For the best experience, open
https://m.punjabitribuneonline.com
on your mobile browser.
Advertisement

ਮੇਲੇ ਨੂੰ ਚੱਲ ਮੇਰੇ ਨਾਲ ਕੁੜੇ...

10:30 AM May 25, 2024 IST
ਮੇਲੇ ਨੂੰ ਚੱਲ ਮੇਰੇ ਨਾਲ ਕੁੜੇ
Advertisement

ਸਹਿਦੇਵ ਕਲੇਰ

Advertisement

ਆਸਾ ਸਿੰਘ ਮਸਤਾਨਾ ਨੂੰ ਪੰਜਾਬੀ ਲੋਕ ਗਾਇਕੀ ਦਾ ਥੰਮ੍ਹ ਮੰਨਿਆ ਗਿਆ ਹੈ। ਕੁਲਦੀਪ ਮਾਣਕ, ਯਮਲਾ ਜੱਟ ਅਤੇ ਇੱਕ-ਦੋ ਹੋਰ ਨੂੰ ਛੱਡ ਕੇ ਕੋਈ ਵੀ ਪੰਜਾਬੀ ਗਾਇਕ ਆਸਾ ਸਿੰਘ ਮਸਤਾਨਾ ਦੀ ਮਿੱਠੀ ਅਤੇ ਸੁਰੀਲੀ ਆਵਾਜ਼ ਦੇ ਮੁਕਾਬਲੇ ਦਾ ਨਹੀਂ ਮਿਲਦਾ। ਭਾਵੇਂ ਉਸ ਨੇ ਬਹੁਤਾ ਨਹੀਂ ਗਾਇਆ ਪਰ ਜਿੰਨਾ ਵੀ ਗਾਇਆ ਹੈ ਉਹ ਸਾਰੇ ਦਾ ਸਾਰਾ ਸਿੱਕੇਬੰਦ ਅਤੇ ਸਲਾਹੁਣਯੋਗ ਹੈ। ਪੱਛਮੀ ਪੰਜਾਬ ਸਮੇਤ ਸੰਸਾਰ ਭਰ ਦੇ ਪੰਜਾਬੀਆਂ ਨੇ ਉਸ ਦੀ ਸਾਫ਼ ਸੁਥਰੀ ਅਤੇ ਸੁਰ ਸਾਧਨਾ ਭਰਪੂਰ ਗਾਇਕੀ ਨੂੰ ਰੱਜ ਕੇ ਮਾਣ ਦਿੱਤਾ ਹੈ। ਪੁਰਾਣੀ ਪੀੜ੍ਹੀ ਦੇ ਲੋਕ ਤਾਂ ਉਸ ਦੀ ਗਾਇਕੀ ਦੇ ਮੁਰੀਦ ਹਨ ਹੀ, ਨਵੀਂ ਪੀੜ੍ਹੀ ਵੀ ਉਸ ਦੇ ਗਾਏ ਗੀਤਾਂ ਦੀ ਕਦਰਦਾਨ ਹੈ।
ਮਸਤਾਨੇ ਨੂੰ ਮੈਂ ਸਾਲ 1985 ਦੇ ਸ਼ੁਰੂ ਵਿੱਚ ਪਹਿਲੀ ਵਾਰ ਮਿਲਿਆ ਸੀ। ਮਿਲਣ ਦਾ ਸਬੱਬ ਮੇਰੇ ਚਚੇਰੇ ਭਰਾ ਦਿਲਜੀਤ ਰਾਹੀਂ ਬਣਿਆ ਸੀ ਜਿਹੜਾ ਦਿੱਲੀ ਵਿੱਚ ਰਹਿੰਦਾ ਸੀ। ਦਿਲਜੀਤ ਦਾ ਘਰ ਦਿੱਲੀ ਦੇ ਗ੍ਰੀਨ ਪਾਰਕ ਇਲਾਕੇ ਵਿੱਚ ਸੀ ਜਿੱਥੇ ਮਸਤਾਨੇ ਦੀ ਰਿਹਾਇਸ਼ ਵੀ ਸੀ। ਕੁਝ ਗੁਆਂਢੀ ਹੋਣ ਕਰਕੇ ਅਤੇ ਕੁਝ ਸੁਰ-ਸੁਆਦ ਰਲਦੇ ਹੋਣ ਕਰਕੇ ਦੋਹਾਂ ਦੀ ਚੰਗੀ ਬਣਦੀ ਸੀ। ਇਸੇ ਸਾਲ ਮੈਂ ਦਿਲਜੀਤ ਨੂੰ ਮਿਲਣ ਦਿੱਲੀ ਗਿਆ ਤਾਂ ਪਹਿਲੇ ਦਿਨ ਹੀ ਸ਼ਾਮ ਨੂੰ ਮਸਤਾਨੇ ਨੂੰ ਮਿਲਣ ਦਾ ਸਬੱਬ ਬਣ ਗਿਆ। ਫਿਰ ‘ਨਾਲੇ ਗੱਲਾਂ ਨਾਲੇ ਗੀਤ’ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਸਤਾਨੇ ਦੇ ਅੰਦਰ ਤਾਂ ਜਿਵੇਂ ਕੁਝ ਗਾਉਣ-ਸੁਣਾਉਣ ਦੀ ਤਾਂਘ ਪਹਿਲਾਂ ਹੀ ਉਸਲਵੱਟੇ ਲੈ ਰਹੀ ਸੀ। ਉਨ੍ਹਾਂ ਆਵਾਜ਼ ਚੁੱਕ ਦਿੱਤੀ, ‘ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਹੀਰ ਆਖਦੀ ਜੋਗੀਆ ਝੂਠ ਬੋਲੇ, ਕੌਣ ਵਿੱਛੜੇ ਯਾਰ ਮਿਲਾਵਦਾਂ ਈ।’ ਇਹ ਮੰਜ਼ਰ ਅਨੋਖਾ ਅਤੇ ਇਲਾਹੀ ਸੀ। ਮੀਚੀਆਂ ਅੱਖਾਂ ਨਾਲ ਮਸਤਾਨਾ ਸੱਚਮੁੱਚ ਹੀ ਮਸਤੀਆਂ ਦੇ ਕਿਸੇ ਡੂੰਘੇ ਸਮੁੰਦਰ ਵਿੱਚ ਤਾਰੀਆਂ ਲਾ ਰਿਹਾ ਸੀ। ਸੁਰ ਸਾਧਨਾ ਦਾ ਇਹ ਪ੍ਰਤੱਖ ਨਜ਼ਾਰਾ ਸੀ। ਮਿੱਠੇ ਪਿਆਰੇ ਗੀਤਾਂ ਦੀ ਝੜੀ ਲੱਗ ਗਈ ਸੀ। ਸਮਾਂ ਬੀਤਣ ਬਾਅਦ ਅੱਜ ਵੀ ਇਹ ਮਿੱਠੀ ਆਵਾਜ਼, ਗਾਹੇ ਬਗਾਹੇ ਮੇਰੇ ਕੰਨਾਂ ਵਿੱਚ ਮਿਠਾਸ ਘੋਲ ਦਿੰਦੀ ਹੈ।
ਆਸਾ ਸਿੰਘ ਮਸਤਾਨਾ ਦਾ ਜਨਮ ਸਾਂਝੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਹੋਇਆ ਸੀ। ਪਿਤਾ ਦਾ ਨਾਂ ਪ੍ਰੀਤਮ ਸਿੰਘ ਅਤੇ ਮਾਤਾ ਦਾ ਨਾਂ ਅੰਮ੍ਰਿਤ ਕੌਰ ਸੀ। ਉਸ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰ ਕੇ ਲਾਹੌਰ ਦੇ ਖਾਲਸਾ ਕਾਲਜ ਵਿੱਚ ਦਾਖ਼ਲਾ ਲੈ ਲਿਆ। 1946 ਵਿੱਚ ਬੀਏ ਪਾਸ ਕਰਕੇ ਅਜੇ ਜੀਵਨ ਦੇ ਅਗਲੇ ਪੜਾਅ ਦੀ ਰੂਪ-ਰੇਖਾ ਉਲੀਕੀ ਹੀ ਜਾ ਰਹੀ ਸੀ ਕਿ ਦੇਸ਼ ਵੰਡ ਦਾ ਰੌਲ਼ਾ ਪੈ ਗਿਆ। ਅਖੀਰ ਜਨਮ ਭੋਇੰ ਨੂੰ ਅਲਵਿਦਾ ਆਖ ਭਾਰਤ ਵੱਲ ਆਉਣ ਲਈ ਮਜਬੂਰ ਹੋਣਾ ਪਿਆ। ਕਈ ਮਹੀਨਿਆਂ ਦੀ ਖੱਜਲ-ਖੁਆਰੀ ਮਗਰੋਂ ਅਖੀਰ ਦਿੱਲੀ ਵਿੱਚ ਸਿਰ ਢੱਕਣ ਦਾ ਜੁਗਾੜ ਬਣਿਆ।
ਗੀਤ ਸੰਗੀਤ ਦਾ ਸ਼ੌਕ ਭਾਵੇਂ ਆਸਾ ਸਿੰਘ ਮਸਤਾਨਾ ਨੂੰ ਬਚਪਨ ਤੋਂ ਹੀ ਸੀ ਪਰ ਇਸ ਸ਼ੌਕ ਨੂੰ ਪ੍ਰਵਾਨ ਚੜ੍ਹਨ ਦਾ ਸਬੱਬ ਦਿੱਲੀ ਆ ਕੇ ਹੀ ਬਣਿਆ। ਉਸ ਸਮੇਂ ਆਲ ਇੰਡੀਆ ਰੇਡੀਓ ਦਿੱਲੀ ਵੱਖ ਵੱਖ ਸੂਬਿਆਂ ਦੇ ਸੱਭਿਆਚਾਰ ਅਤੇ ਗੀਤ ਸੰਗੀਤ ਨੂੰ ਪ੍ਰਫੁੱਲਤ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾ ਰਿਹਾ ਸੀ। ਇਸ ਤਰ੍ਹਾਂ ਦੇ ਹੀ ਇੱਕ ਰੇਡੀਓ ਪ੍ਰੋਗਰਾਮ ਵਿੱਚ ਆਸਾ ਸਿੰਘ ਮਸਤਾਨਾ ਨੂੰ ਗਾਉਣ ਦਾ ਮੌਕਾ ਮਿਲਿਆ। ਉਸ ਨੇ ਜਦੋਂ ਰੇਡੀਓ ਤੋਂ ਪੂਰੇ ਵਜਦ ਵਿੱਚ ਆ ਕੇ ‘ਤੱਤੀਏ ਹਵਾਏ ਕਿਹੜੇ ਪਾਸਿਓਂ ਤੂੰ ਆਈ ਨੀਂ’ ਗਾਇਆ ਤਾਂ ਚਾਰੇ ਪਾਸੇ ਉਸ ਦੇ ਨਾਂ ਦੀਆਂ ਧੁੰਮਾਂ ਪੈ ਗਈਆਂ।
ਇੱਕ ਗਾਇਕ ਵਜੋਂ ਭਾਵੇਂ ਉਸ ਦੇ ਨਾਂ ਦੀ ਚਰਚਾ ਚੱਲ ਪਈ ਸੀ ਪਰ ਉਦੋਂ ਅਜੇ ਇਹ ਸਮਾਂ ਨਹੀਂ ਸੀ ਕਿ ਕੋਈ ਪੰਜਾਬੀ ਗਾਇਕ, ਗਾਇਕੀ ਦੇ ਸਿਰ ’ਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ। ਉਸ ਨੂੰ ਬੈਂਕ ਦੀ ਨੌਕਰੀ ਕਰਨੀ ਪਈ ਅਤੇ ਇਸ ਦੌਰਾਨ ਹੀ ਉਸ ਦਾ ਵਿਆਹ ਅੰਮ੍ਰਿਤਸਰ ਦੇ ਹਿੰਦੂ ਪਰਿਵਾਰ ਦੀ‌ ਸੁਸ਼ੀਲਾ ਨਾਲ ਹੋ ਗਿਆ। ਸੁਰ ਸੰਗੀਤ ਦੀ ਮੁੱਢਲੀ ਸਿੱਖਿਆ ਉਸ ਨੇ‌‌ ਲਾਹੌਰ ਦੇ ਪੰਡਿਤ ਦੁਰਗਾ ਪ੍ਰਸਾਦ ਤੋਂ ਪ੍ਰਾਪਤ ਕੀਤੀ। ਸੱਠਵਿਆਂ ਦੇ ਸ਼ੁਰੂ ਤੋਂ ਪਹਿਲਾਂ ਪੰਜਾਬੀ ਜਗਤ ਵਿੱਚ ਹੀ ਨਹੀਂ ਸਗੋਂ ਦਿੱਲੀ ਦੇ ਉੱਚ ਹਲਕਿਆਂ ਵਿੱਚ‌ ਵੀ ਉਸ ਨੂੰ ਇੱਕ ਗੁਣੀ ਗਾਇਕ ਵਜੋਂ ਪ੍ਰਵਾਨਗੀ ਪ੍ਰਾਪਤ ਹੋ ਚੁੱਕੀ ਸੀ। 1961 ਵਿੱਚ ਅਫ਼ਗ਼ਾਨਿਸਤਾਨ ਜਾ ਰਹੇ ਇੱਕ ਸਭਿਆਚਾਰਕ ਗਰੁੱਪ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਚੇਚੇ ਤੌਰ ’ਤੇ ਆਸਾ ਸਿੰਘ ਮਸਤਾਨਾ ਨੂੰ ਸ਼ਾਮਲ ਕੀਤਾ। ਮਗਰੋਂ ਵਿਦੇਸ਼ਾਂ ਵਿੱਚ ਜਾਣ ਵਾਲਾ ਸ਼ਾਇਦ ਹੀ ਕੋਈ ਸੱਭਿਆਚਾਰਕ ਗਰੁੱਪ ਹੋਵੇਗਾ ਜਿਸ ਵਿੱਚ ਆਸਾ ਸਿੰਘ ਮਸਤਾਨਾ ਦੀ ਸ਼ਮੂਲੀਅਤ ਨਾ ਹੋਈ ਹੋਵੇ।
1950 ਤੋਂ ਲੈ ਕੇ 1999 ਤੱਕ ਦੇ ਲੰਬੇ ਸਮੇਂ ਦੌਰਾਨ ਉਸ ਨੇ ਇੱਕ ਗਾਇਕ ਅਤੇ ਖ਼ਾਸ ਕਰਕੇ ਪੰਜਾਬੀ ਲੋਕ ਗਾਇਕ ਵਜੋਂ ਬੇਹੱਦ ਪ੍ਰਸਿੱਧੀ ਅਤੇ ਪਿਆਰ ਸਤਿਕਾਰ ਪ੍ਰਾਪਤ ਕੀਤਾ। ਗੀਤਕਾਰਾਂ ਵਿੱਚੋਂ ਉਸ ਦੀ ਪਹਿਲੀ ਪਸੰਦ ਭਾਵੇਂ ਵਾਰਿਸ ਸ਼ਾਹ ਅਤੇ ਸ਼ਿਵ ਕੁਮਾਰ ਬਟਾਲਵੀ ਸਨ ਪਰ ਉਸ ਨੇ ਪ੍ਰਕਾਸ਼ ਸਾਥੀ, ਚਾਨਣ ਗੋਬਿੰਦਪੁਰੀ, ਇੰਦਰਜੀਤ ਤੁਲਸੀ ਅਤੇ ਚਮਨ ਲਾਲ ਸ਼ੁਗਲ ਆਦਿ ਦੇ ਸਾਹਤਿਕ ਗੀਤਾਂ ਨੂੰ ਵੀ ਪੂਰੀ ਸ਼ਿੱਦਤ ਨਾਲ ਗਾਇਆ। ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਗੋਰਾ ਤੇਰਾ ਰੰਗ ਤੇ ਪਰਾਂਦਾ ਤੇਰਾ ਲਾਲ ਨੀਂ, ਹੌਲਦਾਰ ਦੀ ਤਾਰੋ ਨੇ ਅੱਜ ਐਸੀ ਝਾਂਜਰ ਪਾਈ, ਮੈਂ ਦੂਰ ਚਲਾ ਜਾਵਾਂਗਾ ਜਦੋਂ, ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ, ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ, ਸਿਖ਼ਰ ਦੁਪਹਿਰ ਸਿਰ ’ਤੇ ਮੇਰਾ‌ ਢਲ਼ ਚੱਲਿਆ ਪਰਛਾਵਾਂ, ਨਿੱਕੀ ਜਿੰਨੀ ਗੱਲ ਦਾ ਖਲਾਰ ਪੈ ਗਿਆ, ਚਾਂਦਨੀ ਚੌਕ ਦੀਏ ਧਰਤੀਏ ਦਸ ਅੜੀਏ, ਇੱਕ ਕੁੜੀ ਜੀਹਦਾ ਨਾਂ ਮੁਹੱਬਤ, ਕਾਕਾ ਜੰਮ ਪਿਆ, ਮੈਂ ਤੈਨੂੰ ਯਾਦ ਆਵਾਂਗਾ ਆਦਿ ਗੀਤ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਹਨ।
ਆਸਾ ਸਿੰਘ ਮਸਤਾਨਾ ਨੇ ਦੋਗਾਣਿਆਂ ਵਿੱਚ ਵੀ ਪੂਰਾ ਨਾਮਣਾ ਖੱਟਿਆ। ਸੁਰਿੰਦਰ ਕੌਰ ਨਾਲ ਗਾਏ ਉਸ ਦੇ ਗੀਤਾਂ ਨੇ ਦਹਾਕਿਆਂ ਤੱਕ ਪੰਜਾਬੀ ਦੋਗਾਣਾ ਗਾਇਕੀ ਵਿੱਚ ਸਰਦਾਰੀ ਕਾਇਮ ਕੀਤੀ ਅਤੇ ਇਹ ਅਜੇ ਵੀ ਕਾਇਮ ਹੈ। ਉਸ ਨੇ ਪੁਸ਼ਪਾ ਹੰਸ ਨਾਲ ਵੀ ਗਾਇਆ, ਪ੍ਰਕਾਸ਼ ਕੌਰ ਨਾਲ ਵੀ ਅਤੇ ਮੋਹਿਣੀ ਨਰੂਲਾ ਨਾਲ ਵੀ। ਉਸ ਨੇ ਕੁਝ ਧਾਰਮਿਕ ਗੀਤ ਅਤੇ ਕੁਝ ਵਿਅੰਗਾਤਮਕ ਗੀਤ ਵੀ ਗਾਏ ਪਰ ਉਸ ਨੂੰ ਲੋਕ ਮਾਨਤਾ ਉਸ ਦੀ ਲੋਕ ਗਾਇਕੀ ਦੇ ਸਿਰ ’ਤੇ ਹੀ ਪ੍ਰਾਪਤ ਹੋਈ। 1985 ਵਿੱਚ ਉਸ ਨੂੰ ਭਾਰਤ ਸਰਕਾਰ ਵੱਲੋਂ ਪਦਮਸ੍ਰੀ ਦਾ ਉੱਚ ਸਨਮਾਨ ਮਿਲਿਆ। ਸੰਗੀਤ ਨਾਟਕ ਅਕੈਡਮੀ, ਪੰਜਾਬ ਸਰਕਾਰ, ਸ਼ੋਭਨਾ ਪੁਰਸਕਾਰ ਅਤੇ ਸਮਿਤਾ ਪਾਟਿਲ ਐਵਾਰਡ ਨਾਲ ਵੀ ਮਸਤਾਨੇ ਨੂੰ ਸਨਮਾਨਿਤ ਕੀਤਾ ਗਿਆ।
ਨੱਬੇਵਿਆਂ ਤੋਂ ਬਾਅਦ‌ ਜ਼ਿਆਦਾ ਸ਼ਰਾਬ ਪੀਣ ਅਤੇ ਪਾਨ ਖਾਣ ਦੀ ਲਤ ਨੇ ਉਸ ਦੇ ਸਰੀਰ ਅਤੇ ਸਿਹਤ ਨੂੰ ਖੋਖਲਾ ਕਰ ਦਿੱਤਾ ਸੀ। ਕਿਰਦੀ ਜਾਂਦੀ ਆਪਣੀ ਸਿਹਤ ਪ੍ਰਤੀ ਉਹ ਫ਼ਿਕਰਮੰਦ ਸੀ ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਇਨ੍ਹਾਂ ਤੋਂ ਨਿਜਾਤ ਨਾ ਪਾ ਸਕਿਆ। ਜਿਹੜੇ ਮਿੱਤਰ ਸਨੇਹੀ ਉਸ ਨੂੰ ਇਨ੍ਹਾਂ ਦੀ ਵਰਤੋਂ ਤੋਂ ਵਰਜਦੇ ਸਨ ਉਨ੍ਹਾਂ ਨਾਲ ਉਹ ਨਾਰਾਜ਼ ਹੋ ਜਾਂਦਾ ਸੀ। ਅਜਿਹੀਆਂ ਹੀ ਉਦਾਸ ਅਤੇ ਨਾਸਾਜ਼ ਹਾਲਤਾਂ ਨਾਲ ਦੋ ਚਾਰ ਹੁੰਦਾ ਉਹ 22 ਅਗਸਤ 1999 ਨੂੰ ਪ੍ਰਾਣ ਤਿਆਗ ਗਿਆ। ਸਮੂਹ ਪੰਜਾਬੀਆਂ ਦੇ ਦਿਲਾਂ ਵਿੱਚ ਜਿੰਨਾ ਚਿਰ ਵਾਰਿਸ ਸ਼ਾਹ ਦੀ ਹੀਰ ਜਿਊਂਦੀ ਰਹੇਗੀ, ਸ਼ਿਵ ਕੁਮਾਰ ਬਟਾਲਵੀ ਦਾ ਬਿਰਹੜਾ ਮਘਦਾ ਰਹੇਗਾ, ਪੀਲੂ ਸ਼ਾਇਰ ਦਾ ਮਿਰਜ਼ਾ ਬੁੱਕਦਾ ਰਹੇਗਾ, ਓਨਾ ਚਿਰ ਆਸਾ ਸਿੰਘ ਮਸਤਾਨਾ ਦੇ ਇਹ ਸਦਾਬਹਾਰ ਗੀਤ ਵੀ ਗੂੰਜਦੇ ਰਹਿਣਗੇ।
ਸੰਪਰਕ: 98774-43102

Advertisement
Author Image

joginder kumar

View all posts

Advertisement
Advertisement
×