ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਜਾ ਭਾਬੀ ਝੂਟ ਲੈ...

08:35 AM Jul 20, 2024 IST

ਜੋਗਿੰਦਰ ਕੌਰ ਅਗਨੀਹੋਤਰੀ

Advertisement

ਜੇਕਰ ਬੱਚਿਆਂ ਨੂੰ ਹਸਾਉਣ ਅਤੇ ਖਿਡਾਉਣ ਲਈ ਝੂਟੇ ਦਿੱਤੇ ਜਾਂਦੇ ਹਨ ਤਾਂ ਇਨ੍ਹਾਂ ਝੂਟਿਆਂ ਦੀ ਵੱਡਿਆਂ ਦੇ ਅੰਦਰ ਵੀ ਚਾਹ ਹੁੰਦੀ ਹੈ। ਬੱਚਿਆਂ ਨੂੰ ਵੱਖ-ਵੱਖ ਢੰਗਾਂ ਨਾਲ ਝੂਟੇ ਦਿੱਤੇ ਜਾਂਦੇ ਹਨ ਜਿਵੇਂ ਛੋਟੇ ਬੱਚਿਆਂ ਨੂੰ ਬਾਹਵਾਂ ’ਤੇ ਪਾ ਕੇ ਝੂਟੇ ਦੇਣਾ ਜਾਂ ਟੰਗਾਂ ’ਤੇ ਬਿਠਾ ਕੇ ਝੂਟੇ ਦੇਣਾ। ਅਤੀ ਮਾਸੂਮ ਬੱਚਿਆਂ ਨੂੰ ਮੰਜੇ ਦੇ ਨਾਲ ਕੱਪੜਾ ਬੰਨ੍ਹ ਕੇ ਪਾਲਣਾ ਬਣਾ ਕੇ ਝੂਟੇ ਦੇ ਕੇ ਵੀ ਉਨ੍ਹਾਂ ਨੂੰ ਸੁਲਾਇਆ ਜਾਂਦਾ ਹੈ। ਕਈ ਵਾਰ ਪੀਂਘ ਪਾ ਕੇ ਉਸ ਵਿੱਚ ਟੋਕਰਾ ਰੱਖਿਆ ਜਾਂਦਾ ਹੈ ਤੇ ਉਸ ਨੂੰ ਮਜ਼ਬੂਤੀ ਨਾਲ ਬੰਨ੍ਹ ਕੇ ਬੱਚੇ ਨੂੰ ਉਸ ਟੋਕਰੇ ਵਿੱਚ ਪਾ ਦਿੱਤਾ ਜਾਂਦਾ ਹੈ, ਇਸ ਤਰ੍ਹਾਂ ਬੱਚਾ ਖ਼ੁਸ਼ੀ ਵੀ ਮਹਿਸੂਸ ਕਰਦਾ ਸੀ ਤੇ ਔਰਤਾਂ ਵੀ ਆਪਣੇ ਘਰ ਦੇ ਕੰਮ ਕਰ ਲੈਂਦੀਆਂ ਸਨ।
ਜਦੋਂ ਬੱਚਾ ਥੋੜ੍ਹਾ ਜਿਹਾ ਵੱਡਾ ਹੋ ਜਾਵੇ ਤਾਂ ਵੀ ਉਸ ਅੰਦਰ ਝੂਟੇ ਲੈਣ ਦੀ ਅੰਦਰੂਨੀ ਚਾਹ ਬਣੀ ਰਹਿੰਦੀ ਹੈ ਕਿਉਂਕਿ ਉਸ ਦਾ ਜੀ ਝੂਟੇ ਲੈਣ ਨੂੰ ਕਰਦਾ ਹੈ ਪਰ ਉਸ ਦਾ ਢੰਗ ਬਦਲ ਜਾਂਦਾ ਹੈ। ਕੁੜੀਆਂ ਹੋਣ ਜਾਂ ਮੁੰਡੇ ਪੀਂਘ ’ਤੇ ਝੂਟੇ ਲੈ ਕੇ ਹਰ ਕੋਈ ਰਾਜ਼ੀ ਹੁੰਦਾ ਹੈ। ਇਹ ਪੀਂਘ ਕਈ ਵਾਰ ਘਰਾਂ ਦੇ ਅੰਦਰ ਵੱਡੀਆਂ ਸਬਾਤਾਂ ਵਿੱਚ ਲਟੈਣਾ, ਗਾਡਰਾਂ ਜਾਂ ਬਾਲਿਆਂ ਉੱਤੇ ਵੀ ਪਾ ਲਈਆਂ ਜਾਂਦੀਆਂ ਸਨ ਪਰ ਪਹਿਲਾਂ ਖੁੱਲ੍ਹੇ ਵਿਹੜਿਆਂ ਵਿੱਚ ਰੁੱਖ ਵਾਧੂ ਹੁੰਦੇ ਸਨ ਤਾਂ ਉਸ ਉੱਤੇ ਹੀ ਪੀਂਘ ਪਾ ਲਈ ਜਾਂਦੀ ਸੀ। ਝੂਟੇ ਦਾ ਅਰਥ ਹੈ ਝੂਲਣਾ ਭਾਵ ਹਿਲੋਰੇ ਲੈਣਾ, ਹਿੱਲਣਾ। ਜਦੋਂ ਜ਼ੋਰਦਾਰ ਹਵਾ ਚੱਲਦੀ ਹੈ ਤਾਂ ਰੁੱਖਾਂ ਦੀਆਂ ਟਾਹਣੀਆਂ ਅਤੇ ਪੱਤੇ ਬਹੁਤ ਹੀ ਜ਼ੋਰ ਨਾਲ ਝੂਲਦੇ ਹਨ। ਇਹ ਸਿਰਫ਼ ਹਵਾ ਦੇ ਮੁਹਾਣ ਦੇ ਨਾਲ ਹੁੰਦਾ ਹੈ। ਝੂਟਾ ਲੈਣ ਨੂੰ ਕਿਸ ਦਾ ਦਿਲ ਨਹੀਂ ਕਰਦਾ? ਹਰ ਕਿਸੇ ਦਾ ਝੂਟਾ ਲੈਣ ਨੂੰ ਜੀਅ ਕਰਦਾ ਹੈ।
ਮਨੁੱਖ ਤੋਂ ਇਲਾਵਾ ਪਸ਼ੂ-ਪੰਛੀ, ਜੀਵ-ਜੰਤੂ ਵੀ ਰੁੱਖਾਂ ਉੱਤੇ ਬੈਠ ਕੇ ਚੱਲਦੀ ਹਵਾ ਵਿੱਚ ਹਲੂਣੇ ਲੈ ਕੇ ਖ਼ੁਸ਼ ਹੁੰਦੇ ਹਨ। ਕਈ ਵਾਰ ਗੱਡਿਆਂ ਜਾਂ ਬਲਦ ਰੇੜ੍ਹੀਆਂ ’ਤੇ ਬੈਠ ਕੇ ਆਉਣ ਜਾਣ ਨੂੰ ਵੀ ਝੂਟਾ ਲੈਣਾ ਕਿਹਾ ਜਾਂਦਾ ਹੈ। ਛੋਟੇ ਬੱਚਿਆਂ ਨੂੰ ਮੋਟਰਸਾਈਕਲਾਂ ਜਾਂ ਹੋਰ ਸਾਧਨਾਂ ’ਤੇ ਗੇੜਾ ਦਵਾ ਕੇ ਲਿਆਉਣ ਨੂੰ ਵੀ ਝੂਟਾ ਦੇਣਾ ਕਿਹਾ ਜਾਂਦਾ ਹੈ। ਕੁੜੀਆਂ ਤੇ ਔਰਤਾਂ ਆਪਣੀ ਝੂਟੇ ਲੈਣ ਦੀ ਇੱਛਾ ਸਾਉਣ ਦੇ ਮਹੀਨੇ ਵਿੱਚ ਪੂਰੀ ਕਰਦੀਆਂ ਹਨ। ਸਾਉਣ ਦੇ ਮਹੀਨੇ ਪਿੱਪਲਾਂ ਜਾਂ ਹੋਰ ਵੱਡੇ ਦਰੱਖਤਾਂ ’ਤੇ ਪੀਂਘਾਂ ਪਾਈਆਂ ਜਾਂਦੀਆਂ ਸਨ। ਪੀਂਘ ਦੇ ਝੂਟੇ ਲੈਣ ਲਈ ਉਹ ਸੌਣ ਦੇ ਮਹੀਨੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਸਨ।
ਸਾਉਣ ਦੇ ਮਹੀਨੇ ਨੂੰ ਕਈ ਕਾਰਨਾਂ ਕਰਕੇ ਵਿਸ਼ੇਸ਼ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲਾਂ ਤਾਂ ਅੱਤ ਦੀ ਤਪਸ਼ ਤੋਂ ਬਾਅਦ ਬਾਰਿਸ਼ ਨਾਲ ਆਲਾ ਦੁਆਲਾ ਠੰਢਾ ਹੁੰਦਾ ਹੈ। ਜਿਸ ਨਾਲ ਪਸ਼ੂ-ਪੰਛੀ, ਜੀਵ-ਜੰਤੂ, ਮਨੁੱਖ ਸਭ ਖ਼ੁਸ਼ ਹੁੰਦੇ ਹਨ। ਦੂਜੇ ਇਸ ਮਹੀਨੇ ਨਾਲ ਪੇਟ ਪਾਲਣ ਦਾ ਵੀ ਸਬੰਧ ਹੈ ਕਿਉਂਕਿ ਮੀਂਹ ਪੈਣ ਨਾਲ ਫ਼ਸਲ ਚੰਗੀ ਹੁੰਦੀ ਹੈ। ਜਿਸ ਦੀ ਵਰਤੋਂ ਮਨੁੱਖ ਤਾਂ ਕਰਦਾ ਹੀ ਹੈ ਪ੍ਰੰਤੂ ਇਨ੍ਹਾਂ ਦਾਣਿਆਂ ਦੇ ਨਾਲ ਪੇਟ ਪਾਲਣ ਵਾਲੇ ਪਸ਼ੂ ਪੰਛੀ ਤੇ ਜੀਵ ਜੰਤੂਆਂ ਨੂੰ ਵੀ ਖ਼ੁਸ਼ੀ ਹੁੰਦੀ ਹੈ। ਇਸ ਮਹੀਨੇ ਮੀਂਹ ਪੈਣ ਨਾਲ ਚਾਰੇ ਪਾਸੇ ਹਰਿਆਲੀ ਹੋ ਜਾਂਦੀ ਹੈ ਅਤੇ ਆਲਾ ਦੁਆਲਾ ਸੁੰਦਰ ਲੱਗਦਾ ਹੈ। ਪਸ਼ੂਆਂ ਨੂੰ ਆਪਣੇ ਭੋਜਨ ਘਾਹ ਨੂੰ ਦੇਖ ਕੇ ਅਤਿਅੰਤ ਖ਼ੁਸ਼ੀ ਹੁੰਦੀ ਹੈ। ਪੰਛੀ ਅਤੇ ਜੀਵ ਜੰਤੂ ਵੀ ਫ਼ਸਲਾਂ ਵਿੱਚੋਂ ਜ਼ਰੂਰਤ ਅਨੁਸਾਰ ਖਾ ਕੇ ਗੁਜ਼ਾਰਾ ਕਰ ਲੈਂਦੇ ਹਨ।
ਇਸ ਮਹੀਨੇ ਦੀ ਹਰਿਆਲੀ ਮਨੁੱਖੀ ਮਨਾਂ ਨੂੰ ਤਾਂ ਮੋਹਦੀਂ ਹੈ ਕਿਉਂਕਿ ਕੁਦਰਤੀ ਨਜ਼ਾਰੇ ਨਾਲ ਮਨ ਆਨੰਦਤ ਹੋ ਉੱਠਦਾ ਹੈ। ਪੰਛੀ ਖ਼ੁਸ਼ੀ ਵਿੱਚ ਚਹਿਚਹਾਉਂਦੇ ਹਨ। ਪਸ਼ੂ ਟੱਪਦੇ ਹਨ ਅਤੇ ਹੋਰ ਕੀਟ ਪਤੰਗੇ ਆਪਣੇ ਮੂੰਹੋਂ ਆਵਾਜ਼ਾਂ ਕੱਢ ਕੇ ਕੁਦਰਤ ਦਾ ਸ਼ੁਕਰਾਨਾ ਕਰਦੇ ਹਨ। ਮੀਂਹ ਪੈਣ ਤੋਂ ਬਾਅਦ ਇੱਕ ਨਿੱਕਾ ਜਿਹਾ ਕੀਟ ਬੀਂਡਾ ਵੀ ਕੁਦਰਤ ਦਾ ਧੰਨਵਾਦ ਕਰਦਾ ਹੋਇਆ ਆਪਣਾ ਰਾਗ ਲਗਾਤਾਰ ਅਲਾਪਦਾ ਹੈ।
ਸਭ ਦੇ ਖ਼ੁਸ਼ ਹੋਣ ਦੇ ਨਾਲ ਨਾਲ ਇਸ ਮਹੀਨੇ ਇੱਕ ਤਿਉਹਾਰ ਕੁੜੀਆਂ ਦਾ ਆਉਂਦਾ ਹੈ। ਇਸ ਵਿੱਚ ਸਾਉਣ ਦੇ ਚਾਨਣੇ ਪੱਖ ਦੇ ਦੂਜ ਵਾਲੇ ਦਿਨ ਕੁੜੀਆਂ/ਵਹੁਟੀਆਂ ਅਤੇ ਵੱਡੀ ਉਮਰ ਦੀਆਂ ਔਰਤਾਂ ਵੀ ਮਹਿੰਦੀ ਲਾਉਂਦੀਆਂ ਹਨ ਅਤੇ ਤੀਜ ਵਾਲੇ ਦਿਨ ਤੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਤੀਆਂ ਪੂਰਨਮਾਸ਼ੀ ਤੱਕ ਚੱਲਦੀਆਂ ਹਨ। ਤੀਆਂ ਦੇ ਸ਼ੁਰੂ ਹੋਣ ’ਤੇ ਕੁੜੀਆਂ ਪਿੱਪਲਾਂ ਜਾਂ ਬਰੋਟਿਆਂ ’ਤੇ ਪੀਂਘਾਂ ਪਾ ਕੇ ਝੂਟੇ ਲੈਂਦੀਆਂ ਹਨ। ਵੱਡੇ ਰੱਸੇ ਜਾਂ ਲਾਸ ਨੂੰ ਇੱਕ ਮੋਟੇ ਟਾਹਣੇ ’ਤੇ ਆੜਬੰਦ ਪਾ ਕੇ ਪੀਂਘ ਪਾਈ ਜਾਂਦੀ ਹੈ। ਇਹ ਪੀਂਘ ਬੜੀ ਮਿਹਨਤ ਨਾਲ ਪਾਈ ਜਾਂਦੀ ਹੈ। ਲਾਸ ਨੂੰ ਦੂਹਰਾ ਕਰਕੇ ਉਸ ਨੂੰ ਉੱਚਾ ਵਗਾ ਕੇ ਟਾਹਣੇ ਦੇ ਉੱਤੋਂ ਦੀ ਟਪਾਇਆ ਜਾਂਦਾ ਹੈ। ਗੋਲ ਪਾਸੇ ਵਿੱਚੋਂ ਲਾਸ ਦੇ ਦੋਵੇਂ ਸਿਰੇ ਟਪਾ ਕੇ ਆੜਬੰਦ ਪਾਈ ਜਾਂਦੀ ਹੈ। ਇਸ ਨਾਲ ਇਹ ਰੱਸਾ ਨਾ ਤਾਂ ਇੱਕ ਪਾਸੇ ਵੱਧ ਘੱਟ ਹੁੰਦਾ ਹੈ ਅਤੇ ਨਾ ਹੀ ਇਹ ਢਿੱਲਾ ਹੁੰਦਾ ਹੈ। ਇਸ ਦੀ ਮਜ਼ਬੂਤੀ ਕਰਕੇ ਹੀ ਇਸ ਉੱਤੇ ਲੰਮੇ ਲੰਮੇ ਝੂਟੇ ਲਏ ਜਾਂਦੇ ਹਨ। ਪੀਂਘ ਪਾਉਣ ਤੋਂ ਬਾਅਦ ਇਸ ਦੇ ਖੁੱਲ੍ਹੇ ਸਿਰਿਆਂ ਨੂੰ ਗੰਢ ਦੇ ਕੇ ਇਸ ਵਿੱਚ ਫੱਟੀ ਪਾ ਕੇ ਤਿਆਰ ਕੀਤਾ ਜਾਂਦਾ ਹੈ। ਫੱਟੀ ਪੱਕੇ ਤੌਰ ’ਤੇ ਨਹੀਂ ਬਲਕਿ ਜਦੋਂ ਜੀ ਚਾਹੇ ਉਤਾਰ ਸਕਦੇ ਹਾਂ ਤੇ ਜਦੋਂ ਜੀ ਚਾਹੇ ਠੀਕ ਕਰਕੇ ਰੱਖ ਸਕਦੇ ਹਾਂ।
ਸੱਭਿਆਚਾਰ ਵਿੱਚ ਮੌਜੂਦ ਵਹਿਮਾਂ ਭਰਮਾਂ ਅਤੇ ਵਿਸ਼ਵਾਸਾਂ ਨੂੰ ਮੁੱਖ ਰੱਖਦਿਆਂ ਝੂਟਾ ਲੈਣ ਤੋਂ ਪਹਿਲਾਂ ਇਸ ਫੱਟੀ ’ਤੇ ਕੀੜੀ ਨੂੰ ਬਿਠਾ ਕੇ ਝੂਟਾ ਦਿੱਤਾ ਜਾਂਦਾ ਹੈ। ਝੂਟਾ ਲੈਣ ਲਈ ਪਹਿਲਾਂ ਪੀਂਘ ਨੂੰ ਆਪਣੇ ਵੱਲ ਖਿੱਚਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ’ਤੇ ਬੈਠ ਕੇ ਅੱਗੇ ਵੱਲ ਵਧਿਆ ਜਾਂਦਾ ਹੈ। ਕਈ ਵਾਰ ਕਿਸੇ ਨੂੰ ਬਿਠਾ ਕੇ ਜਾਂ ਖੜ੍ਹਾ ਹੋ ਕੇ ਵੀ ਝੂਟਾ ਦਿੱਤਾ ਜਾਂਦਾ ਹੈ। ਲੰਮੀਆਂ ਹੀਂਘਾਂ ਖੜ੍ਹ ਕੇ ਹੀ ਚੜ੍ਹਾਈਆਂ ਜਾਂਦੀਆਂ ਹਨ। ਪੀਂਘ ’ਤੇ ਚੜ੍ਹ ਕੇ ਹੁਲਾਰੇ ਲੈਣ ਦਾ ਆਨੰਦ ਵੱਖਰਾ ਹੀ ਹੁੰਦਾ ਹੈ। ਅਜਿਹੇ ਝੂਟੇ ਲੈਂਦੇ ਸਮੇਂ ਅੱਲ੍ਹੜਾਂ ਦੇ ਮਨੋਭਾਵ ਆਪ ਮੁਹਾਰੇ ਫੁੱਟਦੇ ਹਨ:
ਮੈਂ ਪਿੱਪਲੀ ਤੇ ਪੀਂਘ ਝੂਟਦੀ
ਝੂਟਾ ਦੇ ਜਾ ਵੇ
ਗੁਲਾਬੀ ਪੱਗ ਵਾਲਿਆ।
ਇਸ ਤਰ੍ਹਾਂ ਜਦੋਂ ਤੀਆਂ ਲੱਗਦੀਆਂ ਹਨ ਤਾਂ ਘਰ ਦੀਆਂ ਕੁੜੀਆਂ ਅਤੇ ਵਹੁਟੀਆਂ ਸਾਰੀਆਂ ਹੀ ਤੀਆਂ ਵਿੱਚ ਜਾਂਦੀਆਂ ਹਨ। ਪਿੱਪਲਾਂ ਅਤੇ ਬਰੋਟਿਆਂ ਥੱਲੇ ਲੱਗੀਆਂ ਤੀਆਂ ਵਿੱਚ ਨੱਚਦੀਆਂ ਹਨ ਤੇ ਅੱਡੀਆਂ ਦੀਆਂ ਧਮਕਾਂ ਪੈਂਦੀਆਂ ਹਨ। ਝਾਂਜਰ ਦੇ ਛਣਕਾਟੇ ਅਤੇ ਚੂੜੀਆਂ ਦੀ ਛਣ ਛਣ ਵਾਤਾਵਰਨ ਨੂੰ ਮਧੁਰ ਬਣਾਉਂਦੀ ਹੈ। ਗਿੱਧੇ ਨਾਲ ਆਲਾ ਦੁਆਲਾ ਗੂੰਜ ਉੱਠਦਾ ਹੈ। ਅਜਿਹਾ ਵਾਤਾਵਰਨ ਮਸਤ ਜਵਾਨਾਂ ਨੂੰ ਤਾਂ ਮਸਤਾਉਂਦਾ ਹੀ ਹੈ ਬਲਕਿ ਬੁੱਢਿਆਂ ਦੇ ਵੀ ਜਵਾਨੀ ਯਾਦ ਆ ਜਾਂਦੀ ਹੈ। ਅਜਿਹੇ ਖ਼ੁਸ਼ੀਆਂ ਭਰੇ ਮੌਸਮ ਵਿੱਚ ਘਰਾਂ ਵਿੱਚ ਖੀਰਾਂ ਪੂੜੇ ਵੀ ਬਣਦੇ ਹਨ। ਜਿਨ੍ਹਾਂ ਦੀ ਮਹਿਕ ਆਲੇ ਦੁਆਲੇ ਨੂੰ ਸੁਗੰਧਤ ਬਣਾਉਂਦੀ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਬਹੁਤ ਵੱਡਾ ਮੇਲਾ ਲੱਗਿਆ ਹੋਵੇ। ਅਜਿਹੇ ਦ੍ਰਿਸ਼ਾਂ ਦਾ ਵਰਣਨ ਲੋਕ ਬੋਲੀ ਵਿੱਚ ਇੰਜ ਕੀਤਾ ਗਿਆ ਹੈ:
ਸਾਉਣ ਮਹੀਨਾ ਦਿਨ ਤੀਆਂ ਦੇ
ਕੁੜੀਆਂ ਪੀਂਘਾਂ ਪਾਈਆਂ।
ਰੌਣਕ ਲੱਗੀ ਵਿੱਚ ਕੱਲਰ ਦੇ
ਨੱਚੀਆਂ ਨਣਦ ਭਰਜਾਈਆਂ।
ਸਮਾਜਿਕ ਤਾਣੇ ਬਾਣੇ ਦੇ ਰਿਸ਼ਤਿਆਂ ਨੂੰ ਨਿਭਾਉਣ ਲਈ ਵੀ ਸਾਵਧਾਨੀ ਤੋਂ ਕੰਮ ਲੈਣਾ ਪੈਂਦਾ ਹੈ। ਦਿਓਰ ਅਤੇ ਭਾਬੀ ਦਾ ਰਿਸ਼ਤਾ ਭਾਵੇਂ ਹਾਸੀ ਮਖੌਲ ਕਰਨ ਤੇ ਸਹਿਣ ਵਾਲਾ ਹੈ ਪਰ ਕਈ ਵਾਰ ਇੱਥੇ ਵੀ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਸਾਵਧਾਨੀ ਵਰਤਣੀ ਪੈਂਦੀ ਹੈ ਤਾਂ ਕਿ ਹਾਸੀ ਮਖੌਲ ਕਿਤੇ ਬਦਨਾਮੀ ਦਾ ਕਾਰਨ ਨਾ ਬਣ ਜਾਵੇ। ਭਾਬੀ ਨਾਲ ਮਖੌਲੀਆ ਰਿਸ਼ਤਾ ਹੋਣ ਕਾਰਨ ਕਈ ਵਾਰ ਦਿਓਰ ਵੀ ਭਾਬੀ ਦੇ ਚਾਵਾਂ ਨੂੰ ਪੂਰਾ ਕਰਨਾ ਆਪਣਾ ਕਰਤੱਵ ਸਮਝਦਾ ਹੈ। ਉਹ ਭਾਬੀ ਲਈ ਪੀਂਘ ਪਾ ਕੇ ਉਸ ਦਾ ਚਾਅ ਪੂਰਾ ਕਰਨਾ ਚਾਹੁੰਦਾ ਹੈ ਅਤੇ ਭਾਬੀ ਨੂੰ ਪੀਂਘ ਦਿਖਾ ਕੇ ਆਵਾਜ਼ ਮਾਰਦਾ ਹੈ:
ਨੀਂ ਆਜਾ ਭਾਬੀ ਝੂਟ ਲੈ
ਪੀਂਘ ਹੁਲਾਰੇ ਲੈਂਦੀ।
ਬੇਸ਼ੱਕ ਭਾਬੀ ਦੇ ਅੰਦਰ ਚਾਅ ਚੜਿ੍ਹਆ ਹੋਇਆ ਹੈ ਅਤੇ ਉਸ ਦੀ ਇੱਛਾ ਝੂਟਾ ਲੈਣ ਦੀ ਵੀ ਹੈ ਪਰ ਲੋਕ ਲਾਜ ਤੋਂ ਡਰਦੀ ਉਹ ਆਪਣੀ ਇੱਛਾ ਦਾ ਦਮਨ ਕਰਦੀ ਹੋਈ, ਇਹ ਉੱਤਰ ਦਿੰਦੀ ਹੈ:
ਵੇ ਮੈਂ ਨਾ ਦਿਉਰਾ ਝੂਟਦੀ
ਪਿੰਡ ਵਿੱਚ ਭੰਡੀ ਹੁੰਦੀ।
ਸਾਉਣ ਮਹੀਨੇ ਵਿੱਚ ਪੁਰੇ ਦੀ ਮਸਤ ਹਵਾ ਜ਼ਹਿਰੀਲੇ ਨਾਗਾਂ ਨੂੰ ਵੀ ਮਸਤ ਬਣਾ ਦਿੰਦੀ ਹੈ ਤਾਂ ਫਿਰ ਚੜ੍ਹਦੀ ਜਵਾਨੀ ਜੋ ਪਹਿਲਾਂ ਹੀ ਮਸਤ ਹੈ, ਉਸ ਨੂੰ ਮਸਤਾਉਣਾ ਤਾਂ ਹੋਰ ਵੀ ਸੌਖਾ ਹੈ। ਪੁਰੇ ਦੀ ਹਵਾ ਕਾਲੀਆਂ ਘਟਾਵਾਂ ਨੂੰ ਘੇਰ ਘੇਰ ਕੇ ਲਿਆਉਂਦੀ ਹੈ ਅਤੇ ਮੌਸਮ ਨੂੰ ਸੁਹਾਵਣਾ ਬਣਾਉਂਦੀ ਹੈ। ਇਸ ਤਰ੍ਹਾਂ ਅਜਿਹੇ ਮੌਸਮ ਵਿੱਚ ਬੁੱਲ੍ਹਾਂ ਉੱਤੇ ਗੁਲਾਬੀ ਰੌਣਕ ਦਿਸਦੀ ਹੈ ਅਤੇ ਪੈਰ ਆਪ ਮੁਹਾਰੇ ਥਿਰਕਦੇ ਹਨ, ਅਜਿਹੇ ਮੌਕੇ ਤਾਂ ਬਿਨਾਂ ਪੀਂਘ ਤੋਂ ਹੀ ਹੁਲਾਰੇ ਆਉਂਦੇ ਹਨ ਪਰ ਜਦੋਂ ਕੋਈ ਪੀਂਘ ਪਾ ਕੇ ਹੁਲਾਰਾ ਦੇ ਦੇਵੇ ਤਾਂ ਸੋਨੇ ’ਤੇ ਸੁਹਾਗਾ ਹੋ ਜਾਂਦਾ ਹੈ। ਇਸ ਤਰ੍ਹਾਂ ਇੱਕ ਅੱਲੜ੍ਹ ਮੁਟਿਆਰ ਆਪਣੇ ਮਨ ਦੇ ਭਾਵਾਂ ਨੂੰ ਇਸ ਤਰ੍ਹਾਂ ਪ੍ਰਗਟ ਕਰਦੀ ਹੈ:
ਚੜ੍ਹ ਕੇ ਪੀਂਘ ’ਤੇ ਨਾਂ ਤੇਰੇ ਦੀ
ਪਹਿਲੀ ਹੀਂਘ ਚੜ੍ਹਾਂਵਾ।
ਭਿੱਜ ਗਈ ਰੂਹ ਮਿੱਤਰਾ
ਵਰ੍ਹੀਆਂ ਆਣ ਘਟਾਵਾਂ।
ਪਿੰਡ ਦੇ ਬਾਹਰ ਵਾਰ ਹੋਰਾਂ ਰੁੱਖਾਂ ਦੇ ਨਾਲ ਬਣਾਂ ਦੇ ਰੁੱਖ ਵੀ ਹੁੰਦੇ ਸਨ। ਬਣਾਂ ਦੇ ਸੰਘਣੇ ਰੁੱਖ ਵੀ ਜੰਗਲ ਦਾ ਭੁਲੇਖਾ ਪਾਉਂਦੇ ਸਨ। ਅਜਿਹੇ ਰੁੱਖਾਂ ਉੱਤੇ ਵੀ ਪੀਘਾਂ ਪਾ ਲਈਆਂ ਜਾਂਦੀਆਂ ਸਨ ਕਿਉਂਕਿ ਉਹ ਵੀ ਸਮਾਂ ਸੀ ਜਦੋਂ ਲੋਕ ਅਜਿਹੇ ਰੁੱਖਾਂ ਹੇਠ ਆਰਾਮ ਕਰਦੇ ਸਨ ਅਤੇ ਬੱਚੇ ਪੀਂਘਾ ਝੂਟਦੇ ਸਨ। ਇਹੋ ਜਿਹੇ ਥਾਂ ’ਤੇ ਪਸ਼ੂ ਵੀ ਚਰਦੇ ਹੁੰਦੇ ਸਨ। ਕਈ ਵਾਰ ਮੁਟਿਆਰਾਂ ਵੀ ਪੀਂਘਾਂ ਪਾ ਲੈਂਦੀਆਂ ਸਨ। ਇਸ ਤਰ੍ਹਾਂ ਕਈ ਵਾਰ ਭਰਜਾਈਆਂ ਜਾਂ ਜੀਜੇ ਵੀ ਕੁੜੀਆਂ ਨੂੰ ਮਖੌਲ ਨਾਲ ਕਹਿ ਦਿੰਦੇ ਸਨ:
ਕਿੱਥੇ ਫਿਰੇਂ ਨੀਂ ਬਣਾਂ ’ਚ ਪੀਂਘਾਂ ਝੂਟਦੀ
ਨੀਂ ਕੁੜੀਏ ਬਦਾਮੀ ਰੰਗੀਏ।
ਸੰਪਰਕ: 94178-40323

Advertisement
Advertisement
Advertisement