ਸਾਂਝੀ ਵਿਥਿਆ
ਜਸਵਿੰਦਰ ਸੁਰਗੀਤ
ਜਿਉਂ ਹੀ ਮੈਂ ਰਜਿਸਟਰ ਦੇ ਖਾਨੇ ਵਿਚ ਜ ਸ ਲਿਖਿਆ ਤਾਂ ਅਚਾਨਕ ਹੀ ਮੇਰੇ ਮੁੱਖੋਂ ਨਿੱਕਲਿਆ, “ਵਾਹ ਨੀ ਪੰਜਾਬੀਏ, ਤੂੰ ਮੈਨੂੰ ਰੋਟੀ ਦੇ ਰਾਹੇ ਪਾ ਦਿਤਾ।” ਥੋੜ੍ਹਾ ਚਿਰ ਦਫ਼ਤਰ ਵਿਚ ਬੈਠ ਕੇ ਪ੍ਰਿੰਸੀਪਲ ਨਾਲ ਰਸਮੀ ਗੱਲਾਂ ਕੀਤੀਆਂ। ਫਿਰ ਸਕੂਲ ਦੇਖਣ ਦੇ ਇਰਾਦੇ ਨਾਲ ਬਾਹਰ ਆ ਗਿਆ। ਸਰਦ ਰੁੱਤ ਦੀ ਇਹ ਬੜੀ ਸੁਹਾਣੀ ਸਵੇਰ ਸੀ ਤੇ ਮੈਂ ਪੰਜਾਬੀ ਦੇ ਲੈਕਚਰਰ ਵਜੋਂ ਇਸ ਸਕੂਲ ਵਿਚ ਆਇਆ ਸੀ।
ਸਕੂਲ ਦੇਖਣ ਬਾਅਦ ਮੈਂ ਸਕੂਲ ਦੇ ਐਨ ਵਿਚਕਾਰ ਲੱਗੇ ਬੋਹੜ ਹੇਠ ਚਲਾ ਗਿਆ। ਮੈਨੂੰ ਉੱਥੇ ਖੜ੍ਹਿਆ ਦੇਖ ਕੇ ਇੱਕ ਲੜਕਾ ਭੱਜ ਕੇ ਕੁਰਸੀ ਲੈ ਆਇਆ। ਇਹ ਪਲੱਸ ਵਨ ਦਾ ਵਿਦਿਆਰਥੀ ਸੀ। “ਕਿਹੜੇ ਕਿਹੜੇ ਵਿਸ਼ੇ ਰੱਖੇ ਨੇ ਪੁੱਤਰ?” ਉਸ ਗੋਲ ਮਟੋਲ ਜਿਹੇ ਚਿਹਰੇ ਵਾਲੇ ਲੜਕੇ ਤੋਂ ਮੈਂ ਪੁੱਛਿਆ। “ਇੱਕ ਤਾਂ ਜੀ ਰਾਜਨੀਤੀ ਸ਼ਾਸਤਰ, ਇੱਕ ਜੀ ਪੰਜਾਬੀ ਚੋਣਵਾਂ, ਤੇ ਇੱਕ...।” ਮੈਂ ਉਹਨੂੰ ਵਿਚੇ ਰੋਕਦਿਆਂ ਪੁੱਛਿਆ, “ਤੇ ਪੰਜਾਬੀ ਚੋਣਵਾਂ ਤੁਹਾਨੂੰ ਕੌਣ ਪੜ੍ਹਾਉਂਦੈ?”... “ਡੀ ਪੀ ਸਰ।”... “ਤੇ ਲਾਜ਼ਮੀ ਪੰਜਾਬੀ?”... “ਉਹ ਵੀ ਡੀ ਪੀ ਸਰ।”... “ਹੁਣ ਤੁਹਾਨੂ ਪੰਜਾਬੀ ਮੈਂ ਪੜ੍ਹਾਇਆ ਕਰੂੰ।”... “ਦੋਨੇਂ ਪੰਜਾਬੀਆਂ?” ਲੜਕੇ ਨੇ ਉਤਸੁਕਤਾ ਨਾਲ ਪੁੱਛਿਆ। “ਹਾਂ ਹਾਂ, ਦੋਵੇਂ ਪੰਜਾਬੀਆਂ।” ਲੜਕਾ ਸੁਣ ਕੇ ਖੁਸ਼ ਹੋ ਗਿਆ।
***
ਦਸਵੀਂ ਜਮਾਤ ਕਰਨ ਮਗਰੋਂ ਜਦ ਮੈਂ ਸ਼ਹਿਰ ਦੇ ਸਰਕਾਰੀ ਕਾਲਜ ਵਿਚ ਦਾਖਲਾ ਲਿਆ ਤਾਂ ਪਿਤਾ ਜੀ ਨੇ ਜਿ਼ੱਦ ਕਰ ਕੇ ਮੈਨੂੰ ਹਿਸਾਬ ਦਾ ਵਿਸ਼ਾ ਦਿਵਾ ਦਿੱਤਾ, ਮੈਂ ਇਸ ਦੀ ਜਗ੍ਹਾ ਪੰਜਾਬੀ ਚੋਣਵਾਂ ਵਿਸ਼ਾ ਲੈਣਾ ਚਾਹੁੰਦਾ ਸੀ। ਮੈਂ ਪਿਤਾ ਜੀ ਨੂੰ ਮਿੰਨਤ ਵਾਂਗ ਕਿਹਾ ਵੀ ਸੀ, “ਭਾਪਾ ਜੀ, ਮੇਰਾ ਹਿਸਾਬ ਤੋਂ ਮਸਾਂ ਖਹਿੜਾ ਛੁੱਟਿਐ, ਮੈਂ ਹਿਸਾਬ ਨਹੀਂ ਲੈਣਾ” ਪਰ ਪਿਤਾ ’ਤੇ ਏਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਸੀ, ਉਲਟਾ ਕੜਕ ਕੇ ਬੋਲੇ ਸੀ, “ਹਿਸਾਬ ਦਾ ਪਤੈ, ਅੱਗੇ ਚੱਲ ਕੇ ਕਿੰਨਾ ਫਾਇਦੈ, ਇੱਕ ਪੰਜਾਬੀ ਹੈ ਤਾਂ ਹੈ ਤੇਰੇ ਕੋਲ, ਦੂਜੀ ਪੰਜਾਬੀ ਲੈ ਕੇ ਕੀ ਕਰਨੈ।” ਪਿਤਾ ਜੀ ਨੇ ਪੰਜਾਬੀ ਚੋਣਵਾਂ ਪੜ੍ਹਨ ਦੀ ਖਾਹਿਸ਼ ਮਲੀਆਮੇਟ ਕਰ ਦਿੱਤੀ ਤੇ ਮੇਰੇ ਮੱਥੇ ਹਿਸਾਬ ਮੜ੍ਹ ਦਿਤਾ।
ਹਿਸਾਬ ਮੇਰੇ ਲਈ ਮੁਨਸ਼ੀ ਪ੍ਰੇਮ ਚੰਦ ਦੇ ਕਹਿਣ ਅਨੁਸਾਰ, ਗੌਰੀ ਸ਼ੰਕਰ ਦੀ ਚੋਟੀ ਚੜ੍ਹਨ ਸਮਾਨ ਸੀ। ਫਿਰ ਵੀ ਮੈਂ ਸ਼ੁਰੂ ਸ਼ੁਰੂ ਵਿਚ ਇਸ ਚੋਟੀ ਨੂੰ ਸਰ ਕਰਨ ਦਾ ਇਮਾਨਦਾਰਾਨਾ ਯਤਨ ਵੀ ਕੀਤਾ ਪਰ ਜਿਹੜੀ ਚੀਜ਼ ਮਨ ਨੂੰ ਭਾਉਂਦੀ ਹੀ ਨਾ ਹੋਵੇ, ਉਹ ਭਲਾ ਕਿਵੇਂ ਹੋਵੇ! ਉੱਤੋਂ ਹਿਸਾਬ ਦਾ ਪ੍ਰੋਫੈਸਰ ਕੱਬੇ ਤੇ ਕੁਰੱਖਤ ਸੁਭਾਅ ਦਾ! ਸਾਨੂੰ ਮੰਦਾ, ਚੰਗਾ ਬੋਲਣ ਦੀਆਂ ਸਭ ਹੱਦਾਂ ਪਾਰ ਕਰ ਜਾਂਦਾ: “ਤੁਸੀਂ ਨਿਰੇ ਗਧੇ ਓਂ ਗਧੇ... ਤੁਹਾਡੇ ਦਿਮਾਗ ਵਿਚ ਤੂੜੀ ਭਰੀ ਹੋਈ ਏ ਤੂੜੀ...”, ਇਹੋ ਜਿਹੇ ਸ਼ਬਦ ਬੋਲ ਕੇ ਸਾਡੀਆਂ ਰੂਹਾਂ ਛਲਣੀ ਕਰਦਾ। ਸਿੱਟਾ ਇਹ ਹੋਇਆ ਕਿ ਮੈਂ ਹਿਸਾਬ ਲਈ ਜਿਹੜੀ ਵੀ ਮਾੜੀ ਮੋਟੀ ਜਦੋਜਹਿਦ ਕਰਦਾ ਸੀ, ਉਹ ਵੀ ਪ੍ਰੋਫੈਸਰ ਦੇ ਕੈੜੇ ਸੁਭਾਅ ਨੇ ਮਲੀਆਮੇਟ ਕਰ ਦਿੱਤੀ। ਆਖ਼ਰ ਮੈਂ ਹਿਸਾਬ ਦਾ ਪੀਰੀਅਡ ਛੱਡਣ ਲੱਗ ਪਿਆ। ਨਾਲ ਦੇ ਲੜਕੇ ਨੂੰ ‘ਪਰੌਕਸੀ’ ਲਈ ਆਖ ਦਿੰਦਾ।
ਪਿਤਾ ਦਾ ਰੁਖ਼ ਦੇਖ ਕੇ ਇੱਕ ਦਿਨ ਦੁਬਾਰਾ ਘਰੇ ਗੱਲ ਕੀਤੀ, “ਭਾਪਾ ਜੀ, ਮੈਂ ਹਿਸਾਬ ਛੱਡ ਦਿਆਂ? ਸੱਚੀਂ, ਮੈਨੂੰ ਇਹ ਬਹੁਤ ਔਖਾ ਲਗਦੈ।”... “ਕੋਈ ਨੀ ਤੂੰ ਮਿਹਨਤ ਕਰ, ਆਪੇ ਆ-ਜੂ, ਮੈਂ ਸ਼ਹਿਰ ਤੇਰੀ ਟਿਊਸ਼ਨ ਰਖਾ ਦਿੰਨੈਂ।” ਇੰਨਾ ਆਖ ਇੱਕ ਵਾਰ ਫਿਰ ਪਿਤਾ ਨੇ ਮੇਰੀ ਮੰਗ ਦਰਕਿਨਾਰ ਕਰ ਦਿੱਤੀ।
ਮੈਨੂੰ ਸ਼ਹਿਰ ਮਾਸੀ ਕੋਲ ਛੱਡ ਦਿੱਤਾ। ਨਾਲ ਹੀ ਹਿਸਾਬ ਦੇ ਇੱਕ ਪ੍ਰੋਫੈਸਰ ਕੋਲ ਟਿਊਸ਼ਨ ਰਖਾ ਦਿੱਤੀ। ਇੱਥੇ ਵੀ ਗੱਲ ਨਾ ਬਣੀ; ਐਵੇਂ ਘੰਟਾ ਭਰ ਬੈਠ ਕੇ, ਹਾਂ-ਹੂੰ ਕਰ ਕੇ ਮੁੜ ਆਉਂਦਾ। ਮਹੀਨਾ ਕੁ ਗਿਆ, ਫਿਰ ਮੈਂ ਟਿਊਸ਼ਨ ’ਤੇ ਜਾਣਾ ਛੱਡ ਦਿੱਤਾ। ਘਰੇ ਵੀ ਨਾ ਗੱਲ ਕੀਤੀ। ਟਿਊਸ਼ਨ ਲਈ ਘਰੋਂ ਬਾਦਸਤੂਰ ਪੈਸੇ ਲੈਂਦਾ ਰਿਹਾ। ਉਨ੍ਹਾਂ ਪੈਸਿਆਂ ਵਿਚੋਂ ਪੰਜਾਬੀ ਦੇ ਨਾਵਲ ਖਰੀਦ ਲੈਂਦਾ ਤੇ ਦੇਰ ਰਾਤ ਤੱਕ ਪੜ੍ਹਦਾ ਰਹਿੰਦਾ।
ਨਾਵਲ ਪੜ੍ਹਨ ਦਾ ਸ਼ੌਂਕ ਵੀ ਮੈਨੂੰ ਸੰਯੋਗ ਨਾਲ ਹੀ ਪਿਆ। ਅਸਲ ਵਿਚ ਜਦੋਂ ਮੈਂ ਹਿਸਾਬ ਦਾ ਪੀਰੀਅਡ ਛੱਡਦਾ ਤਾਂ ਕਾਲਜ ਵਿਚ ਭਾਉਂਦਾ ਰਹਿੰਦਾ ਤੇ ਫਿਰ ਇੱਕ ਦਿਨ ਵੱਡੀ ਸਾਰੀ ਬਿਲਡਿੰਗ ਦੇਖ ਕੇ ਉਹਦੇ ਵਿਚ ਵੜ ਗਿਆ। ਉੱਥੇ ਤਿੰਨ ਚਾਰ ਲੜਕੇ ਹੋਰ ਬੈਠੇ ਸਨ। ਜਕਦੇ ਜਿਹੇ ਮਨ ਨਾਲ ਅਖ਼ਬਾਰ ਉਲਟ ਪੁਲਟ ਕੇ ਦੇਖਦਾ ਰਿਹਾ ਤੇ ਫਿਰ ਉੱਥੇ ਪਈ ਇੱਕ ਕਿਤਾਬ ਹੱਥ ਲੱਗ ਗਈ। ਕਿਤਾਬ ਖੋਲ੍ਹ ਕੇ ਪੜ੍ਹਨ ਲੱਗਿਆ। ਇੱਕ ਸਫ਼ਾ, ਦੋ, ਤਿੰਨ... ਤੇ ਫਿਰ ਮੈਨੂੰ ਪਤਾ ਹੀ ਨਹੀਂ ਲੱਗਿਆ, ਕਦੋਂ ਤਿੰਨ ਪੀਰੀਅਡ ਲੰਘ ਗਏ। ਬੈਠੇ ਬੈਠੇ ਨੇ ਨਾਨਕ ਸਿੰਘ ਦਾ ‘ਪਵਿੱਤਰ ਪਾਣੀ’ ਨਾਵਲ ਅੱਧਾ ਪੜ੍ਹ ਦਿੱਤਾ। ਨਾਵਲ ਜਾਰੀ ਕਰਵਾਇਆ। ਉਸ ਦਿਨ ਅੱਧੀ ਰਾਤ ਤੱਕ ਨਾਵਲ ਪੜ੍ਹਦਾ ਰਿਹਾ ਤੇ ਮੁਕੰਮਲ ਕਰ ਕੇ ਸਾਹ ਲਿਆ। ਨਾਵਲ ਪੜ੍ਹ ਕੇ ਮੈਨੂੰ ਜਿਵੇਂ ਕੋਈ ਖੁਮਾਰੀ ਚੜ੍ਹੀ ਹੋਈ ਸੀ। ਉਸ ਦਿਨ ਤੋਂ ਬਾਅਦ ਤਾਂ ਕਾਲਜ ਦੀ ਲਾਇਬ੍ਰੇਰੀ ਮੇਰੇ ਲਈ ਮੱਕਾ ਹੋ ਗਈ। ਹਿਸਾਬ ਦੇ ਪੀਰੀਅਡ ਵਿਚ ਤੇ ਬਾਕੀ ਵਿਹਲੇ ਪੀਰੀਅਡਾਂ ਵਿਚ ਮੈਂ ਉੱਥੇ ਬੈਠਾ ਰਹਿੰਦਾ।
ਪਲੱਸ ਵਨ ਦਾ ਨਤੀਜਾ ਆਇਆ। ਉਦੋਂ ਸਾਡੇ ਵੇਲੇ ਪਲੱਸ ਵਨ ਵੀ ਬੋਰਡ ਦੀ ਜਮਾਤ ਹੁੰਦੀ ਸੀ। ਬਾਕੀ ਵਿਸਿ਼ਆਂ ਵਿਚੋਂ ਤਾਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਪਰ ਹਿਸਾਬ ਨੇ ਨਾਗ ਵਲ਼ ਪਾ ਲਿਆ, ਰੀਅਪੀਅਰ ਆ ਗਈ ਸੀ। ਉਂਝ ਪਲੱਸ ਟੂ ਵਿਚ ਹੋ ਗਿਆ। ਇਸ ਵਾਰ ਮੈਂ ਪਿਤਾ ਜੀ ਨਾਲ ਥੋੜ੍ਹਾ ਕਰੜਾ ਹੋ ਗਿਆ, ਮੇਰੀ ਮਾਂ ਵੀ ਮੇਰੇ ਨਾਲ ਹੋ ਗਈ। ਹਿਸਾਬ ਛੱਡ ਕੇ ਪਲੱਸ ਟੂ ਵਿਚ ਆਪਣਾ ਪੰਜਾਬੀ ਇਲੈਕਟਿਵ ਲੈ ਲਿਆ ਪਰ ਰੀਅਪੀਅਰ ਵਾਲਾ ਰੇੜਕਾ ਉਵੇਂ ਬਰਕਰਾਰ ਸੀ। ਦੋਵੇਂ ਮੌਕਿਆਂ ਵਿਚ ਮੈਂ ਰੀਅਪੀਅਰ ਨਾ ਕੱਢ ਸਕਿਆ। ਦੂਜੇ ਪਾਸੇ ਪਲੱਸ ਟੂ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਪਰ ਹਿਸਾਬ ਨੇ ਮੈਨੂੰ ‘ਮੁੜ ਘੁੜ ਬੋਤੀ ਬੋਹੜ ਥੱਲੇ’ ਵਾਂਗ ਪਲੱਸ ਵਨ ਵਿਚ ਘੜੀਸ ਲਿਆਂਦਾ। ਇਉਂ ਹਿਸਾਬ ਮੇਰੇ ਦੋ ਸਾਲ ਖਾ ਗਿਆ। ... ਇਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅੱਜ ਆਪਣੀ ਮਹਬਿੂਬ ਭਾਸ਼ਾ ਦੀ ਬਦੌਲਤ ਪਿੰਡ ਦੇ ਸਰਕਾਰੀ ਸਕੂਲ ਵਿਚ ਬੋਹੜ ਦੀ ਸੰਘਣੀ ਛਾਂ ਹੇਠ ਬੈਠਾ ਹਾਂ।
ਸਕੂਲ ਜਾਂਦੇ ਨੂੰ ਅਜੇ ਹਫਤਾ ਕੁ ਹੀ ਹੋਇਆ ਸੀ ਕਿ ਪਹਿਲੇ ਦਿਨ ਵਾਲਾ ਲੜਕਾ ਫਿਰ ਮੇਰੇ ਕੋਲ ਆਇਆ। ਨਾਲ ਉਹਦੇ ਇੱਕ ਮੁੰਡਾ ਹੋਰ ਸੀ। “ਹਾਂ ਦੱਸੋ ਪੁੱਤਰ?” ਮੈਂ ਮੁਹੱਬਤ ਨਾਲ ਕਿਹਾ। “ਸਰ, ਇਹ ਵੀ ਪੰਜਾਬੀ ਚੋਣਵਾਂ ਰੱਖਣਾ ਚਾਹੁੰਦੈ।” ਉਹਨੇ ਨਾਲ ਵਾਲੇ ਮੁੰਡੇ ਵੱਲ ਇਸ਼ਾਰਾ ਕੀਤਾ। “ਜ਼ਰੂਰ ਰੱਖੋ ਜ਼ਰੂਰ ਰੱਖੋ, ਰੱਖਣਾ ਕਿਉਂ ਨੀ!” ਮੈਂ ਲੜਕੇ ਨੂੰ ਹੱਲਾਸ਼ੇਰੀ ਦਿੱਤੀ। “ਪਰ ਸਰ ਇੱਕ ਮਜਬੂਰੀ ਐ।” ਮੁੰਡਾ ਬੋਲਿਆ। “ਕੀ ਮਜਬੂਰੀ ਐ?” ਮੈਂ ਹੈਰਾਨ ਹੋਇਆ। “ਸਰ, ਕਾਂਤਾ ਮੈਡਮ ਮੈਥ ਆਲੇ ਕਹਿੰਦੇ ਐ, ਤੂੰ ਮੈਥ ਈ ਕਰ, ਮੈਥ ਦਾ ਫਾਇਦੈ।” ਮੈਂ ਥੋੜ੍ਹਾ ਗੰਭੀਰ ਹੋ ਗਿਆ। “ਤੂੰ ਐਂ ਦੱਸ...”, ਮੈਂ ਮੁੰਡੇ ਦੇ ਚਿਹਰੇ ’ਤੇ ਅੱਖਾਂ ਗੱਡੀਆਂ, “ਤੂੰ ਸੱਚੀਂ ਪੰਜਾਬੀ ਚੋਣਵਾਂ ਲੈਣਾ ਚਾਹੁੰਨੈਂ?”... “ਹਾਂਜੀ, ਸਰ।” ਮੁੰਡੇ ਦੀ ਆਵਾਜ਼ ਨਰੋਈ ਸੀ। “ਇਹਨੂੰ ਤਾਂ ਸਰ, ਕਿਤਾਬਾਂ ਪੜ੍ਹਨ ਦਾ ਵੀ ਬਹੁਤ ਸ਼ੌਂਕ ਐ।” ਨਾਲ ਦੇ ਨੇ ਵਕਾਲਤ ਕੀਤੀ। “ਤੂੰ ਪੁੱਤਰ, ਪੰਜਾਬੀ ਚੋਣਵਾਂ ਵਿਸ਼ਾ ਹੀ ਪੜ੍ਹੇਂਗਾ, ਕੋਈ ਤੇਰੇ ’ਤੇ ਆਪਣੀ ਮਰਜ਼ੀ ਨਹੀਂ ਥੋਪਗਾ।”
ਅਚੇਤ ਹੀ ਮੇਰੇ ਸ਼ਬਦਾਂ ਵਿਚ ਕਰੜਾਈ ਆ ਗਈ ਸੀ। ਮੈਂ ਕੁਰਸੀ ਤੋਂ ਉੱਠਿਆ ਤੇ ਮੁੰਡਿਆਂ ਨੂੰ ਨਾਲ ਲੈ ਕੇ ਮੈਡਮ ਨੂੰ ਮਿਲਣ ਸਟਾਫ ਰੂਮ ਵੱਲ ਹੋ ਲਿਆ।
ਸੰਪਰਕ: 94174-48436