ਪਿੰਡ ਲੀਲ੍ਹ ਕਲਾਂ ਵਿੱਚ ਵੋਟਰ ਸੂਚੀਆਂ ਕਾਰਨ ਹੰਗਾਮਾ
ਮਕਬੂਲ ਅਹਿਮਦ
ਕਾਦੀਆਂ, 15 ਅਕਤੂਬਰ
ਨੇੜਲੇ ਪਿੰਡ ਲੀਲ੍ਹ ਕਲਾਂ ਵਿੱਚ ਵੋਟਰ ਲਿਸਟਾਂ ਨੂੰ ਲੈ ਕੇ ਹੰਗਾਮਾ ਹੋ ਗਿਆ। ਲੀਲ੍ਹ ਕਲਾਂ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਜੋ ਵੋਟਰ ਲਿਸਟਾਂ ਦਿੱਤੀਆਂ ਸਨ ਉਹ ਆਨਲਾਈਨ ਸਨ ਅਤੇ ਉਹ ਉਨ੍ਹਾਂ ਲਿਸਟਾਂ ਮੁਤਾਬਿਕ ਵੋਟਿੰਗ ਕਰਵਾ ਰਹੇ ਸਨ ਪਰ ਪ੍ਰਸ਼ਾਸਨ ਵੱਲੋਂ ਵੋਟਿੰਗ ਸਟਾਫ਼ ਨੂੰ ਜਿਹੜੀਆਂ ਲਿਸਟਾਂ ਦਿੱਤੀਆਂ ਗਈਆਂ ਹਨ ਉਹ ਆਨਲਾਈਨ ਲਿਸਟ ਨਾਲ ਮੇਲ ਨਹੀਂ ਸੀ ਖਾਂਦੀਆਂ। 15-15 ਵੋਟਰਾਂ ਨੂੰ ਇੱਧਰ-ਉੱਧਰ ਪਾ ਕੇ ਗ਼ਲਤ ਵੋਟਰ ਲਿਸਟਾਂ ਰਾਹੀਂ ਵੋਟ ਪਾਉਣ ਦਾ ਹੱਕ ਦਿੱਤਾ ਜਾ ਰਿਹਾ ਹੈ। ਹੰਗਾਮਾ ਹੋਣ ’ਤੇ ਡੀਐੱਸਪੀ ਜਸਵੰਤ ਕੌਰ ਪੁਲੀਸ ਫ਼ੋਰਸ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਆਗੂਆਂ ਨੂੰ ਸਮਝਾਇਆ ਕਿ ਉਹ ਵੋਟਾਂ ਪੈਣ ਦੇਣ। ਇਸ ਮਗਰੋਂ ਉਨ੍ਹਾਂ ਇਸ ਮਾਮਲੇ ਦੀ ਸੂਚਨਾ ਐੱਸਡੀਐੱਮ ਬਟਾਲਾ ਨੂੰ ਦਿੱਤੀ। ਸਾਬਕਾ ਸਰਪੰਚ ਗੁਰਨਾਮ ਸਿੰਘ ਨੇ ਦੋਸ਼ ਲਾਇਆ ਹੈ ਕਿ ਜਿਹੜੀਆਂ ਲਿਸਟਾਂ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀਆਂ ਹਨ ਉਨ੍ਹਾਂ ਲਿਸਟਾਂ ਮੁਤਾਬਿਕ ਵੋਟਾਂ ਨਹੀਂ ਪੈ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਆਪ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਉਨ੍ਹਾਂ ਇਸ ਮਾਮਲੇ ਦੀ ਜਾਣਕਾਰੀ ਐੱਸਡੀਐੱਮ ਬਟਾਲਾ ਨੂੰ ਦੇ ਦਿੱਤੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੀਲ੍ਹ ਕਲਾਂ ਪਿੰਡ ਦੀਆਂ ਵੋਟਾਂ ਰੱਦ ਕਰ ਕੇ ਨਵੇਂ ਸਿਰੇ ਤੋਂ ਸਹੀ ਲਿਸਟਾਂ ਦੇ ਆਧਾਰ ’ਤੇ ਵੋਟਾਂ ਪਵਾਈਆਂ ਜਾਣ। ਦੂਜੇ ਪਾਸੇ ਡੀਐੱਸਪੀ ਜਸਵੰਤ ਕੌਰ ਨੇ ਦੱਸਿਆ ਕਿ ਪਿੰਡ ਲੀਲ੍ਹ ਕਲਾਂ ਵਿੱਚ ਚੋਣਾਂ ਪੁਰ ਅਮਨ ਤਰੀਕੇ ਨਾਲ ਹੋ ਰਹੀਆਂ ਹਨ। ਲਿਸਟਾਂ ਸਬੰਧੀ ਗੜਬੜ ਦੀ ਉਹ ਜਾਂਚ ਕਰਨਗੇ।