ਕੈਂਟਰ ਤੇ ਟੈਂਕਰ ਵਿਚਾਲੇ ਟੱਕਰ; ਡਰਾਈਵਰ ਹਲਾਕ
ਜਗਜੀਤ ਿਸੰਘ
ਮੁਕੇਰੀਆਂ, 8 ਅਗਸਤ
ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਪੈਂਦੇ ਕਸਬਾ ਐਮਾਂ ਮਾਂਗਟ ਕੋਲ ਅੱਜ ਸਵੇਰੇ ਕਬੀਬ 5 ਵਜੇ ਕੈਂਟਰ ਅਤੇ ਟੈਂਕਰ ਦਰਮਿਆਨ ਹੋਈ ਭਿਆਨਕ ਟੱਕਰ ਵਿੱਚ ਕੈਂਟਰ ਦੇ ਡਰਾਈਵਰ ਦੀ ਮੌਤ ਹੋ ਗਈ, ਜਦੋਂ ਕਿ ਸਹਾਇਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇੱਕ ਕੈਂਟਰ ਨੰਬਰ-ਐਚ ਆਰ 61 ਈ 0199 ਦਿੱਲੀ ਤੋਂ ਜੰਮੂ ਵੱਲ ਨੂੰ ਜਾ ਰਿਹਾ ਸੀ। ਇਹ ਕੈਂਟਰ ਜਦੋਂ ਕਸਬਾ ਐਮਾਂ ਮਾਂਗਟ ਕੋਲ ਪੁੱਜਾ ਤਾਂ ਉੱਥੇ ਸੜਕ ਕਿਨਾਰੇ ਖੜ੍ਹੇ ਇੱਕ ਵੱਡੇ ਟੈਂਕਰ ਨੰਬਰ- ਪੀ ਬੀ 65 ਬੀਈ 3802 ਦੇ ਪਿੱਛੇ ਜਾ ਟਕਰਾਇਆ। ਇਸ ਭਿਆਨਕ ਹਾਦਸੇ ਵਿੱਚ ਕੈਂਟਰ ਦੇ ਡਰਾਈਵਰ ਰਣਜੀਤ ਸਿੰਘ (31) ਪੁੱਤਰ ਬਲਬੀਰ ਸਿੰਘ ਪਿੰਡ ਮਹਿਮਦੋਵਾਲ ਖੁਰਦ, ਜਿ਼ਲ੍ਹਾ ਹੁਸ਼ਿਆਰਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦ ਕਿ ਗੰਭੀਰ ਜ਼ਖ਼ਮੀ ਫਸੇ ਹੋਏ ਸਹਾਇਕ ਬਿੱਲਾ ਨਿਵਾਸੀ ਮੰਡੀ ਪੁਰਹੀਰਾਂ ਹੁਸ਼ਿਆਰਪੁਰ ਨੂੰ ਲੋਕਾਂ ਵੱਲੋਂ ਲਗਪਗ ਇਕ ਘੰਟੇ ਦੀ ਭਾਰੀ ਜੱਦੋ- ਜਹਿਦ ਨਾਲ ਬਾਹਰ ਕੱਢ ਕੇ ਐਮਬੂਲੈਂਸ ਰਾਹੀਂ ਮੁਕੇਰੀਆਂ ਦੇ ਸਿਵਲ ਹਸਪਤਾਲ ਵਿਖੇ ਪੁਹੰਚਾਇਆ ਗਿਆ। ਹਾਦਸਾ ਇੰਨ੍ਹਾ ਭਿਆਨਕ ਸੀ ਕਿ ਕੈਂਟਰ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਮੌਕੇ ਉੱਤੇ ਪੁੱਜੀ ਹਾਈ ਵੇਅ ਪੇਟ੍ਰੋਲਿੰਗ ਅਤੇ ਮੁਕੇਰੀਆਂ ਪੁਲਿਸ ਵੱਲੋਂ ਹਾਦਸੇ ਵਿੱਚ ਮ੍ਰਿਤਕ ਡਰਾਈਵਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਕੇਰੀਆਂ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।