਾਏ ਗਏ। ਇੰਦਰਜੀਤ ਭਾਵੇਂ 10 ਜਨਵਰੀ, 2024 ਨੂੰ ਜਿਸਮਾਨੀ ਤੌਰ ’ਤੇ ਸਾਥੋਂ ਵਿਛੜ ਗਏ ਪਰ ਉਨ੍ਹਾਂ ਦੇ ਅਦਬੀ ਸਫ਼ਰ ਦੀਆਂ ਪੈੜਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਜ਼ਿੰਦਗੀ ਦਾ ਮਾਰਗ ਰੁਸ਼ਨਾਉਣ ਲਈ ਚਿਰਾਗ਼ਾਂ ਦਾ ਕੰਮ ਕਰਦੀਆਂ ਰਹਿਣਗੀਆਂ।
ਜਦੋਂ ਇਸ ਖੇਤਰ ਦੇ ਪਿਆਰਾ ਸਿੰਘ ਦੱਧਾਹੂਰ, ਬੇਅੰਤ ਮੂਮਾ, ਨਿਰੰਜਣ ਸਿੰਘ ਕਾਲਸਾਂ, ਗੁਰਦੇਵ ਖਿਆਲੀ, ਸਰੀਫ਼ ਮੁਹੰਮਦ ਕਾਂਝਲਾ ਵਰਗੇ ਇਨਕਲਾਬੀਆਂ ਨੂੰ ਜੀਪਾਂ ਪਿੱਛੇ ਖਿੱਚ ਕੇ, ਵੇਲਣਿਆਂ ਵਿੱਚ ਹੱਥ ਦੇ ਕੇ ਅੰਨ੍ਹੇ ਤਸ਼ੱਦਦ ਉਪਰੰਤ ਜਾਨੋਂ ਮਾਰ ਮੁਕਾਇਆ ਗਿਆ ਤਾਂ ਉਨ੍ਹਾਂ ਦਿਨਾਂ ’ਚ ਪਿੰਡ ਕੁਰੜ ਦੇ ਵਾਸੀ ਸੂਏ ’ਤੇ ਸਾਈਕਲਾਂ ਦੀ ਮੁਰੰਮਤ ਦੀ ਦੁਕਾਨ ਕਰਦੇ ਇੰਦਰਜੀਤ ਬਾਈ ਦੀ ਝੁੱਗੀ, ਇਨਕਲਾਬੀਆਂ ਦੇ ਆਪਸ ਵਿਚ ਤਾਲਮੇਲ ਦਾ ਮੁੱਖ ਡਾਕ-ਘਰ ਸੀ।
ਬਾਈ ਇੰਦਰਜੀਤ ਕੁਰੜ ਦੀ ਇਹ ਛੋਟੀ ਜਿਹੀ ਝੁੱਗੀ ਨੁਮਾ ਕਿਰਤਸ਼ਾਲਾ ਅਸਲ ’ਚ ਕਿਰਤੀਆਂ ਦੀ ਨਵੀਂ ਦੁਨੀਆ ਸਿਰਜਣ ਲਈ ਜੂਝਦੇ ਪੰਖ਼ੇਰੂਆਂ ਦਾ ਆਲ੍ਹਣਾ ਵੀ ਸੀ ਅਤੇ ਪਰਵਾਜ਼ ਭਰਨ ਲਈ ਅੰਬਰ ਵੀ। ਇਸ ਝੁੱਗੀ ਰਾਹੀਂ ਸੁਨੇਹਿਆਂ ਦੇ ਹੋ ਰਹੇ ਵਟਾਂਦਰੇ ਵੀ ਹਕੂਮਤ ਨੂੰ ਆਪਣੇ ਲਈ ਖ਼ਤਰੇ ਦੀ ਘੰਟੀ ਜਾਪੇ। ਇੰਦਰਜੀਤ ਨੂੰ ਫੜਨ ਲਈ ਇੱਕ ਦਿਨ ਤੜਕਸਾਰ ਹੀ ਵੱਡੀ ਗਿਣਤੀ ਪੁਲੀਸ ਨੇ ਧਾਵਾ ਬੋਲਿਆ। ਪੁਲੀਸ ਅਧਿਕਾਰੀ ਨੇ ਅੰਨ੍ਹੇਵਾਹ ਡੰਡੇ ਮਾਰੇ ਅਤੇ ਇੰਦਰਜੀਤ ਨੂੰ ਚੁੱਕ ਕੇ ਲੈ ਗਏ। ਸੀਆਈ ਸਟਾਫ਼ ਦੇ ਹਵਾਲੇ ਕੀਤੇ ਇੰਦਰਜੀਤ ਨੂੰ ਢਾਈ ਮਹੀਨੇ ਲੱਡਾ ਕੋਠੀ ਕਰਕੇ ਜਾਣੇ ਜਾਂਦੇ ਤਸੀਹਾ ਕੇਂਦਰ ਵਿੱਚ ਹਰ ਰੋਜ਼ ਪੁੱਠੇ ਲਟਕਾਇਆ ਗਿਆ। ਜਬਰ ਕਰਦੇ ਸਮੇਂ ਇਹੋ ਪੁੱਛਿਆ ਜਾਂਦਾ; ਤੇਰੇ ਕੋਲ ਕੌਣ ਆਉਂਦਾ ਸੀ? ਉਨ੍ਹਾਂ ਦਾ ਅਤਾ ਪਤਾ ਦੱਸੇ। ਇਸ ਸੂਏ ’ਤੇ ਕੰਮ ਕਰਦੇ ਹੋਰ ਬੇਲਦਾਰ ਵੀ ਫੜ ਲਏ। ਇਲਾਕੇ ’ਚੋਂ ਫੜ ਕੇ ਲਿਆਂਦੇ ਹੋਰ ਲੋਕ ਵੀ ਡੱਕੇ ਹੋਏ ਸੀ।
ਇੰਦਰਜੀਤ ਦੇ ਪੁੱਠੇ ਲਟਕਦੇ ਦੇ ਸਿਰ ਵਿੱਚ ਜੁੱਤੀਆਂ ਮਾਰੀਆਂ ਜਾਂਦੀਆਂ। ਇੱਕ ਦਿਨ ਮੇਖਾਂ ਵਾਲੀ ਜੁੱਤੀ ਨੇ ਉਨ੍ਹਾਂ ਨੂੰ ਲਹੂ-ਲੁਹਾਣ ਕਰ ਦਿੱਤਾ। ਮਾਂ ਲਾਜਵੰਤੀ ਦੀ ਕੁੱਖੋ, ਪਿਤਾ ਸ੍ਰੀ ਰਾਮ ਜੀ ਦੇ ਘਰ ਪੈਦਾ ਹੋਇਆ ਇੰਦਰਜੀਤ ਢਾਈ ਮਹੀਨੇ ਹਰ ਰੋਜ਼ ਪੁੱਠਿਆਂ ਲਟਕਾਇਆ ਜਾਂਦਾ ਰਿਹਾ। ਹਰ ਸੁਆਲ ਦਾ ਉਸ ਦਾ ਇਕੋ ਜਵਾਬ ਹੁੰਦਾ ‘ਪਤਾ ਨਹੀਂ’।
ਮਹੀਨਿਆਂ ਬੱਧੀ ਇਹ ਵੀ ਪਤਾ ਨਾ ਲੱਗਾ ਕਿ ਪੁਲੀਸ ਦੁਆਰਾ ਫੜਿਆ ਗਿਆ ਇੰਦਰਜੀਤ ਜਿਊਂਦਾ ਵੀ ਹੈ ਜਾਂ ਨਹੀਂ। ਕੁੱਲੀ ਢਾਹ ਦਿੱਤੀ ਗਈ। ਘਰ ਦਾ ਸਾਮਾਨ ਵੀ ਚੁੱਕ ਲਿਆ ਗਿਆ। ਮਹੀਨਿਆਂ ਬਾਅਦ ਜਾ ਕੇ ਪਿੰਡ ਦੀ ਪੰਚਾਇਤ ਅਤੇ ਲੋਕਾਂ ਵੱਲੋਂ ਉੱਦਮ ਕਰਨ ’ਤੇ ਜ਼ਮਾਨਤ ਉਤੇ ਛੱਡਿਆ। ਉਨ੍ਹਾਂ ਨੇ ਭਰਤਪੁਰ (ਰੋਪੜ) ਅਤੇ ਹੋਰ ਕਈ ਥਾਈਂ ਆਟਾ ਚੱਕੀਆਂ ’ਤੇ ਕੰਮ ਕੀਤਾ। ਉਨ੍ਹਾਂ ਦੇ ਇੱਕ ਸਪੁੱਤਰ ਦੀ ਉਨ੍ਹੀਂ ਦਿਨੀਂ ਮੌਤ ਵੀ ਹੋ ਗਈ। ਆਟਾ ਚੱਕੀਆਂ ਤੋਂ ਇਲਾਵਾ ਮੇਲਿਆਂ ਤੇ ‘ਮੌਤ ਦੇ ਖੂਹ’ ਵਿੱਚ ਸਾਈਕਲ ਵੀ ਚਲਾਇਆ। ਲੋਕਾਂ ਨੇ ਓਥੇ ਹੀ ਉਨ੍ਹਾਂ ਦੀ ਕਲਾ ਤੋਂ ਖੁਸ਼ ਹੋ ਕੇ ਮਦਦ ਕਰਨੀ। ਉਹ ਕੁਝ ਸਮਾਂ ਸ਼ਹਿਰ ਵਿੱਚ ਵੀ ਕੰਮ ਕਰਨ ਲੱਗੇ। ਉਨ੍ਹਾਂ ਨੂੰ ਸ਼ਹਿਰ ਦੀ ਜ਼ਿੰਦਗੀ ਰਾਸ ਨਹੀਂ ਬੈਠੀ। ਉਹ ਸ਼ਹਿਰ ਛੱਡ ਕੇ ਵਾਪਸ ਪਿੰਡ ਆ ਗਏ। ਪਿੰਡ ਦੇ ਲੋਕ ਉਨ੍ਹਾਂ ਦੇ ਮਿਹਨਤੀ, ਸੱਚੇ-ਸੁੱਚੇ ਕਿਰਦਾਰ ਅਤੇ ਪਿੰਡੇ ’ਤੇ ਝੱਲੇ ਤਸ਼ੱਦਦ ਕਾਰਨ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੇ। ਆਪਣੇ ਘਰ ਦਾ ਮੈਂਬਰ ਸਮਝਦੇ। ਇਨ੍ਹਾਂ ਕੱਖਾਂ ਦੀਆਂ ਕੁੱਲੀਆਂ ਨੂੰ ਮੀਨਾਰ ਬਣ ਜਾਣ ਦਾ ਹੋਕਾ ਦੇਣ ਵਾਲਿਆਂ ਦੇ ਦਰਦੀ ਦੀ ਉਹ ਕੁੱਲੀ ਭਾਵੇਂ ਉਜਾੜ ਦਿੱਤੀ ਗਈ, ਪਰ ਉਸ ਇੰਦਰਜੀਤ ਬਾਈ ਦੀਆਂ ਅਨੇਕਾਂ ਕੁੱਲੀਆਂ, ਉਹਦਾ ਪਰਿਵਾਰ ਜ਼ਮੀਨ ਵਿਹੂਣਿਆਂ, ਸਾਧਨ ਵਿਹੂਣਿਆਂ ਦੇ ਪਰਿਵਾਰ ਦੀ ਫੁੱਲਵਾੜੀ ’ਚੋਂ ਅੱਜ ਇੰਦਰਜੀਤ ਦੀ ਸੋਚ ਦੀ ਦੂਣ ਸਵਾਈ ਮਹਿਕ ਆਉਂਦੀ ਹੈ। ਇੰਦਰਜੀਤ ਨਮਿਤ ਉਸ ਦੇ ਪਿੰਡ ਹੋ ਰਹੇ ਸ਼ਰਧਾਂਜਲੀ ਸਮਾਗਮ ਵਿਚ ਜੁਝਾਰੂ ਸੋਚ ਦੇ ਹਾਮੀ ਵੱਡੀ ਗਿਣਤੀ ਵਿਚ ਪੁੱਜਣਗੇ।
ਸੰਪਰਕ: 98778-68710