ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੋਲੀਨ ਗੈਂਟਜ਼ਰ ਜਿਸ ਨੇ ਭਾਰਤ ਦੀ ਧੜਕਣ ਸੁਣੀ ਤੇ ਫਿਰ ਸੁਣਾਈ

06:16 AM Nov 09, 2024 IST

ਡਾ. ਕ੍ਰਿਸ਼ਨ ਕੁਮਾਰ ਰੱਤੂ
Advertisement

ਭਾਰਤ ਦੇ ਸੈਰ-ਸਪਾਟਾ ਲੇਖਕ ਅਤੇ ਪੱਤਰਕਾਰ ਦੇ ਤੌਰ ’ਤੇ ਕੋਲੀਨ ਗੈਂਟਜ਼ਰ ਅਤੇ ਹਿਊਗ ਗੈਂਟਜ਼ਰ ਜੋੜੀ ਦਾ ਵੱਡਾ ਨਾਮ ਹੈ। ਇਸ ਜੋੜੀ ਦੀ ਜਿੰਦ-ਜਾਨ ਕੋਲੀਨ ਗੈਂਟਜ਼ਰ ਦਾ ਸ਼ੁੱਕਰਵਾਰੀਂ ਮਸੂਰੀ ਵਿੱਚ ਉਸ ਦੇ ਘਰ ਓਕ ਬਰੂਕ ਵਿੱਚ ਦੇਹਾਂਤ ਹੋ ਗਿਆ। ਇਹ ਜੋੜੀ ਭਾਰਤ ਦੇ ਇਤਿਹਾਸ ਦੀ ਪ੍ਰਤੀਕ ਹੈ ਜਿਸ ਨੇ ਭਾਰਤ ਦੇ ਜਨ-ਜੀਵਨ ਨੂੰ ਨੇੜਿਓਂ ਦੇਖਿਆ ਅਤੇ ਉਨ੍ਹਾਂ ਨੂੰ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਪਰੋਇਆ ਕਿ ਅੱਜ ਦੁਨੀਆ ਭਰ ਦੇ ਅੰਗਰੇਜ਼ੀ ਪਾਠਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਕੋਲੀਨ 90 ਵਰ੍ਹਿਆਂ ਦੀ ਅਜਿਹੀ ਨਰੋਈ ਕੱਦ-ਕਾਠੀ ਵਾਲੀ ਹੱਸਾਸ ਅਤੇ ਬਿੰਦਾਸ ਲੇਖਕ ਸੀ ਜਿਨ੍ਹਾਂ ਦੇ ਕਾਲਮਾਂ ਵਿੱਚ ਅੰਗਰੇਜ਼ੀ ਦੇ ਛੋਟੇ-ਛੋਟੇ ਵਾਕਾਂ ਵਿੱਚ ਇਤਿਹਾਸ, ਕਲਾ, ਆਮ ਲੋਕਾਂ ਨਾਲਾ ਸੰਵਾਦ ਬਾਖੂਬੀ ਪਰੋਇਆ ਜਾਂਦਾ ਸੀ। ਕੋਲੀਨ ਗੈਂਟਜ਼ਰ ਅਤੇ ਉਨ੍ਹਾਂ ਦੇ ਪਤੀ ਹਿਊਗ ਗੈਂਟਜ਼ਰ ਭਾਰਤ ਦੇ ਪਹਿਲੇ ਸੈਰ-ਸਪਾਟਾ ਲੇਖਕ ਹੋਏ ਹਨ ਜਿਨ੍ਹਾਂ ਨੇ ਪੂਰੇ 40 ਸਾਲ ਭਾਰਤ ਦੇ ਇਤਿਹਾਸ ਨੂੰ ਅਲੱਗ-ਅਲੱਗ ਜਗ੍ਹਾ ’ਤੇ ਧੜਕਦਿਆਂ ਦੇਖਿਆ। ਇਸ ਖੇਤਰ ਵਿੱਚ ਉਨ੍ਹਾਂ ਆਪਣੀ ਐਸੀ ਪਛਾਣ ਬਣਾਈ ਕਿ ਉਨ੍ਹਾਂ ਨੂੰ ਹਮੇਸ਼ਾ ਜਾਣਿਆ ਜਾਂਦਾ ਰਹੇਗਾ।
ਉਹ ਐਂਗਲੋ-ਇੰਡੀਅਨ ਪਰਿਵਾਰ ਵਿੱਚ ਪੈਦਾ ਹੋਣ ਵਾਲੇ ਅਜਿਹੇ ਜੋੜੇ ਸਨ ਜਿਨ੍ਹਾਂ ਕੇਰਲ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਘੁੰਮਦਿਆਂ ਪੂਰੇ ਭਾਰਤ ਨੂੰ ਉਨ੍ਹਾਂ ਥਾਵਾਂ ਦੀ ਧੜਕਣ ਨਾਲ ਜੋੜ ਕੇ ਪਾਠਕਾਂ ਅੱਗੇ ਪੇਸ਼ ਕੀਤਾ। ਇਸ ਜੋੜੀ ਦੀ ਵੱਡੀ ਖਾਸੀਅਤ ਇਹ ਸੀ ਕਿ ਉਨ੍ਹਾਂ ਭਾਰਤ ਦੇ ਆਮ ਲੋਕਾਂ ਬਾਰੇ ਖੁੱਲ੍ਹ ਕੇ ਲਿਖਿਆ। ਉਨ੍ਹਾਂ ਦੀਆਂ ਖਿੱਚੀਆਂ ਹੋਈਆਂ ਤਸਵੀਰਾਂ ਭਾਰਤੀ ਸੈਰ-ਸਪਾਟੇ ਦੇ ਖੇਤਰ ਵਿੱਚ ਆਪਣੀ ਮਿਸਾਲ ਆਪ ਹਨ। ਮਸੂਰੀ ਵਿੱਚ ਵੱਸਣ ਤੋਂ ਪਹਿਲਾਂ ਕੋਲੀਨ ਅਤੇ ਹਿਊਗ ਨੇ ਕੇਰਲ ਵਿੱਚ ਵੀਹ ਵਰ੍ਹੇ ਗੁਜ਼ਾਰੇ। ਮਸੂਰੀ ਵਿੱਚ ਉਨ੍ਹਾਂ 200 ਸਾਲ ਪੁਰਾਣੇ ਝੌਂਪੜੀ ਨੁਮਾ ਘਰ ਨੂੰ ਆਪਣਾ ਸਥਾਈ ਅੱਡਾ ਬਣਾ ਲਿਆ ਸੀ।
ਦੋਹਾਂ ਨੇ ਮਿਲ ਕੇ ਕੰਮ ਕੀਤਾ ਅਤੇ ਅੰਗਰੇਜ਼ੀ ਅਖ਼ਬਾਰ ‘ਦਿ ਇੰਡੀਅਨ ਐਕਸਪ੍ਰੈੱਸ’ ਵਿੱਚ ਉਨ੍ਹਾਂ ਦੀ ਪਹਿਲੀ ਕਾਲਮ-ਯਾਤਰਾ ਸ਼ੁਰੂ ਹੋਈ ਅਤੇ ਫਿਰ ਲਗਾਤਾਰ ਲਿਖਿਆ। ਦੂਰਦਰਸ਼ਨ ਲਈ ਉਨ੍ਹਾਂ 52 ਤੋਂ ਵਧੇਰੇ ਟੈਲੀ ਫਿਲਮਾਂ ਬਣਾਈਆਂ ਜਿਨ੍ਹਾਂ ਵਿੱਚ ਉਨ੍ਹਾਂ ਭਾਰਤ ਦਾ ਇਤਿਹਾਸ ਬਹੁਤ ਬਾਰੀਕੀ ਨਾਲ ਪੇਸ਼ ਕੀਤਾ। ਕੋਲੀਨ ਨੇ ਕਈ ਹਜ਼ਾਰ ਲੇਖ ਅਤੇ 30 ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ। ਉਨ੍ਹਾਂ 35 ਦੇਸ਼ਾਂ ਦੀ ਯਾਤਰਾ ਕੀਤੀ। ਉਹ ਭਾਰਤ ਦੇ ਹਰ ਰਾਜ ਵਿੱਚ ਗਏ। ਕੋਲੀਨ ਨੂੰ ਪੈਸਿਫਿਕ ਏਸ਼ੀਆ ਟਰੈਵਲ ਐਸੋਸੀਏਸ਼ਨ ਨੇ ਸੁਨਹਿਰੀ ਪੁਰਸਕਾਰ ਅਤੇ ਇੰਟਰਨੈਸ਼ਨਲ ਟੂਰਿਜ਼ਮ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ।
ਉਨ੍ਹਾਂ ਨਾਲ ਮੇਰੀ ਪਹਿਲੀ ਮੁਲਾਕਾਤ ‘ਦਿ ਇੰਡੀਅਨ ਐਕਸਪ੍ਰੈੱਸ’ ਵਾਲੇ ਕਾਲਮ ਰਾਹੀਂ ਹੋਈ ਜੋ ਲੰਮੀ ਦੋਸਤੀ ਵਿੱਚ ਬਦਲ ਗਈ। ਦੂਰਦਰਸ਼ਨ ਵਿਚ ਆਪਣੇ ਦੇਹਰਾਦੂਨ ਦੇ ਦਿਨਾਂ ਵਿੱਚ ਜਿੱਥੇ ਮੈਂ ਡਾਇਰੈਕਟਰ ਦੇ ਤੌਰ ’ਤੇ ਕੰਮ ਕੀਤਾ, ਮਸੂਰੀ ਹਰ ਦੂਸਰੇ ਦਿਨ ਉਨ੍ਹਾਂ ਦੇ ਘਰ ਮੁਲਾਕਾਤਾਂ ਹੁੰਦੀਆਂ ਰਹੀਆਂ। ਹਿੰਦੋਸਤਾਨ ਦੇ ਲੋਕਾਂ ਦੀਆਂ ਗੱਲਾਂ ਕਰਦਿਆਂ ਕੋਲੀਨ ਦਾ ਚਿਹਰਾ ਖਿੜ ਜਾਂਦਾ ਸੀ। ਉਨ੍ਹਾਂ ਭਾਰਤੀ ਲੋਕਾਂ ਦੀਆਂ ਆਦਤਾਂ ਅਤੇ ਹੋਰ ਗੱਲਾਂ ਬਾਰੇ ਖੁੱਲ੍ਹ ਕੇ ਲਿਖਿਆ। ਹਿੰਦੋਸਤਾਨ ਨੂੰ ਦੇਖਣ-ਸਮਝਣ ਦੀ ਇਸ ਖੋਜ ਤੋਂ ਪਹਿਲਾਂ ਕੋਲੀਨ ਨੇ ਲਿਊ ਮਿਸ ਕੰਪਨੀ ਵਿੱਚ ਕੰਮ ਕੀਤਾ। ਉਹ ਭਾਰਤ ਪੈਟਰੋਲੀਅਮ ਦੀਆਂ ਗੈਸ ਸਹੂਲਤਾਂ ਵਾਸਤੇ ਵੀ ਕੰਮ ਕਰਦੇ ਰਹੇ।
1970 ਤੋਂ ਲੈ ਕੇ ਅੱਜ ਤੱਕ ਉਨ੍ਹਾਂ ਦੇ ਲੇਖ ਦੁਨੀਆ ਭਰ ਦੀਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ। ਅਸਲ ਵਿੱਚ ਕੋਲੀਨ ਨੂੰ ਜਾਨਣਾ, ਪੜ੍ਹਨਾ ਤੇ ਮਿਲਣਾ ਆਪਣੇ ਆਪ ਵਿੱਚ ਭਾਰਤ ਨੂੰ ਖੋਜਣਾ ਅਤੇ ਪੜ੍ਹਨਾ ਹੈ। ਉਹ ਇਸ ਤਰ੍ਹਾਂ ਸਨ ਜਿਵੇਂ ਉਹ ਸੁਫਨੇ ਤੋਂ ਉੱਠ ਕੇ ਕਿਸੇ ਦੇਖੇ ਹੋਏ ਥਾਂ ਦੀ ਯਾਦ ਵਿੱਚ ਤੁਹਾਨੂੰ ਸਭ ਕੁਝ ਦੱਸ ਰਹੇ ਹੋਣ। ਉਨ੍ਹਾਂ ਦੀਆਂ ਦੀਵਾਰਾਂ ’ਤੇ ਦੇਸ਼ ਵਿਦੇਸ਼ ਦੀਆਂ ਕਲਾ ਕ੍ਰਿਤੀਆਂ ਹਨ ਜਿਨ੍ਹਾਂ ਵਿੱਚ ਰੋਮਨ ਰਾਜਿਆਂ ਤੋਂ ਲੈ ਕੇ ਉਹ ਜਿੱਥੇ ਵੀ ਗਏ, ਉਥੋਂ ਕੁਝ ਨਾ ਕੁਝ ਆਪਣੇ ਘਰ ਲਈ ਲੈ ਕੇ ਆਉਂਦੇ ਸਨ। ਕੱਚ ਦੇ ਮਾਡਲ ਵਿੱਚ ਫੁੱਲ ਅਤੇ ਧੂਫ ਸਜਾਏ ਹੋਏ ਹਨ ਜੋ ਉਨ੍ਹਾਂ ਮਿਆਂਮਾਰ ਤੋਂ ਲਿਆਂਦੇ ਸਨ। ਇਸੇ ਤਰ੍ਹਾਂ ਬਿਹਾਰ ਦੇ ਆਦਿਵਾਸੀਆਂ ਦੀਆਂ ਬਣਾਈਆਂ ਛੋਟੀਆਂ, ਮਿੱਟੀ ਦੀਆਂ ਮੂਰਤੀਆਂ ਵੀ ਉਨ੍ਹਾਂ ਨੇ ਸਜਾਈਆਂ ਹੋਈਆਂ ਸਨ। ਉਨ੍ਹਾਂ ਆਪਣੀਆਂ ਲਿਖਤਾਂ ਵਿੱਚ ਹਰ ਭਾਰਤੀ ਰਾਜ ਦਾ ਚਿਹਰਾ-ਮੋਹਰਾ ਬਾਖੂਬੀ ਉਘਾੜਿਆ। ਉਨ੍ਹਾਂ ਸੈਰ-ਸਪਾਟੇ ਨਾਲ ਸਬੰਧਿਤ ਆਪਣੀਆਂ ਫਿਲਮਾਂ ਅਤੇ ਯਾਤਰਾ ਵਿੱਚ ਲੋਕਾਂ ਦਾ ਇਸ ਤਰ੍ਹਾਂ ਚਿਤਰਨ ਕੀਤਾ ਕਿ ਤੁਸੀਂ ਪੜ੍ਹ ਕੇ ਅਸ਼-ਅਸ਼ ਕਰ ਉੱਠਦੇ ਹੋ। ਉਨ੍ਹਾਂ ਜੋਸ਼ੀ ਮੱਠ ਅਤੇ ਬਦਰੀ ਨਾਥ ਵਿੱਚ ਪਿਛਲੇ ਸਮੇਂ ਦੌਰਾਨ ਦਰਾੜਾਂ ਬਾਰੇ ਬਹੁਤ ਪਹਿਲਾਂ ਖ਼ਬਰਦਾਰ ਕਰ ਦਿੱਤਾ ਸੀ।
ਮਸੂਰੀ ਵਿੱਚ ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਮੇਰੀਆਂ ਯਾਦਾਂ ਦੀਆਂ ਉਹ ਘੜੀਆਂ ਹਨ ਜਿਨ੍ਹਾਂ ਨੂੰ ਮੈਂ ਭੁਲਾ ਨਹੀਂ ਸਕਦਾ। 35 ਸਾਲ ਪੁਰਾਣੀ ਦੋਸਤੀ ਅਤੇ ਉਨ੍ਹਾਂ ਦੇ ਘਰ ਕੌਫ਼ੀ ਤੇ ਚਾਹ ’ਚੋਂ ਉੱਠਦੀ ਹੋਈ ਰੋਮਾਂਚਕ ਖੁਸ਼ਬੂ, ਦੂਰ ਹਿਮਾਲੀਆ ਦੇ ਪਹਾੜਾਂ ਦਾ ਦਿਸਦਾ ਬਰਫ਼ ਨਾਲ ਲੱਦਿਆ ਕਲਸ਼ ਅੱਜ ਵੀ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੀ ਲਿਖਣ ਸ਼ੈਲੀ ਇਸ ਤਰ੍ਹਾਂ ਦੀ ਸੀ ਜਿਵੇਂ ਉਨ੍ਹਾਂ ਦੇ ਸ਼ਬਦ ਤੁਹਾਡੇ ਨਾਲ ਗੱਲਾਂ ਕਰ ਰਹੇ ਹੋਣ।
ਕੋਲੀਨ ਗੈਂਟਜ਼ਰ ਬੇਪਨਾਹ ਮੁਹੱਬਤ ਦੀ ਭਰੀ ਹੋਈ ਔਰਤ ਅਤੇ ਦੋਸਤ ਸਨ। ਉਨ੍ਹਾਂ ਭਾਰਤ ਦੇ ਹਰ ਭਾਈਚਾਰੇ ਅਤੇ ਉਨ੍ਹਾਂ ਨਾਲ ਸਬੰਧਿਤ ਚੀਜ਼ਾਂ ਬਾਰੇ ਲਿਖਿਆ; ਜਿਵੇਂ, ਭਾਰਤੀ ਸੜਕਾਂ ਦੇ ਟੋਇਆਂ ਬਾਰੇ ਕੋਲੀਨ ਦੱਸਦੀ ਹੈ ਕਿ ਉਨ੍ਹਾਂ ਵੈਸਪਾ ਸਕੂਟਰ ਤੋਂ ਘੁੰਮਦਿਆਂ-ਫਿਰਦਿਆਂ ਕੋਚੀਨ ਤੋਂ ਆਪਣੀਆਂ ਯਾਦਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਫਿਰ ਨੌਕਰੀ ਕਰਦਿਆਂ ਆਪਣੀ ਪੁਰਾਣੀ ਕਾਰ ’ਤੇ ਲੰਮੀਆਂ ਯਾਤਰਾਵਾਂ ਕੀਤੀਆਂ।
ਕੋਲੀਨ ਗੈਂਟਜ਼ਰ ਦੇ ਤੁਰ ਜਾਣ ਨਾਲ ਪਾਠਕ ਅਤੇ ਉਨ੍ਹਾਂ ਦੇ ਦੋਸਤ ਉਨ੍ਹਾਂ ਦੀ ਖੂਬਸੂਰਤ ਲੇਖਣੀ ਦੇ ਉਨ੍ਹਾਂ ਸ਼ਬਦਾਂ ਤੋਂ ਮਹਿਰੂਮ ਹੋ ਗਏ ਹਨ ਜਿਨ੍ਹਾਂ ਦੀ ਹਰ ਹਫ਼ਤੇ ਉਨ੍ਹਾਂ ਦੇ ਕਾਲਮ ਵਿੱਚ ਇੰਤਜ਼ਾਰ ਰਹਿੰਦੀ ਸੀ।... ਅਲਵਿਦਾ ਕੋਲਿਨ।
*ਲੇਖਕ ਦੂਰਦਰਸ਼ਨ ਦੇ ਸਾਬਕਾ ਉਪ ਮਹਾਂ ਨਿਰਦੇਸ਼ਕ ਹਨ।
ਸੰਪਰਕ: 94787-30156

Advertisement
Advertisement