For the best experience, open
https://m.punjabitribuneonline.com
on your mobile browser.
Advertisement

ਆਓ, ਚੰਗੇ ਕਰਮ ਕਮਾਈਏ

10:21 PM Jun 29, 2023 IST
ਆਓ  ਚੰਗੇ ਕਰਮ ਕਮਾਈਏ
Advertisement

ਡਾ. ਰਣਜੀਤ ਸਿੰਘ

Advertisement

ਪੰਜਾਬੀਆਂ ਬਾਰੇ ਇਹ ਪ੍ਰਸਿੱਧ ਹੈ ਕਿ ਇਹ ਮਿਹਨਤੀ ਲੋਕ ਹਨ। ਕਿਰਤ ਕਰਦੇ ਹਨ, ਉਸ ਨੂੰ ਵੰਡ ਕੇ ਛੱਕਦੇ ਅਤੇ ਪਰਮਾਤਮਾ ਦਾ ਸ਼ੁਕਰ ਕਰਦੇ ਹਨ। ਧਰਮ ਕੋਈ ਵੀ ਹੋਵੇ ਸਾਰੇ ਪੰਜਾਬੀ ਬਾਬਾ ਨਾਨਕ ਦੇ ਹੁਕਮਾਂ ਅਨੁਸਾਰ ਆਪਣੇ ਜੀਵਨ ਨੂੰ ਸੇਧ ਦਿੰਦੇ ਹਨ, ਪਰ ਪਿਛਲੇ ਕੁਝ ਸਮੇਂ ਤੋਂ ਇਹ ਵੇਖਿਆ ਜਾ ਰਿਹਾ ਹੈ ਕਿ ਪੰਜਾਬੀ ਆਪਣੇ ਇਨ੍ਹਾਂ ਗੁਣਾਂ ਤੋਂ ਦੂਰ ਹੋ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਬਹੁਗਿਣਤੀ ਖੇਤੀ ਨਾਲ ਸਬੰਧਿਤ ਹੈ ਅਤੇ ਖੇਤੀ ਇੱਕ ਚੰਗੀ ਕਿਰਤ ਹੀ ਹੁੰਦੀ ਹੈ। ਪਰ ਕੁਝ ਪੰਜਾਬੀ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਮਿਲਾਵਟ, ਹੈਂਕੜ ਆਦਿ ਬੁਰਾਈਆਂ ਦਾ ਵਾਧਾ ਹੋ ਰਿਹਾ ਹੈ। ਸਮਾਜ ਵਿੱਚੋਂ ਇਮਾਨਦਾਰੀ ਦੇ ਨਾਲੋਂ ਨਾਲ ਹਮਦਰਦੀ ਵੀ ਖ਼ਤਮ ਹੋ ਰਹੀ ਹੈ।

ਅਸੀਂ ਵਿਖਾਵੇ ਲਈ ਖੁੱਲ੍ਹ ਕੇ ਖਰਚ ਕਰਨ ਲੱਗ ਜਾਂਦੇ ਹਾਂ, ਪਰ ਲੋੜਵੰਦਾਂ ਦੀ ਸਹਾਇਤਾ ਕਰਨ ਤੋਂ ਕੰਨੀਂ ਕਤਰਾਉਣ ਲੱਗ ਪਏ ਹਾਂ। ਕੋਈ ਸਮਾਂ ਸੀ ਜਦੋਂ ਕਿਸੇ ਉਤੇ ਵੀ ਕੋਈ ਮੁਸੀਬਤ ਆਉਂਦੀ ਸੀ ਤਾਂ ਸਾਰਾ ਭਾਈਚਾਰਾ ਉਸ ਦੀ ਸਹਾਇਤਾ ਲਈ ਨਾਲ ਖੜ੍ਹਾ ਹੁੰਦਾ ਸੀ। ਜਿਸ ਕੋਲ ਵਸੀਲੇ ਹੁੰਦੇ ਸਨ ਉਹ ਲੋੜਵੰਦਾਂ ਦੀ ਸਭ ਤੋਂ ਵੱਧ ਸਹਾਇਤਾ ਕਰਦਾ ਸੀ। ਹੁਣ ਇਸ ਦੇ ਉਲਟ ਹੋ ਰਿਹਾ ਹੈ। ਜਿਵੇਂ ਜਿਵੇਂ ਕਿਸੇ ਕੋਲ ਵਸੀਲੇ ਵਧਦੇ ਹਨ ਉਹ ਲੋੜਵੰਦਾਂ ਦੀ ਸਹਾਇਤਾ ਕਰਨ ਤੋਂ ਕੰਨੀਂ ਕਤਰਾਉਣ ਲੱਗ ਪੈਂਦਾ ਹੈ। ਉਸ ਵਿੱਚੋਂ ਹਮਦਰਦੀ ਸ਼ਬਦ ਮਨਫ਼ੀ ਹੋਣ ਲੱਗਦਾ ਹੈ। ਸ਼ਾਇਦ ਇਸੇ ਕਰਕੇ ਪੰਜਾਬ ਵਿੱਚ ਗ਼ਰੀਬ ਲੋਕ ਖ਼ੁਦਕੁਸ਼ੀ ਕਰਨ ਲਈ ਵਧੇਰੇ ਮਜਬੂਰ ਹੋ ਰਹੇ ਹਨ। ਗ਼ਰੀਬ ਦੀ ਬਾਂਹ ਫੜਨ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਹੁਸ਼ਿਆਰ ਪਰ ਗਰੀਬ ਬੱਚੇ ਪੜ੍ਹਾਈ ਤੋਂ ਦੂਰ ਹੋਣ ਲਈ ਮਜਬੂਰ ਹੋ ਰਹੇ ਹਨ।

ਅੰਗਰੇਜ਼ੀ ਵਿੱਚ ਦੋ ਸ਼ਬਦ ਹਨ ‘sympathy’ ਅਤੇ ’empathy’। ਹਮਦਰਦੀ ਬਾਰੇ ਪੰਜਾਬੀ ਜਾਣਦੇ ਹਨ ਭਾਵੇਂ ਕਿ ਬਹੁਗਿਣਤੀ ਇਸ ਭਾਵਨਾ ਤੋਂ ਵੀ ਦੂਰ ਹੋ ਰਹੀ ਹੈ। ਸੜਕ ਵਿੱਚ ਹੋਏ ਹਾਦਸੇ ਲਈ ਮਦਦ ਕਰਨ ਨੂੰ ਸਾਈਕਲ ਸਵਾਰ ਤਾਂ ਜ਼ਰੂਰ ਖੜ੍ਹਾ ਹੋ ਜਾਵੇਗਾ, ਪਰ ਕਾਰ ਵਾਲਾ ਕੋਈ ਘਟ ਵੱਧ ਹੀ ਬਰੇਕ ਮਾਰਦਾ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਭਾਈਚਾਰੇ ਦੀ ਭਾਵਨਾ ਨੂੰ ਠੇਸ ਪੁੱਜਦੀ ਹੈ ਅਤੇ ਰਿਸ਼ਤਿਆਂ ਦਾ ਨਿੱਘ ਘੱਟ ਹੋਣ ਲੱਗਦਾ ਹੈ। ਜਿੱਥੋਂ ਤੱਕ empathy ਸ਼ਬਦ ਦਾ ਸਬੰਧ ਹੈ, ਪੰਜਾਬੀਆਂ ਵਿੱਚ ਇਸ ਦੀ ਘਾਟ ਰੜਕਦੀ ਹੈ। ਅਸਲ ਵਿੱਚ ਪੰਜਾਬੀ ਸ਼ਬਦ ਕੋਸ਼ ਵਿੱਚ ਇਸ ਲਈ ਕੋਈ ਦੂਜਾ ਸ਼ਬਦ ਨਹੀਂ ਹੈ। ਸਾਰਿਆਂ ਵਿੱਚ ਇਸ ਦਾ ਅਨੁਵਾਦ ਹਮਦਰਦੀ ਹੀ ਕੀਤਾ ਹੈ। ਇਸ ਸ਼ਬਦ ਦਾ ਅਨੁਵਾਦ ਕਰਦਿਆਂ ਅਹਿਸਾਸ ਜਾਂ ਮਹਿਸੂਸਤਾ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਦਾ ਭਾਵ ਹੈ ਕਿ ਜਦੋਂ ਅਸੀਂ ਕੋਈ ਕਰਮ ਕਰਦੇ ਹਾਂ ਤਾਂ ਉਦੋਂ ਇਹ ਮਹਿਸੂਸ ਕਰਨਾ ਕਿ ਜੇਕਰ ਕੋਈ ਮੇਰੇ ਨਾਲ ਅਜਿਹਾ ਕਰੇ ਤਾਂ ਮੈਨੂੰ ਕਿਵੇਂ ਮਹਿਸੂਸ ਹੋਵੇਗਾ। ਪੰਜਾਬੀ ਇਸ ਗੁਣ ਤੋਂ ਬਿਲਕੁਲ ਹੀ ਦੂਰ ਹੋ ਰਹੇ ਹਨ।

ਅਸੀਂ ਕੇਵਲ ਆਪਣੇ ਬਾਰੇ ਹੀ ਸੋਚਦੇ ਹਾਂ। ਲਈਨ ਵਿੱਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਨਾ ਕਰਨੀ, ਅੱਗੇ ਲੰਘਣ ਲਈ ਧੱਕੇ ਮਾਰਨੇ, ਪੈਸੇ ਕਮਾਉਣ ਲਈ ਰਿਸ਼ਵਤ ਮੰਗਣੀ, ਮਿਲਾਵਟ ਕਰਨੀ, ਦੂਜਿਆਂ ਦਾ ਹੱਕ ਮਾਰਨਾ ਆਮ ਜਿਹਾ ਬਣਦਾ ਜਾ ਰਿਹਾ ਹੈ। ਅਜਿਹਾ ਕਰਦੇ ਸਮੇਂ ਅਸੀਂ ਗੁਰੂ ਨਾਨਕ ਸਾਹਿਬ ਦੇ ਤਿੰਨਾਂ ਹੀ ਉਪਦੇਸ਼ਾਂ ਨੂੰ ਭੁੱਲ ਜਾਂਦੇ ਹਨ। ਕਿਰਤ ਉਹ ਹੁੰਦੀ ਹੈ ਜੋ ਇਮਾਨਦਾਰੀ ਨਾਲ ਕੀਤੀ ਜਾਵੇ। ਵੰਡ ਛਕਣ ਵਾਲਾ, ਹੇਰਾ-ਫੇਰੀ, ਮਿਲਾਵਟ, ਬੇਈਮਾਨੀ ਆਦਿ ਨਹੀਂ ਕਰਦਾ। ਜਿਹੜਾ ਅਜਿਹੇ ਕਰਮ ਕਰਦਾ ਹੈ ਉਹ ਨਾਮ ਨਹੀਂ ਜਪ ਸਕਦਾ। ਜੇਕਰ ਕੋਈ ਜਪਦਾ ਹੈ ਤਾਂ ਵਿਖਾਵਾ ਕਰਦਾ ਹੈ। ਨਾਮ ਜਪਣ ਵਾਲਾ ਹਮੇਸ਼ਾਂ ਰਹਿਮ ਦਿਲ ਸੱਚਾ ਤੇ ਸੁੱਚਾ ਜੀਵਨ ਜਿਉਣ ਦਾ ਯਤਨ ਕਰਦਾ ਹੈ। ਪੰਜਾਬ ਕਦੇ ਦੇਸ਼ ਦਾ ਸਭ ਤੋਂ ਵੱਧ ਵਿਕਸਤ ਸੂਬਾ ਮੰਨਿਆ ਜਾਂਦਾ ਸੀ। ਭਾਰਤ ਵਿੱਚੋਂ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚੋਂ ਸਮਾਜਿਕ ਵਿਗਿਆਨੀ ਇਸ ਚਮਤਕਾਰ ਦਾ ਅਧਿਐਨ ਕਰਨ ਆਉਂਦੇ ਸਨ। ਉਹ ਕਈ ਕਈ ਮਹੀਨੇ ਆਮ ਘਰਾਂ ਵਿੱਚ ਰਹਿ ਕੇ ਪੰਜਾਬੀ ਗੁਣਾਂ ਦੀ ਘੋਖ ਕਰਦੇ ਸਨ। ਪੰਜਾਬੀਆਂ ਨੇ 1947 ਵਿੱਚ ਹੋਈ ਬਰਬਾਦੀ ਅਤੇ ਉਜਾੜੇ ਵਿੱਚੋਂ ਸਭ ਕੁਝ ਗੁਆ ਕੇ ਮਿਹਨਤ ਕਰਕੇ ਆਪਣੇ ਆਪ ਨੂੰ ਪੈਰਾਂ ਉਤੇ ਹੀ ਖੜ੍ਹਾ ਨਹੀਂ ਕੀਤਾ ਸਗੋਂ ਅਗਾਂਹ ਵਧਣ ਲਈ ਇੱਕ ਦੂਜੇ ਨਾਲ ਸਕਾਰਾਤਮਕ ਮੁਕਾਬਲਾ ਵੀ ਕੀਤਾ। ਪਰ ਹੁਣ ਇਹ ਗੁਣ ਵਿਸਾਰੇ ਜਾ ਰਹੇ ਹਨ।

ਪੰਜਾਬੀ ਕਿਰਤ ਤੋਂ ਦੂਰ ਹੋ ਰਹੇ ਹਨ। ਨਵੀਂ ਪੀੜ੍ਹੀ ਤਾਂ ਖੇਤਾਂ ਅਤੇ ਰਸੋਈ ਘਰਾਂ ਤੋਂ ਦੂਰ ਹੋ ਰਹੀ ਹੈ ਅਤੇ ਦੂਜੇ ਸੂਬਿਆਂ ਤੋਂ ਆਏ ਕਾਮਿਆਂ ਉਤੇ ਨਿਰਭਰ ਹੋ ਰਹੇ ਹਨ। ਜਿਹੜੇ ਕਦੇ ਪੰਜਾਬੀਆਂ ਦੇ ਗੁਣ ਸਨ, ਹੁਣ ਬਾਹਰੋਂ ਆਏ ਕਾਮੇ ਪੰਜਾਬ ਵਿੱਚ ਰਹਿ ਕੇ ਪੰਜਾਬੀਆਂ ਤੋਂ ਇਹ ਇਹ ਗੁਣ ਸਿੱਖ ਕੇ ਇਨ੍ਹਾਂ ਅਨੁਸਾਰ ਕਾਰਜ ਕਰ ਰਹੇ ਹਨ। ਹੁਣ ਉਨ੍ਹਾਂ ਦਾ ਸਾਰਾ ਟੱਬਰ ਚੰਗੇ ਭਵਿੱਖ ਲਈ ਦਿਨ ਰਾਤ ਮਿਹਨਤ ਕਰਨ ਲੱਗ ਪਿਆ ਹੈ। ਪੰਜਾਬ ਵਿੱਚ ਧਾਰਮਿਕ ਸਥਾਨਾਂ ਅਤੇ ਧਰਮ ਦੇ ਪ੍ਰਚਾਰਕਾਂ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਹੈ, ਪਰ ਉਨ੍ਹਾਂ ਨੇ ਪੰਜਾਬੀਆਂ ਦੇ ਗੁਣਾਂ ਨੂੰ ਪਰਿਪੱਕ ਕਰਨ ਅਤੇ ਇਸ ਵਿੱਚ ਹੋਰ ਵਾਧਾ ਕਰਨ ਦੇ ਯਤਨਾਂ ਦੀ ਥਾਂ ਉਨ੍ਹਾਂ ਨੂੰ ਕਰਮ ਕਾਂਡਾ ਵਿੱਚ ਉਲਝਾਇਆ ਹੈ। ਕਿਰਤ ਕਰਨ ਅਤੇ ਵੰਡ ਛਕਣ ਦਾ ਪਾਠ ਪੜ੍ਹਾਉਣ ਦੀ ਥਾਂ ਸੁੱਖਾਂ ਸੁੱਖਣ ਨਾਲ ਪ੍ਰਾਪਤੀਆਂ ਦੇ ਰਾਹੇ ਪਾਇਆ ਹੈ।

ਜਦੋਂ ਕਿਸੇ ਮਨੁੱਖ ਵਿੱਚੋਂ ਅਹਿਸਾਸ ਕਰਨ ਦੀ ਘਾਟ ਆ ਜਾਵੇ ਤਾਂ ਉਹ ਕੇਵਲ ਆਪਣੇ ਬਾਰੇ ਹੀ ਸੋਚਦਾ ਹੈ, ਦੂਜੇ ਦੇ ਦਰਦ ਨੂੰ ਸਮਝਣਾ ਉਹ ਬੇਵਕੂਫੀ ਮੰਨਦਾ ਹੈ। ਇਸ ਨਾਲ ਹਰ ਪਾਸੇ ਆਪਾਧਾਪੀ ਵਿੱਚ ਵਾਧਾ ਹੁੰਦਾ ਹੈ। ਸਮਾਜਿਕ ਬੁਰਾਈਆਂ ਸਿਰ ਚੁੱਕਣ ਲੱਗਦੀਆਂ ਹਨ ਅਤੇ ਰਿਸ਼ਤਿਆਂ ਵਿੱਚ ਕਮਜ਼ੋਰੀ ਆਉਂਦੀ ਹੈ। ਨਿੱਤ ਆਪਣਿਆਂ ਹੱਥੋਂ ਆਪਣਿਆਂ ਦੇ ਕਤਲ ਦੀਆਂ ਵਾਰਦਾਤਾਂ ਸੁਣਨ ਨੂੰ ਮਿਲਣ ਲੱਗ ਪਈਆਂ ਹਨ। ਲੋਕਾਈ ਨੂੰ ਸਿੱਧੇ ਰਾਹ ਪਾਉਣ ਵਾਲਾ ਕੋਈ ਨਹੀਂ ਹੈ। ਸਾਡੇ ਆਗੂ ਕੇਵਲ ਆਪਣੇ ਬਾਰੇ ਹੀ ਸੋਚਦੇ ਹਨ। ਆਪਣੀ ਭਲਾਈ ਲਈ ਉਹ ਲੋਕਾਈ ਨੂੰ ਕੁਰਾਹੇ ਪਾ ਰਹੇ ਹਨ। ਇਸ ਵਿੱਚ ਕੇਵਲ ਰਾਜਨੀਤਕ ਆਗੂ ਹੀ ਨਹੀਂ ਸਗੋਂ ਧਾਰਮਿਕ ਆਗੂ ਅਤੇ ਸਮਾਜ ਸੁਧਾਰਕ ਵੀ ਸ਼ਾਮਲ ਹਨ।

ਜਿਹੜਾ ਸਮਾਜ ਅਤੇ ਮਾਹੌਲ ਢਾਈ ਸਦੀਆਂ ਦੇ ਪ੍ਰਚਾਰ, ਬੇਅੰਤ ਕੁਰਬਾਨੀਆਂ ਦੇ ਕੇ ਸਿਰਜਿਆ ਸੀ ਉਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਸਾਡੇ ਆਗੂਆਂ ਨੂੰ ਮਾਇਆ ਜਾਲ ਵਿੱਚੋਂ ਨਿਕਲ ਕੇ ਵਿਗੜ ਰਹੇ ਸਮਾਜ ਨੂੰ ਸੰਭਾਲਣ ਦੀ ਲੋੜ ਹੈ। ਸੁੱਖ ਸਹੂਲਤਾਂ ਅਤੇ ਮਾਇਆ ਨਾਲ ਨਹੀਂ ਜਾਣੀ ਸਗੋਂ ਖਾਲੀ ਹੱਥ ਹੀ ਜਾਣਾ ਪੈਂਦਾ ਹੈ। ਪਿੱਛੇ ਕੇਵਲ ਗੁਣਾਂ ਦੀ ਹੀ ਚਰਚਾ ਹੁੰਦੀ ਹੈ, ਜੇਕਰ ਅੱਗੇ ਕੋਈ ਕਚਹਿਰੀ ਹੈ, ਉੱਥੇ ਵੀ ਇਨ੍ਹਾਂ ਗੁਣਾਂ ਦੀ ਹੀ ਕਦਰ ਪੈਂਦੀ ਹੈ। ਰੰਗਲਾ ਪੰਜਾਬ ਬਣਾਉਣ ਲਈ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਅਪਣਾਉਣ ਦੀ ਲੋੜ ਹੈ। ਹਮਦਰਦੀ ਅਤੇ ਅਹਿਸਾਸਤਾ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ। ਅਜਿਹਾ ਉਦੋਂ ਹੀ ਹੋ ਸਕਦਾ ਹੈ ਜੇਕਰ ਕਿਰਤ ਕੀਤੀ ਜਾਵੇ, ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਕਾਦਰ ਅਤੇ ਕੁਦਰਤ ਨੂੰ ਹਮੇਸ਼ਾਂ ਆਪਣੇ ਅੰਗ ਸੰਗ ਸਮਝਿਆ ਜਾਵੇ।

ਦੂਜੇ ਦੇ ਦੁੱਖ ਦਰਦ ਨੂੰ ਸਮਝਣਾ ਹੀ ਇਨਸਾਨੀਅਤ ਹੈ। ਇਸੇ ਗੁਣ ਨਾਲ ਹੀ ਭਾਈਚਾਰਾ ਮਜ਼ਬੂਤ ਅਤੇ ਮਿਸਾਲੀ ਬਣਦਾ ਹੈ। ਜੇਕਰ ਵਿਕਸਤ ਦੇਸ਼ਾਂ ਵੱਲ ਝਾਤੀ ਮਾਰੀਏ ਉੱਥੋਂ ਦੇ ਰਹਿਣ ਵਾਲੇ ਰੋਜ਼ਾਨਾ ਜੀਵਨ ਵਿੱਚ ਦੋ ਸ਼ਬਦ sorry Aਤੇ Thanks ਦੀ ਸਭ ਤੋਂ ਵਧ ਵਰਤੋਂ ਕਰਦੇ ਹਨ। ਵੈਸੇ ਤਾਂ ਉਹ ਕਿਸੇ ਦਾ ਨੁਕਸਾਨ ਕਰਨ ਜਾਂ ਤਕਲੀਫ਼ ਪਹੁੰਚਾਉਣ ਤੋਂ ਗੁਰੇਜ਼ ਕਰਦੇ ਹਨ, ਪਰ ਜੇਕਰ ਗ਼ਲਤੀ ਨਾਲ ਅਜਿਹਾ ਹੋ ਜਾਵੇ ਤਾਂ ਝੱਟ ਮੁਆਫ਼ੀ ਮੰਗ ਲੈਂਦੇ ਹਨ। ਦੂਜੇ ਵੱਲੋਂ ਕੀਤੀ ਮਾਮੂਲੀ ਸਹਾਇਤਾ ਲਈ ਵੀ ਝੱਟ ਧੰਨਵਾਦ ਕਰਦੇ ਹਨ। ਹਮੇਸ਼ਾਂ ਮੁਸਕਰਾ ਕੇ ਗੱਲ ਕਰਦੇ ਹਨ ਅਤੇ ਚਿਹਰੇ ਉਤੇ ਮੁਸਕੁਰਾਹਟ ਰਹਿੰਦੀ ਹੈ। ਮੁਸਕੁਰਾਹਟ ਅਤੇ ਬਾਣੀ ਦੇ ਗੁਣ ਕੇਵਲ ਇਨਸਾਨ ਨੂੰ ਵੀ ਬਖ਼ਸ਼ਿਸ਼ ਹੋਏ ਹਨ। ਇਨ੍ਹਾਂ ਦੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਵਰਤੋਂ ਕਰਨੀ ਚਾਹੀਦੀ ਹੈ। ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਦੂਜਿਆਂ ਬਾਰੇ ਸੋਚਣਾ ਚਾਹੀਦਾ ਹੈ। ਜੇਕਰ ਕੋਈ ਮਿਲਾਵਟ ਕਰਦਾ ਹੈ ਤਾਂ ਉਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਉਸ ਨੂੰ ਇਹ ਵਸਤ ਖਾਣੀ ਪਵੇ ਤਾਂ ਕੀ ਉਹ ਖਾ ਲਵੇਗਾ। ਜਦੋਂ ਅਸੀਂ ਅਜਿਹਾ ਸੋਚਾਂਗੇ ਤਾਂ ਸਾਡੀ ਜ਼ਮੀਰ ਸਾਨੂੰ ਕਦੇ ਵੀ ਕੋਈ ਗ਼ਲਤ ਕਾਰਜ ਕਰਨ ਦੀ ਆਗਿਆ ਨਹੀਂ ਦੇਵੇਗੀ।

ਮਨੁੱਖ ਇੱਕ ਸਮਾਜਿਕ ਜੀਵ ਹੈ। ਸਮਾਜ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਹੀ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਕਿਸੇ ਦੇ ਸੁੱਖ ਜਾਂ ਤਰੱਕੀ ਨੂੰ ਵੇਖ ਈਰਖਾ ਕਰਨ ਦੀ ਥਾਂ ਖੁਸ਼ ਹੋਵੋ ਅਤੇ ਸਾਰਿਆਂ ਦਾ ਭਲਾ ਮੰਗੋ। ਚੜ੍ਹਦੀ ਕਲਾ ਅਤੇ ਸਰਬੱਤ ਦਾ ਭਲਾ ਕੇਵਲ ਅਰਦਾਸ ਵੇਲੇ ਹੀ ਨਾ ਮੰਗਿਆ ਜਾਵੇ ਸਗੋਂ ਇਸ ਨੂੰ ਜੀਵਨ ਦਾ ਅੰਗ ਬਣਾਇਆ ਜਾਵੇ। ਦੂਜਿਆਂ ਨੂੰ ਸਮਝਣ ਲਈ ਸੁਣਨ ਦੀ ਆਦਤ ਪਾਈਏ। ਹੁਣ ਸੁਣਨ ਦੀ ਆਦਤ ਖ਼ਤਮ ਹੋ ਰਹੀ ਹੈ। ਕੁਝ ਸਾਲ ਪਹਿਲਾਂ ਤੱਕ ਬਚਪਨ ਵਿੱਚ ਹੀ ਸੁਣਨ ਦੀ ਆਦਤ ਪੈ ਜਾਂਦੀ ਸੀ ਜਦੋਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦਾਦੀ ਤੋਂ ਬਾਤਾਂ ਜਾਂ ਕਹਾਣੀਆਂ ਸੁਣਦੇ ਸਾਂ। ਹਮਦਰਦੀ ਕੇਵਲ ਵਿਖਾਵੇ ਲਈ ਨਹੀਂ ਹੋਣੀ ਚਾਹੀਦੀ। ਇਹ ਤੁਹਾਡੀਆਂ ਅੱਖਾਂ ਅਤੇ ਸਰੀਰ ਵਿੱਚੋਂ ਝਲਕਣੀ ਚਾਹੀਦੀ ਹੈ। ਇਸੇ ਤਰ੍ਹਾਂ ਮੁਆਫ਼ੀ ਜਾਂ ਧੰਨਵਾਦ ਦੀ ਝਲਕ ਵੀ ਚਿਹਰੇ ਅਤੇ ਸਰੀਰਕ ਹਾਵ ਭਾਵ ਵਿੱਚੋਂ ਮਿਲਣੀ ਚਾਹੀਦੀ ਹੈ। ਬੋਲਬਾਣੀ ਮਿੱਠੀ ਚਾਹੀਦੀ ਹੈ, ਪਰ ਇਹ ਵਿਖਾਵੇ ਲਈ ਮਿੱਠੀ ਨਹੀਂ ਸਗੋਂ ਸੱਚਮੁੱਚ ਮਿੱਠੀ ਹੋਣੀ ਚਾਹੀਦੀ ਹੈ। ਮਿੱਠੀ ਬਾਣੀ ਰਿਸ਼ਤੇ ਜੋੜਦੀ ਹੈ ਜਦੋਂ ਕਿ ਬੁਰੀ ਬਾਣੀ ਰਿਸ਼ਤੇ ਤੋੜਦੀ ਹੈ। ਹਮੇਸ਼ਾਂ ਦੂਜਿਆਂ ਦੇ ਕੰਮ ਆਉਣਾ ਚਾਹੀਦਾ ਹੈ। ਕਿਸੇ ਸੰਗੀ ਸਾਥੀ ਨੂੰ ਮੁਸੀਬਤ ਵਿੱਚ ਫਸੇ ਨੂੰ ਵੇਖ ਕੇ ਖੁਸ਼ ਹੋਣ ਦੀ ਥਾਂ ਉਸ ਦੀ ਸਹਾਇਤਾ ਕਰੀਏ। ਨਿਮਰਤਾ ਅਤੇ ਸੰਤੋਖ ਮਨੁੱਖ ਦੇ ਗਹਿਣੇ ਹੁੰਦੇ ਹਨ, ਉਹ ਦੂਜਿਆਂ ਦੇ ਦੁੱਖ ਦਰਦ ਨੂੰ ਵੀ ਸਮਝ ਸਕਦਾ ਹੈ ਅਤੇ ਕਦੇ ਵੀ ਕੋਈ ਅਜਿਹਾ ਕਾਰਜ ਨਹੀਂ ਕਰਦਾ ਜਿਸ ਨਾਲ ਕਿਸੇ ਦੇ ਮਨ ਨੂੰ ਠੇਸ ਪੁੱਜੇ ਜਾਂ ਉਸ ਦਾ ਕੋਈ ਨੁਕਸਾਨ ਹੋਵੇ। ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਵੱਲ ਮੁੜ ਮੋੜਾ ਪਾਉਣ ਦੀ ਲੋੜ ਹੈ ਤਾਂ ਜੋ ਆਪਣੇ ਪੰਜਾਬ ਨੂੰ ਮੁੜ ਸਹੀ ਅਰਥਾਂ ਵਿੱਚ ਪੰਜਾਬ ਬਣਾਇਆ ਜਾ ਸਕੇ।

Advertisement
Tags :
Advertisement
Advertisement
×