For the best experience, open
https://m.punjabitribuneonline.com
on your mobile browser.
Advertisement

ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਕੰਪਨੀਆਂ

10:17 AM May 25, 2024 IST
ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਕੰਪਨੀਆਂ
Advertisement

ਪੁਸ਼ਪਿੰਦਰ

Advertisement

ਭੋਜਨ ਮਨੁੱਖ ਦੇ ਜਿਊਂਦੇ ਰਹਿਣ ਲਈ ਜ਼ਰੂਰੀ ਹੈ ਪਰ ਮੁਨਾਫੇ ’ਤੇ ਟਿਕਿਆ ਇਹ ਸਰਮਾਏਦਾਰਾ ਪ੍ਰਬੰਧ ਲੋਕਾਂ ਨੂੰ ਨਾ ਸਿਰਫ ਭੁੱਖ ਨਾਲ ਮਾਰ ਰਿਹਾ ਹੈ ਸਗੋਂ ਜ਼ਹਿਰੀਲੀਆਂ ਖਾਧ ਚੀਜ਼ਾਂ ਪਰੋਸ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਵਿਗਿਆਨ ਦੀ ਬਦੌਲਤ ਦੁਨੀਆ ਦੇ ਅਨਾਜ ਭੰਡਾਰ ਵਿੱਚ ਬੇਤਹਾਸ਼ਾ ਵਾਧਾ ਹੋਇਆ; ਤਰ੍ਹਾਂ-ਤਰ੍ਹਾਂ ਦੇ ਉਤਪਾਦ ਆਮ ਲੋਕਾਂ ਦੀ ਪਹੁੰਚ ਵਿੱਚ ਆਏ ਪਰ ਅੱਜ ਦਾ ਵਿਗਿਆਨ ਸਰਮਾਏਦਾਰਾ ਪ੍ਰਬੰਧ ਦੀ ਜਕੜ ਹੇਠ ਲੋਕਾਂ ਦੀ ਜਿ਼ੰਦਗੀ ਨੂੰ ਬਿਹਤਰ ਬਣਾਉਣ ਦੀ ਥਾਂ ਸਰਮਾਏਦਾਰ ਪ੍ਰਬੰਧ ਲਈ ਮੁਨਾਫਾ ਕਮਾਉਣ ਦਾ ਜ਼ਰੀਆ ਬਣ ਕੇ ਰਹਿ ਗਿਆ ਹੈ।
ਇਹ ਵਿਗਿਆਨ ਦੀ ਹੀ ਤਰੱਕੀ ਹੈ ਕਿ ਪਹਿਲਾਂ ਅਜਿਹੇ ਬਹੁਤ ਸਾਰੇ ਭੋਜਨ ਪਦਾਰਥ ਜਿਹੜੇ ਲੰਮੇ ਸਮੇਂ ਤੱਕ ਸਾਂਭ ਕੇ ਨਹੀਂ ਰੱਖੇ ਜਾ ਸਕਦੇ ਸਨ, ਹੁਣ ਉਨ੍ਹਾਂ ਨੂੰ ਜਲਦ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ ਪਰ ਹੁਣ ਇਹ ਸਰਮਾਏਦਾਰਾ ਪ੍ਰਬੰਧ ਇਸ ਤਕਨੀਕ ਦੀ ਵੀ ਵੱਡੇ ਪੱਧਰ ’ਤੇ ਦੁਰਵਰਤੋਂ ਕਰਦਾ ਹੋਇਆ ਵੱਡੀ ਮਾਤਰਾ ਵਿੱਚ ਅਜਿਹੇ ਰਸਾਇਣਾਂ ਦੀ ਵਰਤੋਂ ਕਰਦਾ ਹੈ ਜਿਨ੍ਹਾਂ ਦਾ ਮਨੁੱਖੀ ਸਿਹਤ ’ਤੇ ਹਾਨੀਕਾਰਕ ਅਸਰ ਹੋ ਰਿਹਾ ਹੈ। ਸਿਹਤ ਮਾਹਿਰਾਂ ਮੁਤਾਬਕ ਜੇ ਇਨ੍ਹਾਂ ਰਸਾਇਣਾਂ ਦੀ ਵਰਤੋਂ ਸੀਮਤ ਮਾਤਰਾ ਤੋਂ ਵੱਧ ਕੀਤੀ ਜਾਵੇ ਤਾਂ ਲਾਭ ਦੀ ਥਾਂ ਮਨੁੱਖੀ ਸਿਹਤ ਲਈ ਨੁਕਸਾਨ ਵੱਧ ਹਨ।
ਪਿਛਲੇ ਦਿਨੀਂ ਇਹ ਖ਼ਬਰ ਬੜੀ ਚਰਚਾ ਵਿੱਚ ਰਹੀ ਜਦੋਂ ਹਾਂਗ ਕਾਂਗ ਦੇ ਭੋਜਨ ਸੁਰੱਖਿਆ ਅਦਾਰੇ ਨੇ 5 ਅਪਰੈਲ ਨੂੰ ਭਾਰਤ ਦੇ ਮਸਾਲਿਆਂ ਦੀ ਸਭ ਤੋਂ ਵੱਡੀ ਕੰਪਨੀ ਐੱਮਡੀਐੱਚ ਅਤੇ ਐਵਰੈਸਟ ਦੇ ਪੰਜ ਮਸਾਲਿਆਂ ਦੀ ਵਿਕਰੀ ’ਤੇ ਪਾਬੰਦੀ ਲਾ ਦਿੱਤੀ। ਹਾਂਗ ਕਾਂਗ ਤੋਂ ਪਹਿਲਾਂ ਆਸਟਰੇਲੀਆ, ਬੰਗਲਾਦੇਸ਼, ਮਾਲਦੀਵ, ਸਿੰਗਾਪੁਰ ਅਤੇ ਅਮਰੀਕਾ ਸਿਹਤ ਸੁਰੱਖਿਆ ਦਾ ਹਵਾਲਾ ਦੇ ਕੇ ਭਾਰਤ ਦੇ ਬਹੁਤ ਸਾਰੇ ਡੱਬਾ ਬੰਦ ਭੋਜਨ ਪਦਾਰਥਾਂ ਦੀ ਵਿਕਰੀ ’ਤੇ ਪਾਬੰਦੀ ਲਗਾ ਚੁੱਕੇ ਹਨ। ਹਾਂਗ ਕਾਂਗ ਦੇ ਇਸ ਅਦਾਰੇ ਮੁਤਾਬਕ ਐੱਮਡੀਐੱਚ ਦੇ ਮਸਾਲਿਆਂ ਵਿੱਚ ਲੋੜੋਂ ਵੱਧ ਇਥਲੀਨ ਆਕਸਾਈਡ ਦੀ ਮਾਤਰਾ ਪਾਈ ਗਈ। ਇਥਲੀਨ ਆਕਸਾਈਡ ਜਲਣਸ਼ੀਲ ਗੈਸ ਹੈ ਜਿਸ ਦੀ ਵਰਤੋਂ ਮਸਾਲਿਆਂ ਨੂੰ ਲੰਮੇ ਸਮੇਂ ਤੱਕ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ। ਸਿਹਤ ਮਾਹਿਰਾਂ ਮੁਤਾਬਕ ਇਥਲੀਨ ਆਕਸਾਈਡ ਸਿਹਤ ਲਈ ਬਹੁਤ ਖਤਰਨਾਕ ਹੈ। ਇਥਲੀਨ ਆਕਸਾਈਡ ਦੀ ਵਰਤੋਂ ਸਨਅਤੀ ਜਾਂਚ, ਖੇਤੀਬਾੜੀ ਕੀਟਨਾਸ਼ਕਾਂ, ਸੁੱਕੀਆਂ ਸਬਜ਼ੀਆਂ ਅਤੇ ਹੋਰ ਭੋਜਨ ਪਦਾਰਥਾਂ ਵਿੱਚ ਕੀਤੀ ਜਾਂਦੀ ਹੈ ਪਰ ਭੋਜਨ ਸਮੱਗਰੀ ਖਾਸਕਰ ਡੱਬਾਬੰਦ ਪਦਾਰਥਾਂ ਵਿੱਚ ਲੋੜੋਂ ਵੱਧ ਇਸ ਦੀ ਮਾਤਰਾ ਜਾਨਲੇਵਾ ਵੀ ਹੋ ਸਕਦੀ ਹੈ। ਅਮਰੀਕਾ ਦੀ ਭੋਜਨ ਜਾਂਚ ਏਜੰਸੀ ਐੱਫਡੀਏ ਵੱਲੋਂ ਸਾਲ 2002 ਤੋਂ 2019 ਤੱਕ ਭੋਜਨ, ਫਲ ਤੇ ਹੋਰ ਡੱਬਾਬੰਦ ਪਦਾਰਥਾਂ ਦੇ ਜਾਂਚ ਕੀਤੇ ਗਏ ਸੈਂਪਲਾਂ ਵਿੱਚੋਂ 5115 ਸੈਂਪਲੇ ਫੇਲ੍ਹ ਹੋ ਗਏ ਸਨ। ਇਕੱਲੇ 2023 ਦੌਰਾਨ ਭਾਰਤ ਦੇ ਲਗਭਗ 30 ਭੋਜਨ ਪਦਾਰਥ ਅਮਰੀਕਾ ਦੇ ਸਿਹਤ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕੇ। ਇਨ੍ਹਾਂ ਵਿੱਚ ‘ਰਾਮਦੇਵ ਭੋਜਨ ਪਦਾਰਥ ਪ੍ਰਾਈਵੇਟ ਲਿਮਿਟਿਡ` ਦੇ 19 ਸੈਂਪਲ, ਐੱਮਡੀਐੱਚ ਦੇ 7, ਐਵਰੈਸਟ ਮਸਾਲਿਆਂ ਦੇ 2 ਤੇ ਬਾਦਸ਼ਾਹ ਮਸਾਲੇ ਦਾ ਇੱਕ ਸੈਂਪਲ ਅਮਰੀਕਾ ਦੇ ਸਿਹਤ ਸੁਰੱਖਿਆ ਮਾਪਦੰਡਾਂ ਵਿੱਚ ਫੇਲ੍ਹ ਹੋ ਗਿਆ। ਅਮਰੀਕਾ ਦੇ ਭੋਜਨ ਜਾਂਚ ਅਦਾਰੇ ਨੇ ਕਿਹਾ ਕਿ ਇਨ੍ਹਾਂ ਭੋਜਨ ਪਦਾਰਥਾਂ ਵਿੱਚ ਸਲਮੋਨੇਲ ਪਾਇਆ ਗਿਆ। ਸਲਮੋਨੇਲ ਅਸਲ ਵਿੱਚ ਬੈਕਟੀਰੀਆ ਦਾ ਸਮੂਹ ਹੈ ਜੋ ਜਿਗਰ ਨਾਲ ਸਬੰਧਿਤ ਬਿਮਾਰੀਆਂ, ਦਸਤ ਅਤੇ ਪੇਟ ਦਰਦ ਜਿਹੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਯੂਰੋਪੀਅਨ ਭੋਜਨ ਸੁਰੱਖਿਆ ਅਦਾਰੇ ਨੇ ਸਤੰਬਰ 2020 ਤੋਂ ਅਪਰੈਲ 2024 ਤੱਕ ਭਾਰਤ ਨਾਲ ਜੁੜੇ ਲਗਭਗ 257 ਉਤਪਾਦਾਂ ਜਿਵੇਂ ਦਵਾਈਆਂ, ਮਸਾਲੇ, ਫਲ਼, ਡੱਬਾ ਬੰਦ ਜੂਸ ਆਦਿ ਦੀ ਵਿਕਰੀ ਉੱਤੇ ਪਾਬੰਦੀ ਲਗਾ ਦਿੱਤੀ। ਯੂਰੋਪੀਅਨ ਯੂਨੀਅਨ ਦੇ ਇਸ ਅਦਾਰੇ ਦਾ ਕਹਿਣਾ ਹੈ ਕਿ ਭਾਰਤ ਤੋਂ ਆਉਣ ਵਾਲੇ ਭੋਜਨ ਪਦਾਰਥਾਂ ਵਿੱਚ ਲੋੜ ਤੋਂ ਵੱਧ ਰਸਾਇਣ ਪਾਏ ਗਏ ਜੋ ਮਨੁੱਖੀ ਸਿਹਤ ਉੱਪਰ ਬੁਰਾ ਅਸਰ ਪਾਉਂਦੇ ਹਨ। ਇੱਕ ਪਾਸੇ ਬਾਹਰਲੇ ਮੁਲਕਾਂ ਵਿੱਚ ਭਾਰਤ ਦੇ ਭੋਜਨ ਪਦਾਰਥਾਂ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ, ਦੂਜੇ ਪਾਸੇ ਭਾਰਤ ਦੀ ਭੋਜਨ ਸੁਰੱਖਿਆ ਅਤੇ ਮਾਣਕ ਅਥਾਰਟੀ ਸੁੱਤੀ ਪਈ ਹੈ। ਬਾਹਰਲੇ ਮੁਲਕਾਂ ਵਿੱਚ ਭਾਰਤ ਦੇ ਜਿਨ੍ਹਾਂ ਮਸਾਲਿਆਂ ਜਾਂ ਡੱਬਾਬੰਦ ਭੋਜਨ ਪਦਾਰਥਾਂ ਦੀ ਵਿਕਰੀ ’ਤੇ ਪਾਬੰਦੀ ਲੱਗੀ ਹੈ, ਉਨ੍ਹਾਂ ਨੂੰ ਲੋਕਾਂ ਦੀ ਸਿਹਤ ਤਾਕ ’ਤੇ ਰੱਖਦਿਆਂ ਦੇਸ਼ ਦੀ ਮੰਡੀ ਵਿੱਚ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ। ਇਹ ਸਰਮਾਏਦਾਰਾ ਕੰਪਨੀਆਂ ਮੁਨਾਫੇ ਦੀ ਅੰਨ੍ਹੀ ਹਵਸ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ ਪਰ ਇਸ ਬਾਰੇ ਨਾ ਤਾਂ ਸਰਕਾਰੀ ਅਦਾਰੇ ਕੁਝ ਕਰ ਰਹੇ ਹਨ ਤੇ ਨਾ ਹੀ ਮੀਡੀਆ ਗੌਲ਼ ਰਿਹਾ ਹੈ। ਜਦੋਂ ਵਿਦੇਸ਼ੀ ਮੀਡੀਆ ਵਿੱਚ ਭਾਰਤ ਦੇ ਭੋਜਨ ਪਦਾਰਥਾਂ ਬਾਰੇ ਥੂਹ-ਥੂਹ ਹੋਣ ਲੱਗੀ ਤਾਂ ਭਾਰਤ ਦਾ ਭੋਜਨ ਸੁਰੱਖਿਆ ਮਹਿਕਮਾ ਨੀਂਦ ਤੋਂ ਜਾਗਿਆ ਤਾਂ ਸਹੀ ਪਰ ਇੰਨਾ ਕੁ ਮੂੰਹ ਖੋਲ੍ਹਣ ਲਈ ਕਿ “ਜਿਨ੍ਹਾਂ ਦੇਸ਼ਾਂ ਨੇ ਸਿਹਤ ਸੁਰੱਖਿਆ ਕਾਰਨਾਂ ਕਰ ਕੇ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਉਤਪਾਦਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਾਵੇਗੀ।”
ਕਿੰਨੀ ਕੁ ਜਾਂਚ ਕੀਤੀ ਜਾਵੇਗੀ, ਇਹ ਤਾਂ ਅਸੀਂ ਜਾਣਦੇ ਹੀ ਹਾਂ ਪਰ ਇੱਥੇ ਇੱਕ ਗੱਲ ਹੋਰ ਕਰਨ ਵਾਲੀ ਬਣਦੀ ਹੈ; ਭਾਰਤ ਦੇ ਕਰੀਬ ਦਸ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭੋਜਨ ਜਾਂਚ ਲੈਬਾਂ ਦੀ ਘਾਟ ਹੈ ਤੇ ਭੋਜਨ ਸੁਰੱਖਿਆ ਅਫਸਰਾਂ ਦੀ ਗਿਣਤੀ ਵੀ ਬਹੁਤ ਥੋੜ੍ਹੀ ਹੈ, ਉੱਪਰੋਂ ਵੱਡੀਆਂ ਕੰਪਨੀਆਂ ਦਾ ਸਿਆਸੀ ਰਸੂਖ ਹੋਣ ਕਰ ਕੇ ਇਹ ਜ਼ਹਿਰ ਆਮ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇੱਕ ਖ਼ਬਰ ਨੈਸਲੇ ਨਾਲ ਜੁੜੀ ਹੋਈ ਹੈ। ਨੈਸਲੇ 1866 ਵਿੱਚ ਸਵਿਟਜ਼ਰਲੈਂਡ ਵਿੱਚ ਬਣੀ ਕੰਪਨੀ ਸੀ ਜੋ ਸ਼ੁਰੂ ਵਿੱਚ ਨਵਜੰਮੇ ਬੱਚਿਆਂ ਲਈ ਦੁੱਧ ਜਾਂ ਇਸ ਨਾਲ ਸਬੰਧਿਤ ਪਦਾਰਥ ਬਣਾਉਂਦੀ ਸੀ। ਇਸ ਦੇ ਬੱਚਿਆਂ ਦੇ ਭੋਜਨ ਉਤਪਾਦ ਦੇ ਬ੍ਰਾਂਡ ਜਰਬਰ, ਨੇਚਰਨੈਸ, ਸੇਰੇਲੈਕ ਅਤੇ ਨਿਡੋ ਹਨ। ਸੰਸਾਰ ਵਿੱਚ ਇਨ੍ਹਾਂ ਬ੍ਰਾਂਡਾਂ ਦਾ ਲਗਭਗ 11.2 ਅਰਬ ਡਾਲਰ ਦਾ ਕਾਰੋਬਾਰ ਹੈ। ਸਵਿਟਜ਼ਰਲੈਂਡ ਦੀ ਹੀ ‘ਪਬਲਿਕ ਆਈ` ਨਾਂ ਦੀ ਸੰਸਥਾ ਨੇ ਆਪਣੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਨੈਸਲੇ ਵੱਲੋਂ ਤਿੰਨ ਸਾਲ ਤੱਕ ਦੇ ਬੱਚਿਆਂ ਲਈ ਤਿਆਰ ਕੀਤੇ ਭੋਜਨ ਉਤਪਾਦਾਂ ਵਿੱਚ ਲੋੜ ਤੋਂ ਵੱਧ ਸ਼ੂਗਰ ਦੀ ਮਾਤਰਾ ਪਾਈ ਗਈ। ਕੌਮਾਂਤਰੀ ਬੇਬੀ ਫੂਡ ਐਕਸ਼ਨ ਨੈੱਟਵਰਕ ਨੇ ਨੈਸਲੇ ਦੇ ਲਗਭਗ 115 ਉਤਪਾਦਾਂ ਦੀ ਜਾਂਚ ਕੀਤੀ। ਜਾਂਚ ਵਿੱਚ ਪਾਇਆ ਗਿਆ ਕਿ ਬੱਚਿਆਂ ਦੇ ਲਗਭਗ 94 ਫੀਸਦੀ ਭੋਜਨ ਪਦਾਰਥਾਂ ਵਿੱਚ ਸ਼ੂਗਰ ਦੀ ਮਾਤਰਾ ਵੱਧ ਹੈ।
ਸੰਸਾਰ ਸਿਹਤ ਸੰਸਥਾ ਮੁਤਾਬਕ 0-3 ਸਾਲ ਤੱਕ ਦੇ ਛੋਟੇ ਬੱਚਿਆਂ ਦੇ ਭੋਜਨ ਵਿੱਚ ਸ਼ੂਗਰ ਬਿਲਕੁਲ ਨਹੀਂ ਹੋਣੀ ਚਾਹੀਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨੈਸਲੇ ਬੱਚਿਆਂ ਦੇ ਜਿਹੜੇ ਉਤਪਾਦ ਵਿਕਸਤ ਮੁਲਕਾਂ ਜਿਵੇਂ ਅਮਰੀਕਾ, ਇੰਗਲੈਂਡ, ਕੈਨੇਡਾ, ਆਸਟਰੇਲੀਆ ਆਦਿ ਵਿੱਚ ਵੇਚਦਾ ਹੈ, ਉੱਥੇ ਜ਼ੀਰੋ ਸ਼ੂਗਰ ਨੀਤੀ ਲਾਗੂ ਕਰਦਾ ਹੈ ਪਰ ਤੀਜੀ ਦੁਨੀਆ ਦੇ ਗਰੀਬ ਮੁਲਕਾਂ ਵਿੱਚ ਬੱਚਿਆਂ ਨੂੰ ਮਿੱਠੇ ਦੇ ਰੂਪ ਵਿੱਚ ਜ਼ਹਿਰ ਦਿੱਤਾ ਜਾ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਦੇ ਭੋਜਨ ਪਦਾਰਥ ਜਿਵੇਂ ਦੁੱਧ, ਸ਼ਹਿਦ ਆਦਿ ਵਿੱਚ ਜ਼ੀਰੋ ਸ਼ੂਗਰ ਨੀਤੀ ਲਈ ਉਤਪਾਦਨ ਦੇ ਪੈਮਾਨੇ ਸਖਤ ਕਰਨੇ ਪੈਂਦੇ ਹਨ, ਜਾਂਚਾਂ ਵੱਧ ਕਰਨੀਆਂ ਪੈਂਦੀਆਂ ਹਨ ਜਿਸ ਦਾ ਖਰਚਾ ਵੀ ਵੱਧ ਆਉਂਦਾ ਹੈ ਤੇ ਖਰਚੇ ਤੋਂ ਬਚਣ ਅਤੇ ਵੱਧ ਤੋਂ ਵੱਧ ਮੁਨਾਫਾ ਹੜੱਪਣ ਲਈ ਨੈਸਲੇ ਮਾਸੂਮ ਬੱਚਿਆਂ ਦੀ ਜਿ਼ੰਦਗੀ ਨਾਲ ਖਿਲਵਾੜ ਕਰ ਰਹੀ ਹੈ।
ਸੰਸਾਰ ਸਿਹਤ ਸੰਸਥਾ ਮੁਤਾਬਕ ਛੋਟੇ ਬੱਚਿਆਂ ਦੇ ਭੋਜਨ ਪਦਾਰਥਾਂ ਵਿੱਚ ਸ਼ੂਗਰ ਦੀ ਮਾਤਰਾ ਉਨ੍ਹਾਂ ਦੇ ਤੰਦਰੁਸਤ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਹੈ। ਨਵਜੰਮੇ ਬੱਚੇ ਦੀ ਪਾਚਨ ਪ੍ਰਣਾਲੀ ਇਸ ਸ਼ੂਗਰ ਨੂੰ ਪਚਾਉਣ ਦੇ ਅਸਮਰੱਥ ਹੁੰਦੀ ਹੈ ਜਿਸ ਕਰ ਕੇ ਬੱਚਿਆਂ ਨੂੰ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਅੰਦਰ ਮੋਟਾਪਾ, ਡਾਇਬਟੀਜ਼, ਦਿਲ ਦੀਆਂ ਬਿਮਾਰੀਆਂ, ਚਮੜੀ ਦੀਆਂ ਸਮੱਸਿਆਵਾਂ, ਦੰਦਾਂ ਅਤੇ ਮਸੂੜ੍ਹਿਆਂ ਦਾ ਕਮਜ਼ੋਰ ਹੋਣਾ, ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਘਟ ਜਾਣਾ, ਇੱਥੋਂ ਤੱਕ ਕਿ ਬੱਚੇ ਦੀ ਮਾਨਸਿਕਤਾ ਉੱਤੇ ਵੀ ਬੁਰਾ ਅਸਰ ਪੈਂਦਾ ਹੈ। ਨੈਸਲੇ ਨੇ ਭਾਵੇਂ ਕਿਹਾ ਹੈ ਕਿ ਉਸ ਨੂੰ ਬੱਚਿਆਂ ਦੀ ਸਿਹਤ ਦਾ ਖਿਆਲ ਹੈ ਤੇ 2024 ਦੇ ਅੰਤ ਤੱਕ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਵੀ ਜ਼ੀਰੋ ਸ਼ੂਗਰ ਨੀਤੀ ਪੂਰਨ ਤੌਰ ’ਤੇ ਲਾਗੂ ਕੀਤੀ ਜਾਵੇਗੀ ਪਰ ਕੀਤੀ ਜਾਵੇਗੀ ਜਾਂ ਕਿਸ ਹੱਦ ਤੱਕ ਕੀਤੀ ਜਾਵੇਗੀ, ਇਹ ਤਾਂ ਸਮਾਂ ਹੀ ਦੱਸੇਗਾ ਤੇ ਜੋ ਜ਼ਹਿਰ ਇਸ ਨੇ ਅਤੇ ਹੋਰਾਂ ਅਜਿਹੀਆਂ ਕੰਪਨੀਆਂ ਨੇ ਆਮ ਲੋਕਾਂ ਨੂੰ ਪਰੋਸਿਆ, ਉਸ ਦੀ ਭਰਪਾਈ ਕਿੰਝ ਹੋਵੇਗੀ, ਇਸ ਬਾਰੇ ਕੋਈ ਗੱਲ ਨੈਸਲੇ ਨੇ ਨਹੀਂ ਕੀਤੀ।
ਮੁਨਾਫੇ ਦੀ ਦੌੜ ਵਿੱਚ ਜਿਹੜੀਆਂ ਕੰਪਨੀਆਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ, ਇਨ੍ਹਾਂ ਉੱਪਰ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜ਼ਹਿਰ ਵੇਚਣ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਮੁਨਾਫੇ ’ਤੇ ਟਿਕਿਆ ਇਹ ਪ੍ਰਬੰਧ ਅਜਿਹਾ ਨਹੀਂ ਕਰ ਸਕਦਾ। ਲੋਕਾਂ ਨੂੰ ਚੰਗੇ ਭੋਜਨ, ਚੰਗੀ ਰਿਹਾਇਸ਼, ਪੱਕੀ ਤਣਾਅ ਰਹਿਤ ਨੌਕਰੀ ਆਦਿ ਦਾ ਸਵਾਲ ਇਸ ਲੋਟੂ ਸਮਾਜ ਦੀ ਤਬਦੀਲੀ ਨਾਲ ਜੁੜਿਆ ਸਵਾਲ ਹੈ ਤੇ ਇਸ ਸਰਮਾਏਦਾਰਾ ਸਮਾਜ ਨੂੰ ਬਦਲ ਕੇ ਹੀ ਲੋਕਾਂ ਦੀ ਸਿਹਤ ਸੁਧਾਰੀ ਜਾ ਸਕਦੀ ਹੈ।
ਸੰਪਰਕ: 95305-33274

Advertisement
Author Image

joginder kumar

View all posts

Advertisement
Advertisement
×