ਕਲੋਨੀ ਵਾਸੀਆਂ ਵੱਲੋਂ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ
ਸਰਬਜੀਤ ਸਿੰਘ ਭੱਟੀ
ਲਾਲੜੂ, 28 ਜੁਲਾਈ
ਸਥਾਨਕ ਗੁਲਮੋਹਰ ਸਿਟੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਅੱਜ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਕਾਲੋਨੀ ਵਿਚ ਸੜਕਾਂ, ਸੀਵਰੇਜ ਤੇ ਪੱਕੀਆਂ ਨਾਲੀਆਂ ਨਾ ਹੋਣ ਕਰ ਕੇ ਬਰਸਾਤਾਂ ਕਾਰਨ ਕਲੋਨੀ ਵਿੱਚ ਪਾਣੀ ਭਰਿਆ ਹੋਇਆ ਹੈ। ਇਸ ਕਰ ਕੇ ਲੋਕਾਂ ਨੂੰ ਆਉਣ-ਜਾਣ ਵਿਚ ਦਿੱਕਤ ਆਉਂਦੀ ਹੈ।
ਗੁਲਮੋਹਰ ਸਿਟੀ ਵਨ ਲਾਲੜੂ ’ਚ ਜਨਰਲ ਮੀਟਿੰਗ ਅੱਜ ਐਸੋਸੀਏਸ਼ਨ ਦੇ ਸਲਾਹਕਾਰ ਵਿਨੋਦ ਚੁੱਘ ਤੇ ਪ੍ਰਧਾਨ ਰਾਕੇਸ਼ ਸੈਣੀ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਉਨ੍ਹਾਂ ਨਗਰ ਕੌਂਸਲ ਦੇ ਅਫ਼ਸਰਾਂ ਵੱਲੋਂ ਹਾਈ ਕੋਰਟ ਦੇ ਆਦੇਸ਼ਾਂ ਦੀ ਲਗਾਤਾਰ ਉਲੰਘਣਾ ਕਰਨ ਦਾ ਦੋਸ਼ ਵੀ ਲਾਇਆ ਹੈ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਵੱਲੋਂ ਦੋ ਮਹੀਨਿਆਂ ਦੇ ਅੰਦਰ ਕਲੋਨੀ ਵਿੱਚ ਕੰਮ ਪੂਰਾ ਕਰਨ ਲਈ ਕਿਹਾ ਗਿਆ ਸੀ। ਏਡੀਸੀ ਡਿਵੈਲਪਮੈਂਟ ਮੁਹਾਲੀ ਵੱਲੋਂ 22 ਜਨਵਰੀ 2024 ਨੂੰ ਅਦਾਲਤ ਦੇ ਆਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਕੰਮ ਨੂੰ ਛੇਤੀ ਮੁਕੰਮਲ ਕਰਨ ਲਈ ਕਿਹਾ ਗਿਆ ਸੀ ਪਰ ਕੌਂਸਲ ਦੇ ਅਫ਼ਸਰਾਂ ਵੱਲੋਂ ਹੁਣ ਤਕ ਕੋਈ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ ਹੈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 30 ਜੁਲਾਈ ਨੂੰ ਨਗਰ ਕੌਂਸਲ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਚੋਣ ਜ਼ਾਬਤੇ ਕਾਰਨ ਕੰਮ ਰੁਕਿਆ: ਈਓ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਇਸ ਕੰਮ ਸਬੰਧੀ ਟੈਂਡਰ ਚੋਣਾਂ ਦੌਰਾਨ ਲੱਗ ਗਿਆ ਸੀ, ਜੋ ਚੋਣ ਜ਼ਾਬਤੇ ਕਾਰਨ ਰੁਕ ਗਿਆ ਸੀ। ਅਗਲੇ ਹਫ਼ਤੇ ਇਸ ਕਲੋਨੀ ਦੇ ਕੰਮ ਸਬੰਧੀ ਟੈਂਡਰ ਖੁੱਲ੍ਹ ਜਾਣਗੇ ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।