ਅਨੂਠੇ ਰੰਗ ਦੀ ਵਾਰਤਕ
ਪ੍ਰੋ. (ਡਾ.) ਸਤਨਾਮ ਸਿੰਘ ਜੱਸਲ
ਪੁਸਤਕ ਚਰਚਾ
ਡਾਕਟਰ ਕਰਨੈਲ ਸਿੰਘ ਸੋਮਲ ਪੰਜਾਬੀ ਸਾਹਿਤ ਅਤੇ ਖ਼ਾਸ ਕਰਕੇ ਪੰਜਾਬੀ ਵਾਰਤਕ ਵਿੱਚ ਜਾਣਿਆ-ਪਛਾਣਿਆ ਨਾਂ ਹੈ। ਉਸ ਨੇ ਹੁਣ ਤੱਕ ਸਾਹਿਤਕ ਨਿਬੰਧ ਦੀਆਂ ਤੇਰਾਂ ਪੁਸਤਕਾਂ, ਖੋਜ ਖੇਤਰ ਵਿੱਚ ਚਾਰ, ਇੱਕ ਸਵੈ-ਜੀਵਨੀ, ਇੱਕ ਸਫ਼ਰਨਾਮਾ, ਬਾਲ ਸਾਹਿਤ ਦੀਆਂ 44 ਪੁਸਤਕਾਂ, ਬਾਲਾਂ ਲਈ ਸਿੱਖ ਸੰਥਾਵਲੀ ਪੰਜ ਭਾਗਾਂ ਵਿੱਚ ਅਤੇ ਇਸ ਦੇ ਨਾਲ ਹੀ ਸਕੂਲੀ ਵਿਦਿਆਰਥੀਆਂ ਲਈ ਰੌਚਿਕ ਪੰਜਾਬੀ ਵਿਆਕਰਨ ਅਤੇ ਲੇਖ ਰਚਨਾ, ਨਿਵੇਕਲੇ ਪੰਜਾਬੀ ਲੇਖ ਆਦਿ ਸਿਰਜਨਾਵਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਕਰਨੈਲ ਸਿੰਘ ਸੋਮਲ ਨੇ ਆਪਣੇ ਵਿਚਾਰ ਪ੍ਰਗਟਾਉਣ ਲਈ ਵਾਰਤਕ ਵਿਧਾ ਨੂੰ ਪ੍ਰਮੁੱਖ ਰੂਪ ਵਿੱਚ ਅਪਣਾਇਆ। ਉਸ ਅਨੁਸਾਰ ਕੋਈ ਅੰਦਰਲੀ ਪਿਆਸ ਸੀ, ਇੱਕ ਤਲਾਸ਼ ਸੀ ਜਿਹੜੀ ਲਿਖਣ ਲਈ ਪ੍ਰੇਰਦੀ ਰਹੀ। ਉਹ ਇਹ ਵੀ ਮੰਨਦਾ ਹੈ ਕਿ ਲਿਖੇ ਦਾ ਸਭ ਤੋਂ ਵੱਧ ਲਾਭ, ਰੂਹ ਦੇ ਰੱਜ ਵਜੋਂ ਖ਼ੁਦ ਨੂੰ ਹੀ ਹੋਇਆ। ਸੁੰਦਰਤਾ ਦੀਆਂ ਗੱਲਾਂ ਕੀਤੀਆਂ ਤਾਂ ਇਸ ਦੇ ਲਿਸ਼ਕਾਰੇ ਥਾਂ-ਥਾਂ ਮਿਲਦੇ ਗਏ। ਉਦਾਸੀ ’ਚੋਂ ਉੱਭਰਨ ਲਈ ਆਪਣੀਆਂ ਹੀ ਲਿਖਤਾਂ ਵਿੱਚੋਂ ਕਿੰਨੇ ਹੀ ਸੰਕੇਤ ਤੇ ਸੁਝਾਅ ਮਿਲੇ। ਸ਼ਬਦ ਦੀ ਸ਼ਕਤੀ ਦਾ ਕੋਈ ਲੇਖਾ ਨਹੀਂ ਸੀ। ਡਾ. ਕਰਨੈਲ ਸਿੰਘ ਸੋਮਲ ਨੇ ‘ਅਸੀਂ ਵੀ ਦੇਖ ਲਈ ਇਹ ਦੁਨੀਆ’ ਦੀ ਸਿਰਜਨ ਪ੍ਰਕਿਰਿਆ ਬਾਰੇ ਲਿਖਿਆ ਹੈ ਕਿ ਇਸ ਪੁਸਤਕ ਨੂੰ ਛਪਵਾਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਉਸ ਕੋਲ ‘ਮੈਂ ਵੀ ਬੋਲਾਂ ਤੂੰ ਵੀ ਬੋਲ’ ਪੁਸਤਕ ਛਪਣ ਪਿੱਛੋਂ ਬਚੇ ਕੁਝ ਲੇਖ ਸੰਭਾਲੇ ਹੋਏ ਸਨ। ਦੂਜਾ ਕਾਰਨ ਇਹ ਸੀ ਕਿ ਪੂਰੇ ਲਿਖਣ ਸਫ਼ਰ ਦਾ ਇੱਕ ਖ਼ਾਕਾ ਜਿਹਾ ਜ਼ਰੂਰ ਸਾਂਝਾ ਕੀਤਾ ਜਾਵੇ। ਇਸ ਦੇ ਨਾਲ ਹੀ ਇੱਕ ਕਾਰਨ ਹੋਰ ਜੁੜ ਗਿਆ ਕਿ ਜਦੋਂ ਲੇਖਕ ਪਾਠ-ਪੁਸਤਕਾਂ ਦੀ ਸਮੱਗਰੀ ਦੀ ਭਾਲ ਵਿੱਚ ਪ੍ਰਸਿੱਧ ਲੇਖਕਾਂ ਦੀਆਂ ਪ੍ਰਕਾਸ਼ਨਾਵਾਂ ਫਰੋਲਦਾ ਸੀ ਤਾਂ ਉਸ ਨੂੰ ਲਿਖਤਾਂ ਬਾਰੇ ਲੋੜੀਂਦੀ ਸੂਚਨਾ ਘੱਟ ਮਿਲਦੀ ਸੀ। ਲਿਖਤਾਂ ਬਾਰੇ ਅਜਿਹੀ ਜਾਣਕਾਰੀ ਦੇਣ ਦੀ ਚਾਹਨਾ ਸਦਕਾ ਇਹ ਪੁਸਤਕ ਹੋਂਦ ਵਿੱਚ ਆਈ। ਇਸ ਚਰਚਾ ਦਾ ਮਨੋਰਥ ਇਹ ਹੈ ਕਿ ਪੁਸਤਕ ‘ਅਸੀਂ ਵੀ ਦੇਖ ਲਈ ਇਹ ਦੁਨੀਆ’ (ਕੀਮਤ: 250 ਰੁਪਏ; ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ) ਦੀ ਸਿਰਜਨਾ ਵਿੱਚ ਡਾਕਟਰ ਸੋਮਲ ਦੇ ਗਹਿਨ ਅਨੁਭਵ, ਚਿੰਤਨ ਵਿੱਚੋਂ ਉਪਜੇ ਉਸਾਰੂ ਵਿਚਾਰਾਂ ਅਤੇ ਮਿਹਨਤ ਨੇ ਆਪਣੀ ਭੂਮਿਕਾ ਨਿਭਾਈ ਹੈ।
ਹੱਥਲੀ ਪੁਸਤਕ ਵਿੱਚ ਸੰਤਾਲੀ ਨਿਬੰਧ ਸ਼ਾਮਲ ਹਨ। ਹਰ ਲੇਖ ਵਿੱਚ ਸਿਰਲੇਖ ਨਾਲ ਸਬੰਧਿਤ ਲੜੀਬੱਧ ਅਤੇ ਕੜੀਬੱਧ ਵਿਚਾਰ ਗਹਿਨਤਾ ਨਾਲ ਪੇਸ਼ ਕੀਤੇ ਗਏ ਹਨ। ਉਸ ਦੇ ਨਿਬੰਧਾਂ ਦੇ ਵਾਕ ਵਿਸ਼ੇਸ਼ ਖਿੱਚ ਦੇ ਧਾਰਨੀ ਹਨ। ਅਜਿਹੇ ਬਹੁਤ ਸਾਰੇ ਵਾਕ ਉਸ ਦੇ ਨਿਬੰਧਾਂ ਵਿੱਚ ਦਿਖਾਈ ਦਿੰਦੇ ਹਨ ਜਿਨ੍ਹਾਂ ਪਿੱਛੇ ਡੂੰਘਾ ਅਨੁਭਵ ਸਮਾਇਆ ਹੋਇਆ ਹੈ। ਸਾਰੇ ਨਿਬੰਧਾਂ ਵਿੱਚ ਇੱਕ ਖਿੱਚ ਹੈ ਜਿਹੜੀ ਪਾਠਕ ਨੂੰ ਜੋੜੀ ਰੱਖਦੀ ਹੈ। ਇਸ ਕਾਰਜ ਦੀ ਇੱਕ ਸੀਮਾ ਹੈ ਜਿਸ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਡਾਕਟਰ ਸੋਮਲ ਦੀ ਵਾਰਤਕ ਵਿਲੱਖਣ ਹੈ। ਉਹ ਮੰਨ ਕੇ ਚਲਦਾ ਹੈ ਕਿ ਹਰ ਵਾਰਤਕਕਾਰ ਆਪਣੀ ਲਿਖਤ ਵਿੱਚ ਆਪਣੀ ਸ਼ਖ਼ਸੀਅਤ ਅਨੁਸਾਰ ਅਨੂਠਾ ਰੰਗ ਭਰਦਾ ਹੈ। ਇਸ ਪੁਸਤਕ ਵਿੱਚ ਵੀ ਅਨੂਠਾ ਰੰਗ ਦੇਖਣ ਨੂੰ ਮਿਲਦਾ ਹੈ ਜਿਸ ਪਿੱਛੇ ਉਸ ਦਾ ਵਿਸ਼ਾਲ ਗਿਆਨ ਅਤੇ ਜੀਵਨ ਦਾ ਅਮੀਰ ਅਨੁਭਵ ਹੈ। ਇਹ ਪੁਸਤਕ ਜ਼ਿੰਦਗੀ ਜਿਊਣ ਵਿੱਚ ਸਾਰਥਕ ਸੇਧ ਦਿੰਦੀ ਹੈ।
ਸੰਪਰਕ: 94172-25942