ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਰੰਗਾਰੰਗ ਪ੍ਰੋਗਰਾਮ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 15 ਦਸੰਬਰ
ਇੱਥੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦਾ 28ਵਾਂ ਸਾਲਾਨਾ ਸਮਾਗਮ ਸਕੂਲ ਦੇ ਆਡੀਟੋਰੀਅਮ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਵਿਦਿਆਰਥੀਆਂ ਨੇ ਆਪਣੀ ਰਚਨਾਤਮਕ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ਗਤੀਵਿਧੀਆਂ ਨਾਲ ਸਮਾਗਮ ਵਿੱਚ ਆਏ ਮਾਪਿਆਂ ਤੇ ਮਹਿਮਾਨਾਂ ਨੂੰ ਆਕਰਿਸ਼ਤ ਕੀਤਾ। ਇਸ ਮੌਕੇ ਭਾਜਪਾ ਆਗੂ ਮਾਸਟਰ ਸੁਭਾਸ਼ ਚੰਦ ਕਲਸਾਣਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਤੇ ਕੁਲਵੰਤ ਸਿੰਘ ਰਫੀਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਆਰੰਭਤਾ ਮੁੱਖ ਮਹਿਮਾਨ , ਵਿਸ਼ੇਸ਼ ਮਹਿਮਾਨ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਸ਼ਮ੍ਹਾਂ ਰੋਸ਼ਨ ਕਰ ਕੇ ਕੀਤੀ ਗਈ। ਇਸ ਮੌਕੇ ਬੋਲਦਿਆਂ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਕਿਹਾ ਕਿ ਸਾਲਾਨਾ ਸਮਾਗਮ ਸਿਰਫ ਇਕ ਸਮਾਗਮ ਹੀ ਨਹੀਂ ਹੈ ,ਸਗੋਂ ਇਹ ਸਾਡੇ ਵਿਦਿਆਰਥੀਆਂ ਦੀ ਮਿਹਨਤ ,ਰਚਨਾਤਮਕਿਤਾ ਤੇ ਆਤਮ ਵਿਸ਼ਵਾਸ਼ ਦਾ ਜਸ਼ਨ ਹੈ। ਸਮਾਗਮ ਦੀ ਸ਼ੁਰੂਆਤ ਪ੍ਰੀ ਨਰਸਰੀ ਦੇ ਬੱਚਿਆਂ ਦੀ ਦਿਲ ਨੂੰ ਛੂਹ ਲੈਣ ਵਾਲੀ ਪੇਸ਼ਕਾਰੀ ਨਾਲ ਹੋਈ। ਬੱਚਿਆਂ ਵੱਲੋਂ ਰਾਜਸਥਾਨੀ ਲੋਕ ਨਾਚ ਜਿਹੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਬੱਚਿਆਂ ਨੇ ਕਵਾਲੀ, ਭੰਗੜਾ, ਗੁਜਰਾਤੀ ,ਹਰਿਆਣਵੀ ,ਬਾਲੀਵੁੱਡ,ਮੀਰਾ ਬਾਈ, ਨਰ ਸਿੰਘ ਅਵਤਾਰ ਨ੍ਰਿਤ ਤੇ ਲੋਕ ਨਾਚ ਰਾਹੀਂ ਆਪਣੀਆਂ ਗਤੀਵਿਧੀਆਂ ਪੇਸ਼ ਕੀਤੀਆਂ। ਅਧਿਆਪਕਾ ਨੀਲਮ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ। ਮੁੱਖ ਮਹਿਮਾਨ ਸੁਭਾਸ਼ ਕਲਸਾਣਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਹਮੇਸ਼ਾ ਅੱਗੇ ਵਧਣ ਲਈ ਤੇ ਟੀਚਾ ਨਿਰਧਾਰਤ ਕਰ ਕੇ ਉਸ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਲਈ ਆਖਿਆ। ਉਨ੍ਹਾਂ ਵਿਦਿਆਰਥੀਆਂ ਨੂੰ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਕੁਲਵੰਤ ਸਿੰਘ ਰਫੀਕ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਧਿਆਨ ਦੇਣ ਤੇ ਸਫਲਤਾ ਦੀ ਪੌੜੀ ਚੜ੍ਹਨ ਲਈ ਸਖਤ ਮਿਹਨਤ ਕਰਨ ਦੀ ਅਪੀਲ ਕੀਤੀ। ਸਕੂਲ ਵਿੱਚ ਵੱਖ ਵੱਖ ਗਤੀਵਿਧੀਆਂ ਤੇ ਹੋਰ ਖੇਤਰਾਂ ਵਿਚ ਵਿਸ਼ੇਸ਼ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਅਧਿਆਪਕ ਮਮਤਾ ਜੈਨ ਤੇ ਕੋਨਿਕਾ ਨੇ ਬਾਖੂਬੀ ਕੀਤਾ। ਸਕੂਲ ਦੇ ਵਾਈਸ ਪ੍ਰਿੰਸੀਪਲ ਸਤਬੀਰ ਸਿੰਘ ਨੇ ਆਏ ਪਤਵੰਤਿਆਂ ਤੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਮਨੋਜ ਭਸੀਨ, ਕੋਆਰਡੀਨੇਟਰ ਮਨਿੰਦਰ ਸਿੰਘ ਘੁੰਮਣ, ਡਾ. ਕੁਲਦੀਪ ਸਿੰਘ ਢੀਂਡਸਾ, ਦੀਪਕ ਅਨੰਦ, ਤਰਲੋਚਨ ਸਿੰਘ ਹਾਂਡਾ, ਜਗਦੇਵ ਸਿੰਘ ਗਾਬਾ, ਆਰਕੇ ਗਰਗ, ਡਾ. ਗੁਰਦੀਪ ਸਿੰਘ ਹੇਰ, ਪਰਮਜੀਤ ਪਾਹਵਾ, ਐੱਸਐੱਸ ਬਾਜਵਾ, ਬਲਦੇਵ ਰਾਜ ਸੇਠੀ, ਸਕੂਲ ਪ੍ਰਧਾਨ ਸੰਤੋਸ਼ ਕੌਰ, ਮੋਨਿਕਾ ਘੁੰਮਣ, ਕਾਲਜ ਪ੍ਰਬੰਧਕ ਮੁਕੇਸ਼ ਦੂਆ ਆਦਿ ਤੋਂ ਇਲਾਵਾ ਸਕੂਲ ਸਟਾਫ ਮੈਂਬਰ ਮੌਜੂਦ ਸਨ।