ਟਰੈਕਟਰ-ਟਰਾਲੀ ਨਾਲ ਰੇਲ ਗੱਡੀ ਦੀ ਟੱਕਰ
ਪਾਲ ਸਿੰਘ ਨੌਲੀ
ਜਲੰਧਰ,1 ਸਤੰਬਰ
ਜਲੰਧਰ-ਹੁਸ਼ਿਆਰਪੁਰ ਰੇਲ ਮਾਰਗ ’ਤੇ ਰੇਲ ਗੱਡੀ ਇਕ ਟਰੈਕਟਰ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਰੇਲ ਯਾਤਰੀ ਵਾਲ-ਵਾਲ ਬਚ ਗਏ। ਇਹ ਹਾਦਸਾ ਆਦਮਪੁਰ ਨੇੜੇ ਹੋਇਆ।
ਜਾਣਕਾਰੀ ਅਨੁਸਾਰ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਯਾਤਰੀ ਰੇਲ ਗੱਡੀ ਕਠਾਰ ਲੰਘ ਕੇ ਪਿੰਡ ਮੰਡੇਰਾਂ ਨੇੜੇ ਪੁੱਜੀ ਤਾਂ ਉੱਥੇ ਲਾਈਨਾਂ ਪਾਰ ਰਹੇ ਟਰੈਕਟਰ ਟਰਾਲੀ ਨਾਲ ਜਾ ਟਕਰਾਈ। ਰੇਲਵੇ ਅਧਿਕਾਰੀਆਂ ਅਨੁਸਾਰ ਰੇਲ ਲਾਂਘੇ ’ਤੇ ਟਰੈਕਟਰ ਲੰਘ ਗਿਆ ਸੀ ਪਰ ਟਰਾਲੀ ਦਾ ਪਿਛਲਾ ਪਾਸਾ ਗੱਡੀ ਨਾਲ ਟਕਰਾ ਗਿਆ। ਇਸ ਨਾਲ ਰੇਲ ਇੰਜਣ ਦੇ ਨਾਲ ਵਾਲੇ ਡੱਬੇ ਦਾ ਕੁਝ ਨੁਕਸਾਨ ਹੋਇਆ ਜਦ ਕਿ ਟਰਾਲੀ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਵਿਭਾਗ ਦੇ ਅਧਿਕਾਰੀ ਹਾਦਸੇ ਵਾਲੀ ਥਾਂ ਪੁੱਜੇ। ਦੱਸਣਾ ਬਣਦਾ ਹੈ ਕਿ ਇਹ ਰੇਲ ਲਾਂਘਾ ਅਧਿਕਾਰਿਤ ਨਹੀਂ ਹੈ ਤੇ ਇਲਾਕੇ ਦੇ ਲੋਕਾਂ ਨੇ ਆਪਣੀ ਸਹੂਲਤ ਲਈ ਹੀ ਇਸ ਨੂੰ ਬਣਾਇਆ ਹੋਇਆ ਹੈ। ਇਸ ਲਾਂਘੇ ’ਤੇ ਵੀ ਲੋਕ ਲਾਪ੍ਰਵਾਹ ਹੋ ਕੇ ਲੰਘਦੇ ਹਨ ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। ਰੇਲਵੇ ਵਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਕਮੇਟੀ ਵੀ ਬਣਾ ਦਿੱਤੀ ਗਈ ਹੈ ਤੇ ਹਾਦਸੇ ਲਈ ਜ਼ਿੰਮੇਵਾਰਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।