For the best experience, open
https://m.punjabitribuneonline.com
on your mobile browser.
Advertisement

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ

08:38 AM Jul 20, 2024 IST
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ
Advertisement

ਕਰਨੈਲ ਸਿੰਘ ਐੱਮ.ਏ.

Advertisement

ਸਾਡੇ ਸੱਭਿਆਚਾਰ ਵਿੱਚ ਸਾਉਣ ਦੇ ਮਹੀਨੇ ਨੂੰ ਗਿੱਧਿਆਂ ਦੀ ਰੁੱਤ ਕਰਕੇ ਜਾਣਿਆ ਜਾਂਦਾ ਹੈ। ਇਹ ਮਹੀਨਾ ਇੱਕ ਅਜਿਹਾ ਮਹੀਨਾ ਹੈ ਜਿਸ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਕਈ ਗੱਲਾਂ ਆ ਜਾਂਦੀਆਂ ਹਨ। ਜਿਵੇਂ ਸਾਉਣ ਦੀ ਝੜੀ ਜੋ ਫ਼ਸਲ ਲਈ ਲਾਭਦਾਇਕ ਹੈ। ਮੀਂਹ ਪੈਣ ਨਾਲ ਫ਼ਸਲਾਂ ਹਰੀਆਂ-ਭਰੀਆਂ ਲੱਗਣ ਲੱਗ ਜਾਂਦੀਆਂ ਹਨ। ਸੁੱਕੇ ਦਰੱਖਤ ਤੇ ਘਾਹ ਹਰੇ ਹੋ ਜਾਂਦੇ ਹਨ। ਦਰੱਖਤਾਂ ਦੀ ਮਿੱਟੀ ਬਾਰਸ਼ ਪੈਣ ਨਾਲ ਝੜ ਜਾਂਦੀ ਹੈ। ਜੇਠ-ਹਾੜ੍ਹ ਦੀਆਂ ਧੁੱਪਾਂ ਦੇ ਝੁਲਸੇ ਹੋਏ ਪਸ਼ੁੂ-ਪੰਛੀ ਅਤੇ ਮਨੁੱਖ ਸਾਉਣ ਦੇ ਮਹੀਨੇ ਵਿੱਚ ਮੀਂਹ ਪੈਣ ਨਾਲ ਰਾਹਤ ਮਹਿਸੂਸ ਕਰਦੇ ਹਨ।
ਸਾਉਣ ਮਹੀਨੇ ਦੀ ਆਮਦ ’ਤੇ ਭਾਵੇਂ ਸਾਰੇ ਭਾਰਤ ਵਿੱਚ ਖ਼ੁਸ਼ੀ ਮਨਾਈ ਜਾਂਦੀ ਹੈ ਪਰ ਪੰਜਾਬ ਵਿੱਚ ਇਹ ਮਹੀਨਾ ਬਹੁਤ ਪਿਆਰਾ ਹੈ। ਪੰਜਾਬ ਵਿੱਚ ਇਸ ਮਹੀਨੇ ਮੇਲੇ ਲੱਗਦੇ ਹਨ। ਕਬੱਡੀ ਦੇ ਮੁਕਾਬਲੇ ਤੇ ਪਹਿਲਵਾਨਾਂ ਦੇ ਘੋਲ (ਕੁਸ਼ਤੀਆਂ) ਮੇਲਿਆਂ ਦੀ ਖਿੱਚ ਹੁੰਦੇ ਹਨ। ਢੋਲ ਦੇ ਡੱਗੇ ’ਤੇ ਗੱਭਰੂਆਂ ਦਾ ਭੰਗੜਾ ਧਰਤੀ ਹਿਲਾ ਦਿੰਦਾ ਹੈ। ਇਹ ਮਹੀਨਾ ਮੁਟਿਆਰਾਂ ਦੇ ਪ੍ਰਸਿੱਧ ਤਿਓਹਾਰ ‘ਤੀਆਂ ਦੇ ਤਿਓਹਾਰ’ ਵਜੋਂ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦਾ ਆਰੰਭ ਸਾਉਣ ਮਹੀਨੇ ਦੀ ਮੱਸਿਆ ਤੋਂ ਬਾਅਦ ਤੀਜ ਤੋਂ ਹੁੰਦਾ ਹੈ ਤੇ ਪੁੰਨਿਆ (ਰੱਖੜੀ) ਤੱਕ ਚੱਲਦਾ ਹੈ। ਤੀਆਂ ਤੋਂ ਕੁਝ ਦਿਨ ਪਹਿਲਾਂ ਨਵੀਆਂ ਵਿਆਹੀਆਂ ਕੁੜੀਆਂ ਨੂੰ ਉਨ੍ਹਾਂ ਦੇ ਵੀਰ ਸਹੁਰੇ ਘਰ ਤੋਂ ਲੈ ਕੇ ਆਉਂਦੇ ਹਨ। ਜੇਕਰ ਕਿਸੇ ਬਦਨਸੀਬ ਭੈਣ ਦਾ ਵੀਰ ਕਿਸੇ ਕਾਰਨ ਤੀਆਂ ’ਤੇ ਆਪਣੀ ਭੈਣ ਨੂੰ ਲੈਣ ਨਹੀਂ ਆਉਂਦਾ ਤਾਂ ਉਸ ਨੂੰ ਆਪਣੀ ਸੱਸ ਦੇ ਤਾਹਨੇ ਮਿਹਣੇ ਸੁਣਨੇ ਪੈਂਦੇ ਹਨ;
ਤੈਨੂੰ ਤੀਆਂ ’ਤੇ ਲੈਣ ਨਾ ਆਏ
ਨੀਂ ਬਹੁਤਿਆਂ ਭਰਾਵਾਂ ਵਾਲੀਏ
ਜਿਹੜੀਆਂ ਕੁੜੀਆਂ ਸਹੁਰੇ ਘਰ ਹੀ ਰਹਿੰਦੀਆਂ ਹਨ। ਪੇਕੇ ਘਰ ਕਿਸੇ ਮਜਬੂਰੀ ਕਾਰਨ ਨਹੀਂ ਜਾ ਸਕਦੀਆਂ। ਉਨ੍ਹਾਂ ਨੂੰ ਮਾਂ-ਪਿਉ, ਭਰਾਵਾਂ ਵੱਲੋਂ ਸੰਧਾਰਾ ਦਿੱਤਾ ਜਾਂਦਾ ਹੈ। ਜਿਸ ਵਿੱਚ ਮਠਿਆਈ, ਕੱਪੜੇ, ਮੱਠੀਆਂ, ਗੁਲਗੁਲੇ, ਚੂੜੀਆਂ, ਮਹਿੰਦੀ, ਰੇਸ਼ਮੀ ਪਰਾਂਦਾ, ਡੋਰੀ, ਗਹਿਣੇ ਅਤੇ ਹੋਰ ਸ਼ਿੰਗਾਰ ਦਾ ਸਾਮਾਨ ਹੁੰਦਾ ਹੈ। ਪਹਿਲਾਂ ਲੋਕ ਘਰਾਂ ਵਿੱਚ ਹੀ ਬਿਸਕੁਟ, ਮੱਠੀਆਂ, ਲੱਡੂ ਤੇ ਹੋਰ ਪਕਵਾਨ ਬਣਾ ਕੇ ਭੇਜਦੇ ਸਨ ਪਰ ਅੱਜਕੱਲ੍ਹ ਤਾਂ ਮਠਿਆਈ ਬਾਜ਼ਾਰ ਦੀ ਹੀ ਦਿੱਤੀ ਜਾਂਦੀ ਹੈ। ਅੱਜ ਕਿਸੇ ਕੋਲ ਇੰਨਾ ਸਮਾਂ ਹੀ ਨਹੀਂ ਹੈ ਕਿ ਉਹ ਘਰ ਵਿੱਚ ਪਕਵਾਨ ਤਿਆਰ ਕਰ ਸਕਣ। ਫਿਰ ਵੀ ਕੁਝ ਬਜ਼ੁਰਗ ਔਰਤਾਂ ਪੁਰਾਣੇ ਰੀਤੀ-ਰਿਵਾਜਾਂ ਅਨੁਸਾਰ ਘਰ ਵਿੱਚ ਹੀ ਕੁਝ ਮਠਿਆਈਆਂ ਤੇ ਹੋਰ ਪਕਵਾਨ ਤਿਆਰ ਕਰਕੇ ਪੀਪੇ ਵਿੱਚ ਪਾ ਕੇ ਸਿਰ ’ਤੇ ਰੱਖ ਕੇ ਬੱਸ, ਰੇਲ ਗੱਡੀ, ਕਾਰ, ਮੋਟਰ ਸਾਈਕਲ ’ਤੇ ਜਾ ਕੇ ਆਪਣੀ ਧੀ ਨੂੰ ਦੇਣ ਜਾਂਦੀਆਂ ਹਨ। ਮੁਟਿਆਰ ਨੂੰ ਉਪਰੋਕਤ ਵਸਤਾਂ ਦੇਖ ਕੇ ਚਾਅ ਚੜ੍ਹ ਜਾਂਦਾ ਹੈ ਤੇ ਉਹ ਗਿੱਧੇ ’ਚ ਨੱਚਦੀ ਪੇਕੇ ਘਰੋਂ ਆਈ ਸੌਗਾਤ ਦਾ ਜ਼ਿਕਰ ਇੰਝ ਕਰਦੀ ਹੈ;
ਆਇਆ ਸਾਉਣ ਮਹੀਨਾ ਕੁੜੀਓ
ਲੈ ਕੇ ਠੰਢੀਆਂ ਹਵਾਵਾਂ।
ਪੇਕੇ ਘਰੋਂ ਮੈਨੂੰ ਆਈਆਂ ਝਾਂਜਰਾਂ
ਮਾਰ ਅੱਡੀ ਛਣਕਾਵਾਂ।
ਖੱਟਾ ਡੋਰੀਆ ਉੱਡ-ਉੱਡ ਜਾਂਦਾ
ਜਦ ਮੈਂ ਪੀਂਘ ਚੜ੍ਹਾਵਾਂ।
ਸਾਉਣ ਦਿਆ ਬੱਦਲਾ ਵੇ
ਮੈਂ ਤੇਰਾ ਜਸ ਗਾਵਾਂ।
ਤੀਆਂ ਦੇ ਤਿਓਹਾਰ ਮੌਕੇ ਕੁੜੀਆਂ, ਮੁਟਿਆਰਾਂ ਪੈਰਾਂ ਤੋਂ ਸਿਰ ਤੱਕ ਖੂਬ ਸੱਜ-ਧੱਜ ਕੇ ਪੀਂਘਾਂ ਝੂਟਣ ਤੇ ਗਿੱਧਾ ਪਾਉਣ ਲਈ ਇਕੱਠੀਆਂ ਹੁੰਦੀਆਂ ਹਨ। ਮਾਂ-ਬਾਪ ਦੇ ਘਰ ਆਈਆਂ ਆਜ਼ਾਦੀ ਮਹਿਸੂਸ ਕਰਦੀਆਂ ਹਨ। ਪਿੰਡ ਤੋਂ ਬਾਹਰ ਕਿਸੇ ਖੁੱਲ੍ਹੀ ਜਗ੍ਹਾ ’ਤੇ ਉਹ ਨੱਚਦੀਆਂ ਟੱਪਦੀਆਂ, ਹੱਸਦੀਆਂ-ਖੇਡਦੀਆਂ, ਪੀਂਘਾਂ ਝੂਟਦੀਆਂ ਤੇ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਗਿੱਧਾ ਪਾਉਂਦੀਆਂ ਹਨ। ਉਹ ਇੱਕ ਮਿੰਟ ਵੀ ਅੱਕਦੀਆਂ ਜਾਂ ਥੱਕਦੀਆਂ ਨਹੀਂ। ਅੱਜ ਪਹਿਲਾਂ ਵਾਲਾ ਸਮਾਂ ਨਹੀਂ ਹੈ। ਹੁਣ ਇੱਕ ਤਾਂ ਤੀਆਂ ਪਿੰਡਾਂ/ਸ਼ਹਿਰਾਂ ਵਿੱਚ ਬਹੁਤ ਘੱਟ ਲੱਗਦੀਆਂ ਹਨ। ਦੂਜਾ ਤੀਆਂ ਦੇ ਤਿਓਹਾਰ ਵਿੱਚ ਉਹ ਰੌਣਕ ਨਹੀਂ ਹੁੰਦੀ ਜੋ ਪਹਿਲਾਂ ਦੇਖਣ ਨੂੰ ਮਿਲਦੀ ਸੀ।
ਅੱਜਕੱਲ੍ਹ ਤੀਆਂ ਦੇ ਮੇਲੇ ਪਹਿਲਾਂ ਦੀ ਤਰ੍ਹਾਂ ਭਾਵੇਂ ਪਿੰਡਾਂ, ਸ਼ਹਿਰਾਂ ਵਿੱਚ ਨਹੀਂ ਭਰਦੇ ਪਰ ਫਿਰ ਵੀ ਕਈ ਥਾਵਾਂ ’ਤੇ ਅਜੋਕੀਆਂ ਮੁਟਿਆਰਾਂ ਤੀਆਂ ਦੇ ਤਿਓਹਾਰ ਨੂੰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਉਂਦੀਆਂ ਹਨ। ਵੱਡੇ ਸ਼ਹਿਰਾਂ ਵਿੱਚ ਬੱਚੇ ਸਕੂਲਾਂ ’ਚ, ਲੜਕੀਆਂ ਕਾਲਜਾਂ ਵਿੱਚ ਅਤੇ ਔਰਤਾਂ ਤੇ ਲੜਕੀਆਂ ਹੋਟਲਾਂ, ਪੈਲੇਸਾਂ ਵਿੱਚ ਤੀਆਂ ਦਾ ਤਿਓਹਾਰ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਹਨ।
ਸਾਉਣ ਦੇ ਮਹੀਨੇ ਚਾਰ-ਚੁਫ਼ੇਰੇ ਹਰਿਆਵਲ ਹੀ ਹਰਿਆਵਲ ਹੁੰਦੀ ਹੈ। ਬੂਟੇ ਫੁੱਲਾਂ ਤੇ ਫ਼ਲਾਂ ਨਾਲ ਭਰੇ ਹੁੰਦੇ ਹਨ। ਇਸ ਮਹੀਨੇ ਨੂੰ ਬੱਚੇ, ਨੌਜਵਾਨ, ਬੁੱਢੇ ਸਭ ਲੋਚਦੇ ਹਨ। ਨਿੱਕੀਆਂ-ਨਿੱਕੀਆਂ ਬਾਲੜੀਆਂ ਗੀਟੇ ਖੇਡ ਕੇ ਆਪਣਾ ਮਨਪ੍ਰਚਾਵਾ ਕਰਦੀਆਂ ਹਨ। ਇਸ ਕਰਕੇ ਸਾਉਣ ਦੇ ਮਹੀਨੇ ਨੂੰ ਸਾਵਿਆਂ ਦੀ ਰੁੱਤ ਕਰਕੇ ਵੀ ਜਾਣਿਆ ਜਾਂਦਾ ਹੈ। ਸਾਉਣ ਦੇ ਮਹੀਨੇ ਦੀ ਮਹੱਤਤਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਇਸ ਤਰ੍ਹਾਂ ਪ੍ਰਗਟਾਇਆ ਹੈ;
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਬਾਰਹਮਾਹਾ ਅੰਕਿਤ ਹਨ। ਇੱਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਰਾਗ ਮਾਂਝ ਵਿੱਚ ਤੇ ਦੂਜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਾਗ ਤੁਖਾਰੀ ਵਿੱਚ ਹੈ। ਬਾਰਹਮਾਹਾ ਵਿੱਚ ਸਾਉਣ ਮਹੀਨਾ ਪੰਜਵੇਂ ਨੰਬਰ ’ਤੇ ਹੈ। ਇਹ ਦੇਸੀ ਮਹੀਨਾ ਹੈ। ਜੁਲਾਈ ਮਹੀਨੇ ਦੀ 16 ਤਾਰੀਖ਼ ਨੂੰ ਇਸ ਮਹੀਨੇ ਦੀ ਆਰੰਭਤਾ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਉਣ ਮਹੀਨੇ ਸਬੰਧੀ ਅਨੇਕਾਂ ਪ੍ਰਮਾਣ ਦਰਜ ਹਨ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਸਾਉਣ ਦੇ ਮਹੀਨੇ ਦਾ ਜ਼ਿਕਰ ਕੀਤਾ ਹੈ;
ਸਾਵਣ ਵਣ ਹਰੀਆਵਲੇ ਵੁਠੈ ਸੁਕੈ ਅਕੁ ਜਵਾਹਾ।
ਸਾਉਣ ਦੇ ਮਹੀਨੇ ਮੁਟਿਆਰਾਂ ਦਾ ਆਪਣੇ ਸਹੁਰੇ ਘਰ ਜਾਣ ਨੂੰ ਦਿਲ ਨਹੀਂ ਕਰਦਾ ਜਦ ਕਿ ਉਸ ਦਾ ਪਤੀ ਉਸ ਨੂੰ ਲੈ ਕੇ ਜਾਣ ਦੀ ਜ਼ਿੱਦ ਕਰਦਾ ਹੈ;
ਸਾਉਣ ਦਾ ਮਹੀਨਾ ਜੀਅ ਨਾ ਕਰੇ ਸਹੁਰੇ ਜਾਣ ਨੂੰ
ਮੁੰਡਾ ਫਿਰੇ ਨੀਂ ਗੱਡੀ ਜੋੜ ਕੇ ਲਿਜਾਣ ਨੂੰ
ਸਾਉਣ ਮਹੀਨੇ ਦਾ ਸਬੰਧ ਖੀਰ ਤੇ ਪੂੜਿਆਂ ਨਾਲ ਵੀ ਹੈ। ਸਾਉਣ ਦੇ ਮਹੀਨੇ ਵਿੱਚ ਸ਼ਾਇਦ ਹੀ ਕੋਈ ਪੰਜਾਬੀ ਘਰ ਅਜਿਹਾ ਹੋਵੇਗਾ ਜਿੱਥੇ ਖੀਰ ਤੇ ਪੂੜੇ ਨਾ ਪੱਕਦੇ ਹੋਣ। ਜਿਸ ਦਿਨ ਬਾਰਸ਼ ਹੁੰਦੀ ਹੈ ਤਾਂ ਇਹ ਹੀ ਕਿਹਾ ਜਾਂਦਾ ਹੈ ਕਿ ਅੱਜ ਪੂੜੇ ਖਾਣ ਦਾ ਮੌਸਮ ਹੈ। ਅੱਜਕੱਲ੍ਹ ਤਾਂ ਸਾਉਣ ਮਹੀਨੇ ਬਾਜ਼ਾਰ ਵਿੱਚ ਹਲਵਾਈਆਂ/ਮਠਿਆਈਆਂ ਦੀਆਂ ਦੁਕਾਨਾਂ ’ਤੇ ਰੈਡੀਮੇਡ ਪੂੜੇ ਮਿਲ ਜਾਂਦੇ ਹਨ ਪਰ ਜੋ ਪੂੜੇ ਘਰ ਬਣਾ ਕੇ ਖਾਣ ਦਾ ਸੁਆਦ, ਮਜ਼ਾ ਆਉਂਦਾ ਹੈ, ਉਹ ਬਾਜ਼ਾਰ ਦੇ ਪੂੜਿਆਂ ਨਾਲ ਨਹੀਂ ਆਉਂਦਾ। ਪੁਰਾਣੇ ਸਮੇਂ ਵਿੱਚ ਸਾਉਣ ਦੇ ਮਹੀਨੇ ਵਿੱਚ ਖੀਰ-ਪੂੜੇ ਬਣਾਉਣਾ ਇੱਕ ਸ਼ਗਨ ਮੰਨਿਆ ਜਾਂਦਾ ਸੀ ਤੇ ਬਜ਼ੁਰਗ ਖੀਰ-ਪੂੜੇ ਘਰ ਨਾ ਬਣਨ ਕਰਕੇ ਅਕਸਰ ਕਹਿ ਦਿੰਦੇ ਸਨ;
ਸਾਵਣ ਖੀਰ ਨਾ ਖਾਧੀਆਂ
ਕਿਉਂ ਜੰਮਿਆ ਅਪਰਾਧੀਆ
ਸਾਉਣ ਦੇ ਮਹੀਨੇ ਬੱਚਿਆਂ ਦੀ ਖ਼ੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਹੁੰਦਾ, ਉਹ ਕਿਣ-ਮਿਣ ਬਾਰਸ਼ ਵਿੱਚ ਕੱਪੜੇ ਉਤਾਰ ਕੇ ਦੁੜੰਗੇ ਲਗਾਉਂਦੇ ਤੇ ਕਲੋਲਾਂ ਕਰਦੇ ਬੜੀ ਉੱਚੀ-ਉੱਚੀ ਪੁਕਾਰਦੇ ਹਨ;
* ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਰਸਾ ਦੇ ਜ਼ੋਰੋ ਜ਼ੋਰ।
* ਰੱਬਾ ਰੱਬਾ ਮੀਂਹ ਵਰਸਾ
ਸਾਡੀ ਕੋਠੀ ਦਾਣੇ ਪਾ।
ਪੰਜਾਬੀ ਲੋਕ ਗੀਤਾਂ ਵਿੱਚ ਵੀ ਸਾਉਣ ਦੇ ਮਹੀਨੇ ਦਾ ਬਹੁਤ ਜ਼ਿਕਰ ਆਉਂਦਾ ਹੈ;
ਸਾਉਣ ਦੀ ਝੜੀ ਲੱਗੀ ਸਾਉਣ ਦੀ ਝੜੀ।
ਪੰਜਾਬੀ ਕਵੀ ਹਦਾਇਤਉੱਲਾ ਨੇ ਆਪਣੀ ਕਵਿਤਾ ‘ਬਾਰਹਮਾਹਾ’ ਵਿੱਚ ਸਾਉਣ ਮਹੀਨੇ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ;
ਚੜ੍ਹਦੇ ਸਾਵਣ ਮੀਂਹ ਬਰਸਾਵਣ
ਸਈਆਂ ਪੀਂਘਾਂ ਪਾਈਆਂ ਨੀਂ।
ਕਾਲੀ ਘਟਾ ਸਿਰੇ ਪਰ
ਮੇਰੇ ਜ਼ਾਲਮ ਇਸ਼ਕ ਝੜਾਈਆਂ ਨੀਂ।
ਬਿਜਲੀ ਚਮਕੇ ਬਿਰਹੋਂ ਵਾਲੀ
ਨੈਣਾਂ ਝੜੀਆਂ ਲਾਈਆਂ ਨੀਂ।
ਸੌਖਾ ਇਸ਼ਕ ਹਦਾਇਤ ਦਿਸੇ
ਇਸ ਵਿੱਚ ਸਖ਼ਤ ਬਲਾਈਆਂ ਨੀਂ।
ਸੰਤ ਮੋਤੀ ਰਾਮ ਨੇ ਸਾਉਣ ਮਹੀਨੇ ਦਾ ਜ਼ਿਕਰ ਆਪਣੀ ਕਵੀਸ਼ਰੀ ਵਿੱਚ ਇੰਜ ਕੀਤਾ ਹੈ;
ਸਾਵਣ ਆਇਆ ਸ਼ੌਕ ਕਰਨ ਨੂੰ
ਰੱਬ ਦਾ ਸ਼ੁਕਰ ਨਾ ਕੀਤੋ ਈ।
ਜਿਸ ਸਾਹਿਬ ਤੈਨੂੰ ਪੈਦਾ ਕੀਤਾ
ਉਸ ਦਾ ਨਾਂਅ ਨਾ ਲੀਤੋ ਈ।
‘ਮੋਤੀ ਰਾਮ’ ਤੂੰ ਸਮਝ ਪਿਆਰੇ
ਜਨਮ ਅਕਾਰਥ ਕੀਤੋ ਈ।
ਸਾਉਣ ਮਹੀਨੇ ਦੇ ਗੁਣ ਗਾਉਂਦੀਆਂ ਮੁਟਿਆਰਾਂ ਸਹੇਲੀਆਂ ਨੂੰ ਮਿਲ ਕੇ ਰੱਜਦੀਆਂ ਨਹੀਂ ਜਿਸ ਨੇ ਉਨ੍ਹਾਂ ਦਾ ਮੇਲ ਕਰਵਾਇਆ ਹੁੰਦਾ ਹੈ। ਭਾਦੋਂ ਮਹੀਨੇ ਮੁਟਿਆਰਾਂ ਨੂੰ ਤੀਆਂ ਤੋਂ ਵਿੱਛੜਨ ਦਾ ਬਹੁਤ ਦੁੱਖ ਹੁੰਦਾ ਹੈ। ਇਸੇ ਕਰਕੇ ਸਾਉਣ ਦੇ ਮਹੀਨੇ ਨੂੰ ਆਪਣੇ ਵੀਰਾਂ ਵਾਂਗ ਚੰਗਾ ਤੇ ਭਾਦੋਂ ਨੂੰ ਮਾੜਾ ਕਹਿੰਦੀਆਂ ਹਨ;
ਸਾਉਣ ਵੀਰ ’ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜਾ ਪਾਵੇ।
ਰੱਖੜ ਪੁੰਨਿਆ ਨੂੰ ਇਹ ਤਿਓਹਾਰ ਖ਼ਤਮ ਹੋ ਜਾਂਦਾ ਹੈ ਤੇ ਅਗਲੇ ਸਾਲ ਫਿਰ ਮਿਲਣ ਦੇ ਚਾਅ ਤੇ ਖ਼ੁਸ਼ੀਆਂ ਨਾਲ ਮੁਟਿਆਰਾਂ, ਸਹੇਲੀਆਂ ਇੱਕ ਦੂਜੇ ਤੋਂ ਵਿੱਛੜ ਜਾਂਦੀਆਂ ਹਨ ਤੇ ਕਹਿੰਦੀਆਂ ਹਨ;
ਤੀਆਂ ਤੀਜ ਦੀਆਂ ਵਰ੍ਹੇ ਦਿਨਾਂ ਨੂੰ ਫੇਰ
ਈਮੇਲ: karnailSinghma@gmail.com

Advertisement
Author Image

joginder kumar

View all posts

Advertisement
Advertisement
×