ਮੁੰਬਈ ਫ਼ਿਲਮ ਮੇਲੇ ਦਾ ਰੰਗਾਰੰਗ ਆਗਾਜ਼
ਮੁੰਬਈ: ਦਸ ਰੋਜ਼ਾ ਜੀਓ ਮਾਮੀ ਮੁੰਬਈ ਫਿਲਮ ਫੈਸਟੀਵਲ 2023 ਸ਼ੁਰੂ ਹੋ ਗਿਆ ਹੈ। ਇਸ ਦਾ ਉਦਘਾਟਨੀ ਸਮਾਗਮ ਸ਼ੁੱਕਰਵਾਰ ਰਾਤੀ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਵਿੱਚ ਹੋਇਆ ਜਿਸ ਵਿਚ ਕਮਲ ਹਾਸਨ, ਮਣੀ ਰਤਨਮ ਤੇ ਪ੍ਰਿਯੰਕਾ ਚੋਪੜਾ ਨੇ ਵੀ ਸ਼ਿਰਕਤ ਕੀਤੀ। ਇਹ ਫਿਲਮ ਮੇਲਾ ਤਿੰਨ ਸਾਲਾਂ ਦੇ ਵਕਫੇ ਮਗਰੋਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਫਿਲਮ ਨਿਰਮਾਤਾ ਕਰਨ ਜੌਹਰ, ਹੰਸਲ ਮਹਿਤਾ, ਵਿਸ਼ਾਲ ਭਾਰਦਵਾਜ ਅਤੇ ਉਸ ਦੀ ਪਤਨੀ ਰੇਖਾ ਭਾਰਦਵਾਜ, ਜ਼ੋਇਆ ਅਖਤਰ ਅਤੇ ਨਿਰਮਾਤਾ ਏਕਤਾ ਕਪੂਰ ਸ਼ਾਮਲ ਹੋਏ। ਇਸ ਤੋਂ ਇਲਾਵਾ ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ, ਰਾਜਕੁਮਾਰ ਰਾਓ, ਉਸ ਦੀ ਪਤਨੀ ਪੱਤਰਲੇਖਾ, ਭੂਮੀ ਪੇਡਨੇਕਰ, ਸੋਨਮ ਕਪੂਰ, ਕ੍ਰਿਸ਼ਮਾ ਕਪੂਰ, ਬਾਬਿਲ ਖਾਨ ਤੇ ਅਰਜੁਨ ਰਾਮਪਾਲ ਆਦਿ ਵੀ ਹਾਜ਼ਰ ਹੋਏ। ਮੁੰਬਈ ਫਿਲਮ ਮੇਲੇ ਦੀ ਚੇਅਰਪਰਸਨ ਪ੍ਰਿਯੰਕਾ ਚੋਪੜਾ ਇਸ ਸਮਾਗਮ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਈ। ਇਸ ਮੌਕੇ ਕਰੀਨਾ ਦੀ ਫਿਲਮ ‘ਦਿ ਬਕਿੰਘਮ ਮਰਡਰਸ’ ਫੈਸਟੀਵਲ ਦੀ ਸ਼ੁਰੂਆਤੀ ਫਿਲਮ ਵਜੋਂ ਦਿਖਾਈ ਗਈ। ਇਸ ਦੌਰਾਨ ਮਣੀ ਰਤਨਮ ਅਤੇ ਲੂਕਾ ਗੁਆਡਾਗਨੀਨੋ ਨੂੰ ਸਨਿੇਮਾ ਦੀ ਦੁਨੀਆ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਐਕਸੀਲੈਂਸ ਇਨ ਸਨਿੇਮਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾਇਮੈਂਸ਼ਨਜ਼ ਮੁੰਬਈ ਗੋਲਡ ਐਵਾਰਡ ਲਘੂ ਫਿਲਮ ‘ਨਾਈਟੈਂਗਲਜ਼ ਇਨ ਦਿ ਕੋਕੂਨ’ ਨੂੰ ਜਦਕਿ ਡਾਇਮੈਂਸ਼ਨਜ਼ ਮੁੰਬਈ ਸਿਲਵਰ ਐਵਾਰਡ ‘ਹਾਫਵੇਅ’ ਨੂੰ ਦਿੱਤਾ ਗਿਆ। ਪ੍ਰਕਾਸ਼ ਮੁਗਦਮ ਦੀ ‘ਮਹਾਤਮਾ ਆਨ ਸੈਲੂਲੋਇਡ: ਏ ਸਨਿੇਮੈਟਿਕ ਬਾਇਓਗ੍ਰਾਫੀ’ ਨੂੰ ਬੁੱਕ ਆਨ ਸਨਿੇਮਾ ਐਵਾਰਡ ਦਿੱਤਾ ਗਿਆ। ਦੂਜੇ ਪਾਸੇ ਅਰੁਣਾ ਵਾਸੂਦੇਵ, ਨਸਰੀਨ ਮੁੰਨੀ ਕਬੀਰ ਤੇ ਉਮਾ ਡਾ ਕੁਨਹਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤੇ ਗਏ। -ਪੀਟੀਆਈ