ਅਰਥਚਾਰੇ ਦੀ ਕਮਾਨ ਨਿੱਜੀ ਖੇਤਰ ਦੇ ਹੱਥ: ਰਾਜਨਾਥ
ਜੈਪੁਰ, 23 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਦੇ ਅਰਥਚਾਰੇ ਦੇ ਤਕਰੀਬਨ ਹਰੇਕ ਖੇਤਰ ਵਿੱਚ ਨਿੱਜੀ ਖੇਤਰ ਦੀ ਵਧਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਅੱਜ ਕਿਹਾ ਕਿ ਦੇਸ਼ ਦੇ ਅਰਥਚਾਰੇ ਦੀ ਗੱਡੀ ਦੀ ਡਰਾਈਵਰ ਸੀਟ ’ਤੇ ਨਿੱਜੀ ਖੇਤਰ ਬੈਠਾ ਹੋਇਆ ਹੈ। ਉਹ ਇੱਥੇ ਸ੍ਰੀ ਭਵਾਨੀ ਨਿਕੇਤਨ ਪਬਲਿਕ ਸਕੂਲ ਵਿੱਚ ਇਕ ਸੈਨਿਕ ਸਕੂਲ ਦੇ ਉਦਘਾਟਨ ਸਬੰਧੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਨਵੇਂ ਸੈਨਿਕ ਸਕੂਲ ਵੀ ਪਬਲਿਕ-ਪ੍ਰਾਈਵੇਟ ਪਾਰਨਰਸ਼ਿਪ (ਪੀਪੀਪੀ) ਤਹਿਤ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸੈਨਿਕ ਸਕੂਲ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਨੂੰ ਨਵੀਂ ਰਫ਼ਤਾਰ ਦੇਣ ਅਤੇ ਆਪਣੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਦੇਸ਼ ਭਗਤੀ ਤੇ ਬਹਾਦਰੀ ਵਰਗੀਆਂ ਕਦਰਾਂ-ਕੀਮਤਾਂ ਭਰਨ ਦਾ ਕੰਮ ਕਰਨਗੇ।
ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਸਥਾਪਤ ਸਾਰੇ ਸੈਨਿਕ ਸਕੂਲ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਚਲਾਏ ਜਾ ਰਹੇ ਸਨ ਪਰ ਪ੍ਰਧਾਨ ਮੰਤਰੀ ਨੇ ਜਿਨ੍ਹਾਂ 100 ਨਵੇਂ ਸੈਨਿਕ ਸਕੂਲਾਂ ਦੀ ਸਥਾਪਨਾ ਦਾ ਟੀਚਾ ਮਿੱਥਿਆ ਹੈ ਉਹ ‘ਪੀਪੀਪੀ’ ਮਾਡਲ ਦੇ ਆਧਾਰ ’ਤੇ ਸਥਾਪਤ ਤੇ ਸੰਚਾਲਿਤ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਵਿੱਚ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਅਤੇ ਉਦਯੋਗ ਮੰਤਰੀ ਰਾਜਵਰਧਨ ਸਿੰਘ ਰਾਠੌੜ ਵੀ ਮੌਜੂਦ ਸਨ। -ਪੀਟੀਆਈ
ਮਾਂ ਦੇ ਤਬਾਦਲੇ ਲਈ ਰੱਖਿਆ ਮੰਤਰੀ ਕੋਲ ਪਹੁੰਚਿਆ ਵਿਦਿਆਰਥੀ
ਪ੍ਰੋਗਰਾਮ ਤੋਂ ਬਾਅਦ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਰਵਾਨਾ ਹੋਣ ਲਈ ਆਪਣੇ ਵਾਹਨ ਵੱਲ ਜਾ ਰਹੇ ਸਨ ਤਾਂ ਉਦੋਂ ਅਚਾਨਕ ਇਕ ਵਿਦਿਆਰਥੀ ਉਨ੍ਹਾਂ ਵੱਲ ਵਧਿਆ। ਹਾਲਾਂਕਿ, ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਫੜ ਕੇ ਦੂਰ ਕਰ ਦਿੱਤਾ। ਵਿਦਿਆਰਥੀ ਮੁਤਾਬਕ ਉਸ ਨੇ ਆਪਣੀ ਮਾਂ (ਅਧਿਆਪਕਾ) ਦੇ ਤਬਾਦਲੇ ਲਈ ਇਕ ਅਰਜ਼ੀ ਰਾਜਨਾਥ ਸਿੰਘ ਨੂੰ ਬਾਅਦ ਵਿੱਚ ਸੌਂਪੀ। -ਪੀਟੀਆਈ