ਜੇਐੱਨਯੂ ਕੰਪਲੈਕਸ ਦੀਆਂ ਕੰਧਾਂ ’ਤੇ ਫਿਰਕੂ ਨਾਅਰੇ ਲਿਖੇ
ਨਵੀਂ ਦਿੱਲੀ, 20 ਜੁਲਾਈ
ਕਾਂਗਰਸ ਦੇ ਵਿਦਿਆਰਥੀ ਵਿੰਗ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐੱਨਐੱਸਯੂਆਈ) ਨੇ ਦੋਸ਼ ਲਾਇਆ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਕੰਪਲੈਕਸ ਦੀਆਂ ਕੰਧਾਂ ’ਤੇ ਅੱਜ ਜਾਤੀਸੂਚਕ ਗਾਲ੍ਹਾਂ ਅਤੇ ਫਿਰਕੂ ਨਾਅਰੇ ਲਿਖੇ ਮਿਲੇ।
ਐੱਨਐੱਸਯੂਆਈ ਦੀ ਜੇਐੱਨਯੂ ਇਕਾਈ ਦੇ ਜਨਰਲ ਸਕੱਤਰ ਕੁਨਾਲ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੋਸ਼ ਲਾਇਆ ਕਿ ਯੂਨੀਵਰਸਿਟੀ ਕੰਪਲੈਕਸ ਵਿੱਚ ਕਾਵੇਰੀ ਹੋਸਟਲ ਦੀਆਂ ਕੰਧਾਂ ’ਤੇ ‘ਦਲਿਤ ਭਾਰਤ ਛੱਡੋ’ ਅਤੇ ‘ਬ੍ਰਾਹਮਣ ਬਣੀਆ ਜ਼ਿੰਦਾਬਾਦ’ ਤੇ ‘ਆਰਐੱਸਐੱਸ ਜ਼ਿੰਦਾਬਾਦ’ ਵਰਗੇ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ’ਤੇ ਤਸਵੀਰਾਂ ਪ੍ਰਸਾਰਿਤ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਕੰਧਾਂ ’ਤੇ ਪੇਂਟ ਕਰਵਾ ਦਿੱਤਾ।
ਉੱਧਰ, ‘ਡੀਨ ਆਫ਼ ਸਟੂਡੈਂਟਸ’ ਮਨੁਰਾਧਾ ਚੌਧਰੀ ਵੱਲੋਂ ਦੋਸ਼ਾਂ ਸਬੰਧੀ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਕਾਵੇਰੀ ਹੋਸਟਲ ਦੇ ਵਾਰਡਨ ਮਨੀਸ਼ ਕੁਮਾਰ ਬਰਨਵਾਲ ਨੇ ਦੋਸ਼ਾਂ ’ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਵਿਦਿਆਰਥੀ ਜਥੇਬੰਦੀ ਨੇ ਇਕ ਬਿਆਨ ਵਿੱਚ ਕਿਹਾ, ‘‘ਅਸੀਂ, ਜੇਐੱਨਯੂ ਦੇ ਲੋਕ ਕਾਵੇਰੀ ਹੋਸਟਲ ਵਿੱਚ ਹਾਲ ’ਚ ਵਾਪਰੀ ਘਟਨਾ ਤੋਂ ਬਹੁਤ ਦੁਖੀ ਹਾਂ, ਜਿੱਥੇ ਦਲਿਤ ਬਹੁਜਨ ਭਾਈਚਾਰੇ ਖ਼ਿਲਾਫ਼ ਜਾਤੀਸੂਚਕ ਗਾਲ੍ਹਾਂ ਦੇ ਨਾਲ-ਨਾਲ ‘ਬ੍ਰਾਹਮਣ ਬਣੀਆ ਜ਼ਿੰਦਾਬਾਦ’ ਅਤੇ ‘ਆਰਐੱਸਐੱਸ ਜ਼ਿੰਦਾਬਾਦ’ ਵਰਗੇ ਨਾਅਰੇ ਲਿਖੇ ਗਏ ਹਨ। ਜਥੇਬੰਦੀ ਨੇ ਇਕ ਬਿਆਨ ਵਿੱਚ ਕਿਹਾ, ‘‘ਇਹ ਨਾਅਰੇ ਆਰਐੱਸਐੱਸ ਤੇ ਸਾਡੀ ਯੂਨੀਵਰਸਿਟੀ ਵਿਚਲੇ ਇਸ ਦੇ ਸਮਰਥਕਾਂ ਦੀ ਬ੍ਰਾਹਮਣਵਾਦੀ ਅਤੇ ਮਨੂਵਾਦੀ ਸੋਚ ਨੂੰ ਉਜਾਗਰ ਕਰਦੇ ਹਨ। ਵਿਦਿਆਰਥੀ ਜਥੇਬੰਦੀ ਨੇ ਪ੍ਰਸ਼ਾਸਨ ਕੋਲੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। -ਪੀਟੀਆਈ